ਅਦਾਕਾਰਾ ਅਨੰਨਿਆ ਪਾਂਡੇ ਮਾਸੀ ਬਣੀ
ਮੁੰਬਈ: ਅਦਾਕਾਰਾ ਅਨੰਨਿਆ ਪਾਂਡੇ ਮਾਸੀ ਬਣ ਗਈ ਹੈ। ਉਸ ਦੀ ਚਚੇਰੀ ਭੈਣ ਅਲਾਨਾ ਪਾਂਡੇ ਨੇ ਆਪਣੇ ਜੇਠੇ ਪੁੱਤਰ ਨੂੰ ਜਨਮ ਦਿੱਤਾ ਹੈ। ਅਲਾਨਾ, ਇੱਕ ਸੋਸ਼ਲ ਮੀਡੀਆ ਸ਼ਖਸੀਅਤ ਹੈ, ਜੋ ਚਿੱਕੀ ਪਾਂਡੇ ਦੀ ਧੀ ਹੈ। ਜ਼ਿਕਰਯੋਗ ਹੈ ਕਿ ਚਿੱਕੀ ਪਾਂਡੇ, ਅਨੰਨਿਆ ਦੇ ਪਿਤਾ ਚੰਕੀ ਪਾਂਡੇ ਅਤੇ ਡੀਨ ਪਾਂਡੇ ਦਾ ਭਰਾ ਹੈ। ਅਲਾਨਾ ਪਾਂਡੇ ਨੇ ਆਪਣੇ ਪਤੀ ਆਈਵਰ ਮੈਕਕਰੇ ਨਾਲ ਇਸ ਸਬੰਧੀ ਇੰਸਟਾਗ੍ਰਾਮ ’ਤੇ ਪੋਸਟ ਵੀ ਸਾਂਝੀ ਕੀਤੀ ਹੈ। ਤਸਵੀਰ ਵਿੱਚ ਜੋੜੇ ਨੇ ਬੱਚੇ ਨੂੰ ਗੋਦੀ ਚੁੱਕਿਆ ਹੋਇਆ ਹੈ। ਤਸਵੀਰ ਹੇਠਾਂ ਕੈਪਸ਼ਨ ਦਿੱਤਾ ਹੈ, ‘ਸਾਡਾ ਛੋਟਾ ਦੂਤ ਇੱਥੇ ਹੈ।’ ਉਧਰ ਅਨੰਨਿਆ ਨੇ ਇਸ ਸਬੰਧੀ ਇੰਸਟਾਗ੍ਰਾਮ ’ਤੇ ਪੋਸਟ ਸਾਂਝੀ ਕੀਤੀ ਹੈ। ਉਸ ਨੇ ਕੈਪਸ਼ਨ ਵਿੱਚ ਲਿਖਿਆ ਹੈ, ‘ਆਹ ਦੇਖੋ ਮੇਰਾ ਸੁੰਦਰ ਬੇਬੀ ਬੁਆਏ ਭਤੀਜਾ।’ ਅਲਾਨਾ ਅਤੇ ਮੈਕਕਰੇ ਦਾ ਮਾਰਚ 2023 ਵਿੱਚ ਵਿਆਹ ਹੋਇਆ ਸੀ। ਇਸ ਵਿੱਚ ਸੁਪਰਸਟਾਰ ਸ਼ਾਹਰੁਖ ਖਾਨ, ਪਤਨੀ ਗੌਰੀ ਖਾਨ, ਗਾਇਕਾ ਕਨਿਕਾ ਕਪੂਰ, ਨੰਦਿਤਾ ਮਹਿਤਾਨੀ ਅਤੇ ਵਿਦਯੁਤ ਜਾਮਵਾਲ ਵਰਗੀਆਂ ਉੱਘੀਆਂ ਸ਼ਖ਼ਸੀਅਤਾਂ ਸ਼ਾਮਲ ਹੋਈਆਂ ਸਨ। ਅਨੰਨਿਆ ਨੂੰ ਆਖਰੀ ਵਾਰ ਅਰਜੁਨ ਵਰਾਇਣ ਸਿੰਘ ਦੀ ਫ਼ਿਲਮ ‘ਖੋ ਗਏ ਹਮ ਕਹਾਂ’ ਵਿੱਚ ਦੇਖਿਆ ਗਿਆ ਸੀ। ਉਹ ਅਗਲੀ ਵਾਰ ਫ਼ਿਲਮ ‘ਕਾਲ ਮੀ ਬੇਅ’ ਵਿੱਚ ਨਜ਼ਰ ਆਵੇਗੀ। ਇਸ ਫ਼ਿਲਮ ਵਿੱਚ ਇੱਕ ਅਰਬਪਤੀ ਫੈਸ਼ਨਿਸਟ, ਬੇਅ ਦੀ ਕਹਾਣੀ ਨੂੰ ਦਰਸਾਇਆ ਗਿਆ ਹੈ। ਕੋਲਿਨ ਡੀ’ਕੁਨਹਾ ਵੱਲੋਂ ਬਣਾਈ ਇਸ ਫ਼ਿਲਮ ਨੂੰ ਜਲਦੀ ਹੀ ਪ੍ਰਾਈਮ ਵੀਡੀਓ ’ਤੇ ਸਟ੍ਰੀਮ ਕੀਤਾ ਜਾਵੇਗਾ। -ਆਈਏਐੱਨਐੱਸ