ਦਿੱਲੀ ’ਚ ਭਾਜਪਾ ਸਰਕਾਰ ਬਣਨ ’ਤੇ ਕੋਈ ਭਲਾਈ ਯੋਜਨਾ ਬੰਦ ਨਹੀਂ ਹੋਵੇਗੀ: ਮੋਦੀ
ਨਵੀਂ ਦਿੱਲੀ, 5 ਜਨਵਰੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦਿੱਲੀ ਦੀ ‘ਆਪ’ ਸਰਕਾਰ ’ਤੇ ਇਕ ਦਹਾਕੇ ਤੱਕ ਕੇਂਦਰ ਨਾਲ ਲੜਨ ’ਚ ਸਮਾਂ ਬਰਬਾਦ ਕਰਨ ਦਾ ਦੋਸ਼ ਲਾਇਆ ਅਤੇ ਲੋਕਾਂ ਨੂੰ ਅਪੀਲ ਕੀਤੀ ਕਿ ਕੌਮੀ ਰਾਜਧਾਨੀ ਨੂੰ ਭਵਿੱਖ ਦਾ ਸ਼ਹਿਰ ਬਣਾਉਣ ਲਈ ਉਹ ਭਾਜਪਾ ਨੂੰ ਇਕ ਮੌਕਾ ਦੇਣ। ਪ੍ਰਧਾਨ ਮੰਤਰੀ ਨੇ ਇਹ ਵੀ ਭਰੋਸਾ ਦਿੱਤਾ ਕਿ ਜੇ ਭਾਜਪਾ ਦੀ ਦਿੱਲੀ ’ਚ ਸਰਕਾਰ ਬਣੀ ਤਾਂ ਕੋਈ ਜਨਤਕ ਭਲਾਈ ਯੋਜਨਾ ਬੰਦ ਨਹੀਂ ਕੀਤੀ ਜਾਵੇਗੀ ਪਰ ਸਰਕਾਰ ਯੋਜਨਾਵਾਂ ਲਾਗੂ ਕਰਨ ’ਚ ਹੋਏ ਭ੍ਰਿਸ਼ਟਾਚਾਰ ਨੂੰ ਜੜ੍ਹੋਂ ਉਖਾੜ ਸੁੱਟੇਗੀ। ਇਸ ਤੋਂ ਪਹਿਲਾਂ ਮੋਦੀ ਨੇ 13 ਕਿਲੋਮੀਟਰ ਲੰਮੇ ਦਿੱਲੀ-ਮੇਰਠ ਖੇਤਰੀ ਰੈਪਿਡ ਟਰਾਂਜ਼ਿਟ ਸਿਸਟਮ ਕੌਰੀਡੋਰ ਦਾ ਉਦਘਾਟਨ ਕਰਨ ਸਮੇਤ ਕੁੱਲ 12,200 ਕਰੋੜ ਰੁਪਏ ਦੇ ਕਈ ਪ੍ਰਾਜੈਕਟਾਂ ਦਾ ਉਦਘਾਟਨ ਕੀਤਾ।
ਰੋਹਿਨੀ ਇਲਾਕੇ ’ਚ ਰੈਲੀ ਨੂੰ ਸੰਬੋਧਨ ਕਰਦਿਆਂ ਮੋਦੀ ਨੇ ‘ਆਪ’ ਸਰਕਾਰ ਨੂੰ ‘ਆਪਦਾ’ (ਆਫ਼ਤ) ਕਰਾਰ ਦਿੱਤਾ ਅਤੇ ਕਿਹਾ ਕਿ ਜਦੋਂ ਦਿੱਲੀ ਦਾ ਇਸ ਆਫ਼ਤ ਤੋਂ ਖਹਿੜਾ ਛੁੱਟ ਗਿਆ ਤਾਂ ਵਿਕਾਸ ਦਾ ਡਬਲ ਇੰਜਣ ਚਾਲੂ ਹੋਵੇਗਾ। ਉਨ੍ਹਾਂ ਕਿਹਾ ਕਿ ਕੇਂਦਰ ਦਿੱਲੀ ’ਚ ਰਾਜਮਾਰਗ, ਮੈਟਰੋ ਨੈੱਟਵਰਕ ਦਾ ਵਿਸਥਾਰ ਅਤੇ ਨਮੋ ਭਾਰਤ ਖੇਤਰੀ ਰੈਪਿਡ ਟਰਾਂਜ਼ਿਟ ਸਿਸਟਮ ਸ਼ੁਰੂ ਕਰ ਰਿਹਾ ਹੈ ਅਤੇ ਵੱਡੇ ਹਸਪਤਾਲ ਚਲਾ ਰਿਹਾ ਹੈ ਪਰ ਜਿਵੇਂ ਹੀ ਤੁਸੀਂ ਮੈਟਰੋ ਸਟੇਸ਼ਨ ਦੇ ਬਾਹਰ ਪੈਰ ਧਰਦੇ ਹੋ ਤਾਂ ਸੜਕਾਂ ’ਤੇ ਵੱਡੇ ਵੱਡੇ ਟੋਇਆਂ ਤੇ ਸੀਵਰਾਂ ਦਾ ਪਾਣੀ ਦੇਖ ਸਕਦੇ ਹੋ। ਉਨ੍ਹਾਂ ਕਿਹਾ ਕਿ ਕੁਝ ਇਲਾਕੇ ਤਾਂ ਅਜਿਹੇ ਹਨ ਜਿਥੇ ਟਰੈਫਿਕ ਜਾਮ ਕਾਰਨ ਡਰਾਈਵਰ ਜਾਣ ਤੋਂ ਇਨਕਾਰ ਕਰ ਦਿੰਦੇ ਹਨ। ਮੋਦੀ ਨੇ ਯੂਪੀ ਦੇ ਸਾਹਿਬਾਬਾਦ ਨੂੰ ਨਿਊ ਅਸ਼ੋਕ ਨਗਰ ਨਾਲ ਜੋੜਦੇ 13 ਕਿਲੋਮੀਟਰ ਲੰਮੇ ਦਿੱਲੀ-ਮੇਰਠ ਖੇਤਰੀ ਰੈਪਿਡ ਟਰਾਂਜ਼ਿਟ ਸਿਸਟਮ ਕੌਰੀਡੋਰ ਦਾ ਉਦਘਾਟਨ ਕੀਤਾ। ਆਰਆਰਟੀਐੱਸ ਦੇ ਦਿੱਲੀ ਸੈਕਸ਼ਨ ਦੇ ਉਦਘਾਟਨ ਨਾਲ ਨਮੋ ਭਾਰਤ ਟਰੇਨਾਂ ਹੁਣ ਕੌਮੀ ਰਾਜਧਾਨੀ ਤੱਕ ਪੁੱਜ ਗਈਆਂ ਹਨ। ਮੋਦੀ ਨੇ ਸਾਹਿਬਾਬਾਦ ਸਟੇਸ਼ਨ ਤੋਂ ਨਿਊ ਅਸ਼ੋਕ ਨਗਰ ਸਟੇਸ਼ਨ ਤੱਕ ਨਮੋ ਭਾਰਤ ਟਰੇਨ ’ਤੇ ਸਫ਼ਰ ਵੀ ਕੀਤਾ। ਟਰੇਨ ਦੇ ਸਫ਼ਰ ਦੌਰਾਨ ਮੋਦੀ ਨੇ ਬੱਚਿਆਂ ਅਤੇ ਲੋਕਾਂ ਨਾਲ ਗੱਲਬਾਤ ਵੀ ਕੀਤੀ। ਉਨ੍ਹਾਂ ਨੇ ਦਿੱਲੀ ਮੈਟਰੋ ਦੇ ਚੌਥੇ ਗੇੜ ਦੇ ਜਨਕਪੁਰੀ ਵੈਸਟ-ਕ੍ਰਿਸ਼ਨਾ ਪਾਰਕ ਐਕਸਟੈਨਸ਼ਨ ਸੈਕਸ਼ਨ ਦਾ ਵੀ ਉਦਘਾਟਨ ਕੀਤਾ ਤੇ ਰਿਠਾਲਾ-ਨਰੇਲਾ-ਕੁੰਡਲੀ ਕੌਰੀਡੋਰ ਦਾ ਨੀਂਹ ਪੱਥਰ ਰੱਖਿਆ। ਮੋਦੀ ਨੇ ਰੋਹਿਨੀ ’ਚ ਨਵੇਂ ਸੈਂਟਰਲ ਆਯੁਰਵੈਦ ਰਿਸਰਚ ਇੰਸਟੀਚਿਊਟ ਦੀ ਇਮਾਰਤ ਦਾ ਵਰਚੁਅਲੀ ਨੀਂਹ ਪੱਥਰ ਵੀ ਰੱਖਿਆ। -ਪੀਟੀਆਈ
ਉਦਘਾਟਨ ਕੀਤੇ ਪ੍ਰਾਜੈਕਟ ਕੇਂਦਰ ਤੇ ਦਿੱਲੀ ਦੇ ਸਾਂਝੇ ਉੱਦਮ: ਕੇਜਰੀਵਾਲ
ਨਵੀਂ ਦਿੱਲੀ: ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਐਤਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਉਦਘਾਟਨ ਕੀਤੇ ਗਏ ਦੋ ਪ੍ਰਾਜੈਕਟਾਂ ਬਾਰੇ ਦਾਅਵਾ ਕੀਤਾ ਕਿ ਇਹ ਕੇਂਦਰ ਅਤੇ ਦਿੱਲੀ ਸਰਕਾਰ ਦੇ ਸਾਂਝੇ ਉੱਦਮ ਹਨ। ਮੀਡੀਆ ਨਾਲ ਗੱਲਬਾਤ ਕਰਦਿਆਂ ਕੇਜਰੀਵਾਲ ਨੇ ਦਿੱਲੀ ਦੇ ਲੋਕਾਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਇਹ ਪ੍ਰਾਜੈਕਟ ਸ਼ਹਿਰ ਅਤੇ ਕੇਂਦਰ ਸਰਕਾਰ ਵਿਚਕਾਰ ਸਹਿਯੋਗ ਦਾ ਨਤੀਜਾ ਹਨ। ਕੇਜਰੀਵਾਲ ਨੇ ਆਪਣੇ ਆਲੋਚਕਾਂ ’ਤੇ ਨਿਸ਼ਾਨਾ ਸੇਧਦਿਆਂ ਕਿਹਾ ਕਿ ਇਹ ਉਦਘਾਟਨ ਉਨ੍ਹਾਂ ਲੋਕਾਂ ਨੂੰ ਜਵਾਬ ਹੈ ਜੋ ਆਖਦੇ ਹਨ ਕਿ ‘ਆਪ’ ਸਿਰਫ਼ ਲੜਾਈ-ਝਗੜੇ ਕਰਦੀ ਹੈ। ਉਨ੍ਹਾਂ ਕਿਹਾ ਕਿ ਪਿਛਲੇ 10 ਸਾਲਾਂ ’ਚ ‘ਆਪ’ ਸਰਕਾਰ ਨੇ ਕੰਮ ਨੂੰ ਹਰ ਚੀਜ਼ ਤੋਂ ਉਪਰ ਰੱਖਿਆ। ਉਨ੍ਹਾਂ ਕਿਹਾ ਕਿ ਮੋਦੀ ਵੱਲੋਂ 2020 ’ਚ ਕੀਤੇ ਗਏ ਵਾਅਦੇ ਅਜੇ ਤੱਕ ਪੂਰੇ ਨਹੀਂ ਹੋਏ ਹਨ ਅਤੇ ਦਿੱਲੀ ਦੇ ਲੋਕ ਅਜੇ ਵੀ ਉਡੀਕ ਕਰ ਰਹੇ ਹਨ। -ਪੀਟੀਆਈ