ਥੀਏਟਰ ਭਗਦੜ ਕੇਸ ਵਿਚ ਅਦਾਕਾਰ ਅਲੂ ਅਰਜੁਨ ਨੂੰ ਨਿਯਮਤ ਜ਼ਮਾਨਤ
ਹੈਦਰਾਬਾਦ, 3 ਜਨਵਰੀ
ਸਥਾਨਕ ਕੋਰਟ ਨੇ ਥੀਏਟਰ ਦੇ ਬਾਹਰ ਭਗਦੜ ਕੇਸ ਵਿਚ ਤੈਲਗੂ ਅਦਾਕਾਰ ਅਲੂ ਅਰਜੁਨ ਨੂੰ ਨਿਯਮਤ ਜ਼ਮਾਨਤ ਦੇ ਦਿੱਤੀ ਹੈ। ਅਦਾਕਾਰ ਦੀ ਹਾਲੀਆ ਰਿਲੀਜ਼ ਫ਼ਿਲਮ ‘ਪੁਸ਼ਪਾ-2’ ਦੀ ਸਕਰੀਨਿੰਗ ਮੌਕੇ ਥੀਏਟਰ ਦੇ ਬਾਹਰ ਮਚੀ ਭਗਦੜ ’ਚ ਇਕ ਮਹਿਲਾ ਦੀ ਮੌਤ ਹੋ ਗਈ ਸੀ। ਇਸ ਕੇਸ ਵਿਚ ਅਦਾਕਾਰ ਨੂੰ ਮੁਲਜ਼ਮ ਵਜੋਂ ਨਾਮਜ਼ਦ ਕੀਤਾ ਗਿਆ ਸੀ। ਇਸ ਤੋਂ ਪਹਿਲਾਂ ਵਧੀਕ ਮੈਟਰੋਪਾਲਿਟਨ ਸੈਸਨਜ਼ ਜੱਜ ਨੇ ਅਦਾਕਾਰ ਤੇ ਪੁਲੀਸ ਦੇ ਵਕੀਲਾਂ ਦੀਆਂ ਦਲੀਲਾਂ ਸੁਣਨ ਮਗਰੋਂ ਫੈਸਲਾ ਰਾਖਵਾਂ ਰੱਖ ਲਿਆ ਸੀ। ਕੋਰਟ ਨੇ ਅਦਾਕਾਰ ਨੂੰ 50-50 ਹਜ਼ਾਰ ਰੁਪਏ ਦੀਆਂ ਦੋ ਜਾਮਨੀਆਂ ਦੇ ਨਾਲ ਇੰਨੀ ਹੀ ਰਕਮ ਦੀ ਆਪਣੀ ਜਾਮਨੀ ਭਰਨ ਦੀ ਵੀ ਹਦਾਇਤ ਕੀਤੀ ਹੈ। ਜ਼ਮਾਨਤ ਦੀਆਂ ਸ਼ਰਤਾਂ ਮੁਤਾਬਕ ਅਦਾਕਾਰ ਨੂੰ ਹਰੇਕ ਐਤਵਾਰ ਨੂੰ ਸਵੇਰੇ 10 ਵਜੇ ਤੋਂ ਬਾਅਦ ਦੁਪਹਿਰ ਇਕ ਵਜੇ ਦਰਮਿਆਨ ਦੋ ਮਹੀਨਿਆਂ ਦੇ ਅਰਸੇ ਜਾਂ ਦੋਸ਼ਪੱਤਰ ਦਾਖਲ ਹੋਣ ਤੱਕ ਜਾਂਚ ਅਧਿਕਾਰੀ ਅੱਗੇ ਪੇਸ਼ ਹੋਣਾ ਹੋਵੇਗਾ। ਇਹੀ ਨਹੀਂ ਕੋਰਟ ਨੇ ਅਦਾਕਾਰ ਨੂੰ ਕੇਸ ਦੇ ਨਿਬੇੜੇ ਤੱਕ ਘਰ ਨਾ ਬਦਲਣ ਤੇ ਕੋਰਟ ਦੀ ਆਗਿਆ ਤੋਂ ਬਗੈਰ ਦੇਸ਼ ਛੱਡਣ ਤੋਂ ਵੀ ਵਰਜਿਆ ਹੈ। ਦੱਸ ਦੇਈਏ ਕਿ ਅਦਾਕਾਰ ਨੂੰ 13 ਦਸੰਬਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਤੇ ਅਗਲੇ ਹੀ ਦਿਨ ਤਿਲੰਗਾਨਾ ਹਾਈ ਕੋਰਟ ਵੱਲੋਂ ਦਿੱਤੀ ਚਾਰ ਹਫ਼ਤਿਆਂ ਦੀ ਅੰਤਰਿਮ ਜ਼ਮਾਨਤ ਮਗਰੋਂ ਜੇਲ੍ਹ ’ਚੋਂ ਰਿਹਾਅ ਕਰ ਦਿੱਤਾ ਗਿਆ ਸੀ। ਇਸ ਅੰਤਰਿਮ ਜ਼ਮਾਨਤ ਦੀ ਮਿਆਦ 10 ਜਨਵਰੀ ਨੂੰ ਖ਼ਤਮ ਹੋ ਰਹੀ ਸੀ। ਹੈਦਰਾਬਾਦ ਦੇ ਸੰਧਿਆ ਥੀਏਟਰ ਦੇ ਬਾਹਰ ਮਚੀ ਭਗਦੜ ਵਿਚ 35 ਸਾਲਾ ਮਹਿਲਾ ਦੀ ਮੌਤ ਹੋ ਗਈ ਸੀ ਜਦੋਂਕਿ ਉਸ ਦਾ ਅੱਠ ਸਾਲਾ ਬੇਟਾ ਜ਼ਖ਼ਮੀ ਹੋ ਗਿਆ ਸੀ। -ਪੀਟੀਆਈ