ਹਰਿਆਣਾ ਗੁਰਦੁਆਰਾ ਕਮੇਟੀ ਦੀਆਂ ਚੋਣਾਂ ਲਈ ਸਰਗਰਮੀਆਂ ਸ਼ੁਰੂ
ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 22 ਦਸੰਬਰ
ਹਰਿਆਣਾ ਗੁਰਦੁਆਰਾ ਮੈਨੇਜਮੈਂਟ ਬੋਰਡ ਦੇ ਗਠਨ ਤੋਂ ਬਾਅਦ ਪਹਿਲੀ ਵਾਰ ਕਮੇਟੀ ਦੀਆਂ ਚੋਣਾਂ ਹੋ ਰਹੀਆਂ ਹਨ। ਚੋਣਾਂ ’ਚ ਹਿੱਸਾ ਲੈਣ ਵਾਲੇ ਵੱਖ-ਵੱਖ ਪਾਰਟੀਆਂ ਦੇ ਉਮੀਦਵਾਰਾਂ ਨੇ ਵੋਟਰਾਂ ਨਾਲ ਸੰਪਰਕ ਕਰਨਾ ਸ਼ੁਰੂ ਕਰ ਦਿੱਤਾ ਹੈ। ਜ਼ਿਕਰਯੋਗ ਹੈ ਕਿ 19 ਜਨਵਰੀ ਨੂੰ ਹੋਣ ਵਾਲੀਆਂ ਚੋਣਾਂ ਲਈ ਸ਼ਾਹਬਾਦ ਹਲਕੇ ਦੀ ਸਿੱਖ ਸੰਗਤ ਨੇ ਸਰਬਸੰਮਤੀ ਨਾਲ ਹਰਿਆਣਾ ਸਿੱਖ ਪੰਥਕ ਦਲ ਵੱਲੋਂ ਮਨਜੀਤ ਸਿੰਘ ਖਾਲਸਾ ਨੂੰ ਆਪਣਾ ਉਮੀਦਵਾਰ ਐਲਾਨਿਆ ਗਿਆ ਹੈ। ਗੁਰੂ ਤੇਗ ਬਹਾਦਰ ਸਭਾ ਦੇ ਮੁੱਖ ਬੁਲਾਰੇ ਜਗਦੇਵ ਸਿੰਘ ਗਾਬਾ ਨੇ ਦੱਸਿਆ ਕਿ ਬਰਾੜਾ ਰੋਡ ’ਤੇ ਹਰਜੀਤ ਸਿੰਘ ਰਾਣਾ ਦੇ ਦਫ਼ਤਰ ’ਚ ਸ਼ਹਿਰ ਤੇ ਪਿੰਡ ਦੇ ਪਤਵੰਤਿਆਂ ਦੀ ਬੈਠਕ ਹੋਈ। ਇਸ ਵਿੱਚ ਚਰਚਾ ਮਗਰੋਂ ਸੰਗਤ ਨੇ ਮਨਜੀਤ ਸਿੰਘ ਖਾਲਸਾ ਦੇ ਨਾਂ ਦਾ ਐਲਾਨ ਕੀਤਾ। ਇਸ ਸਬੰਧੀ ਸੁਖਵੰਤ ਸਿੰਘ ਕਲਸਾਣੀ ਤੇ ਜਗਦੇਵ ਸਿੰਘ ਗਾਬਾ ਨੇ ਦੱਸਿਆ ਕਿ ਬਲਦੇਵ ਸਿੰਘ ਕੈਮਪੁਰੀ ਦੀ ਪ੍ਰਧਾਨਗੀ ਹੇਠ ਹਰਿਆਣਾ ਦੀਆਂ ਕੁੱਲ 40 ਵਾਰਡਾਂ ਦੀਆਂ ਸੀਟਾਂ ’ਤੇ ਸਿੱਖ ਪੰਥਕ ਦਲ ਦੇ ਉਮੀਦਵਾਰ ਖੜ੍ਹੇ ਕੀਤੇ ਜਾਣਗੇ। ਜਗਜੀਤ ਸਿੰਘ ਮੱਕੜ ਤੇ ਸੁਖਬੀਰ ਸਿੰਘ ਬਿੱਟਾ ਨੇ ਕਿਹਾ ਕਿ ਮਨਜੀਤ ਸਿੰਘ ਪੜ੍ਹਿਆ-ਲਿਖਿਆ ਉਮੀਦਵਾਰ ਹੈ।
ਮਨਜੀਤ ਸਿੰਘ ਖਾਲਸਾ ਨੇ ਸਮੂਹ ਪਤਵੰਤਿਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਜੋ ਜ਼ਿੰਮੇਵਾਰੀ ਉਨ੍ਹਾਂ ਨੂੰ ਸੌਂਪੀ ਗਈ ਹੈ, ਉਸ ਨੂੰ ਉਹ ਇਮਾਨਦਾਰੀ ਨਾਲ ਨਿਭਾਉਣਗੇ। ਇਸ ਮੌਕੇ ਸਾਬਕਾ ਕੌਂਸਲਰ ਨਿਛਾਬਰ ਸਿੰਘ, ਮਾਸਟਰ ਹਰਭਜਨ ਸਿੰਘ ਸੇਠੀ, ਕੌਂਸਲਰ ਪ੍ਰਭਜੀਤ ਸਿੰਘ ਤਨੇਜਾ, ਸੁਰਜੀਤ ਸਿੰਘ ਜੁਨੇਜਾ, ਹਰਵਿੰਦਰ ਸਿੰਘ ਬਿੰਦਰਾ, ਬਲਿਹਾਰ ਸਿੰਘ, ਰਣਬੀਰ ਸਿੰਘ ਧਾਰੀਵਲ, ਨਵਨੀਤ ਸਿੰਘ ਗਾਬਾ, ਸੁਰਜੀਤ ਸਿੰਘ ਨੰਬਰਦਾਰ ਮੌਜੂਦ ਸਨ।