ਅਦਾਕਾਰ ਸੈਮੂਅਲ ਜੌਨ ‘ਮਾ. ਤਰਲੋਚਨ ਸਿੰਘ ਯਾਦਗਾਰੀ ਐਵਾਰਡ’ ਨਾਲ ਸਨਮਾਨਿਤ
ਡੀ ਪੀ ਐੱਸ ਬੱਤਰਾ
ਸਮਰਾਲਾ, 26 ਨਵੰਬਰ
ਲੇਖਕ ਮੰਚ ਸਮਰਾਲਾ ਵੱਲੋਂ ਮੰਚ ਦੇ ਬਾਨੀ ਮੈਂਬਰ ਮਰਹੂਮ ਮਾ. ਤਰਲੋਚਨ ਸਿੰਘ ਯਾਦਗਾਰੀ ਸਮਾਗਮ ਕਿੰਡਰ ਗਾਰਟਨ ਸੀਨੀਅਰ ਸੈਕੰਡਰੀ ਸਕੂਲ ਵਿੱਚ ਕਰਵਾਇਆ ਗਿਆ। ਸਮਾਗਮ ਦੇ ਪਹਿਲੇ ਸੈਸ਼ਨ ਦੀ ਪ੍ਰਧਾਨਗੀ ਪੰਜਾਬ ਸੰਗੀਤ ਨਾਟਕ ਅਕੈਡਮੀ ਦੇ ਪ੍ਰਧਾਨ ਅਸ਼ਵਨੀ ਚੈਟਲੇ ਨੇ ਕੀਤੀ। ਭ੍ਰਿਸ਼ਟਾਚਾਰ ਵਿਰੋਧੀ ਫਰੰਟ ਦੇ ਸਰਪ੍ਰਸਤ ਕਮਾਂਡੈਂਟ ਰਸਪਾਲ ਸਿੰਘ ਨੇ ਵੀ ਸਮਾਗਮ ਵਿੱਚ ਸ਼ਿਰਕਤ ਕੀਤੀ। ਇਸ ਉਪਰੰਤ ਪ੍ਰੋ. ਹਮਦਰਦਵੀਰ ਨੌਸ਼ਹਿਰਵੀ ਯਾਦਗਾਰੀ ਕਮੇਟੀ ਨੇ ‘ਪ੍ਰੋ. ਹਮਦਰਦਵੀਰ ਨੌਸ਼ਹਿਰਵੀ ਯਾਦਗਾਰੀ ਐਵਾਰਡ’ ਵੰਡੇ ਜਿਨ੍ਹਾਂ ਵਿੱਚ ਮਾ. ਤਰਲੋਚਨ ਦਾ ਪਰਿਵਾਰ, ਕਹਾਣੀਕਾਰ ਮੁਖਤਿਆਰ ਸਿੰਘ ਖੰਨਾ, ਪ੍ਰਸਿੱਧ ਗ਼ਜ਼ਲਗੋ ਐੱਸ. ਨਸੀਮ ਅਤੇ ਪਵਨਦੀਪ ਖੰਨਾ ਸ਼ਾਮਲ ਸਨ। ਸਨਮਾਨਿਤ ਹਸਤੀਆਂ ਨੂੰ ਇੱਕਵੰਜਾ-ਇੱਕਵੰਜਾ ਸੌ ਰੁਪਏ, ਯਾਦਗਾਰੀ ਚਿੰਨ੍ਹ, ਲੋਈ ਅਤੇ ਸਨਮਾਨ ਪੱਤਰ ਦਿੱਤੇ ਗਏ। ਸਨਮਾਨ ਪੱਤਰ ਪੜ੍ਹਨ ਵਾਲਿਆਂ ਵਿੱਚ ਨਿਰੰਜਨ ਸੂਖ਼ਮ, ਹਰਜਿੰਦਰਪਾਲ ਸਮਰਾਲਾ ਅਤੇ ਹਰਬੰਸ ਮਾਲਵਾ ਸ਼ਾਮਲ ਸਨ।
ਅਗਲੇ ਭਾਗ ਵਿੱਚ ਸਟੇਜ ਅਤੇ ਫ਼ਿਲਮੀ ਕਲਾਕਾਰ ਸੈਮੂਅਲ ਜੌਨ ਨੂੰ ਲੇਖਕ ਮੰਚ ਵੱਲੋਂ ਪਹਿਲਾ ‘ਮਾਸਟਰ ਤਰਲੋਚਨ ਸਿੰਘ ਯਾਦਗਾਰੀ ਐਵਾਰਡ’ ਦਿੱਤਾ ਗਿਆ ਜਿਸ ਵਿੱਚ 21,000 ਰੁਪਏ, ਯਾਦਗਾਰੀ ਚਿੰਨ੍ਹ, ਲੋਈ ਅਤੇ ਸਨਮਾਨ ਪੱਤਰ ਭੇਟ ਕੀਤਾ ਗਿਆ। ਸਨਮਾਨ ਪੱਤਰ ਪੜ੍ਹਨ ਦੀ ਰਸਮ ਰਾਜਵਿੰਦਰ ਸਮਰਾਲਾ ਨੇ ਨਿਭਾਈ। ਦੂਸਰੇ ਸੈਸ਼ਨ ਦੀ ਪ੍ਰਧਾਨਗੀ ਹਰਜਸਪ੍ਰੀਤ ਕੌਰ ਗਿੱਲ ਕੈਨੇਡਾ (ਰੇਡੀਓ ਸੰਚਾਲਿਕਾ ਅਤੇ ਪ੍ਰਸਿੱਧ ਕਵਿੱਤਰੀ) ਨੇ ਕੀਤੀ ਅਤੇ ਮੁੱਖ ਮਹਿਮਾਨ ਵਜੋਂ ਐਡਵੋਕੇਟ ਪਰਮਜੀਤ ਸਿੰਘ ਗਿੱਲ ਕੈਨੇਡਾ ਪੁੱਜੇ।
ਇਸ ਵਿੱਚ ਰਾਜਵਿੰਦਰ ਸਮਰਾਲਾ ਦੇ ਨਿਰਦੇਸ਼ਨਾ ਹੇਠ ਮਹਿੰਦਰ ਸਿੰਘ ਸਰਨਾ ਦੀ ਕਹਾਣੀ ’ਤੇ ਆਧਾਰਤ ਮਾ. ਤਰਲੋਚਨ ਦਾ ਲਿਖਿਆ ਨਾਟਕ ‘ਛਵੀਆਂ ਦੀ ਰੁੱਤ’ ਅਕਸ ਰੰਗਮੰਚ ਦੇ ਕਲਕਾਰਾਂ ਨੇ ਖੇਡਿਆ। ਪ੍ਰਿੰਸੀਪਲ ਡਾ. ਪਰਮਿੰਦਰ ਸਿੰਘ ਬੈਨੀਪਾਲ, ਦਲਜੀਤ ਸਿੰਘ ਸ਼ਾਹੀ ਤੇ ਮਾਤਾ ਗੁਰਦੇਵ ਕੌਰ ਮੈਮੋਰੀਅਲ ਸ਼ਾਹੀ ਸਪੋਰਟਸ ਕਾਲਜ ਦੇ 70 ਦੇ ਕਰੀਬ ਵਿਦਿਆਰਥੀਆਂ ਨੇ ਸਾਰਾ ਦਿਨ ਹਾਜ਼ਰੀ ਲਵਾਈ।