ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਬੁੱਢੇ ਦਰਿਆ ਨੂੰ ਬੰਨ੍ਹ ਮਾਰਨ ਜਾਂਦੇ ਕਾਰਕੁਨ ਪੁਲੀਸ ਨੇ ਹਿਰਾਸਤ ’ਚ ਲਏ

05:33 AM Dec 04, 2024 IST
ਫਿਰੋਜ਼ਪੁਰ ਰੋਡ ’ਤੇ ਵੇਰਕਾ ਮਿਲਕ ਪਲਾਂਟ ਦੇ ਬਾਹਰ ਇਕੱਠੇ ਹੋਏ ‘ਕਾਲੇ ਪਾਣੀ ਦਾ ਮੋਰਚਾ’ ਅੰਦੋਲਨ ਦੇ ਕਾਰਕੁਨਾਂ ਨੂੰ ਪੁਲੀਸ ਅੱਗੇ ਵਧਣ ਤੋਂ ਰੋਕਦੀ ਹੋਈ। ਫੋਟੋ: ਅਸ਼ਵਨੀ ਧੀਮਾਨ

ਗਗਨਦੀਪ ਅਰੋੜਾ
ਲੁਧਿਆਣਾ, 3 ਦਸੰਬਰ
ਬੁੱਢੇ ਦਰਿਆ ਵਿੱਚ ਡਿੱਗਦੇ ਗੰਧਲੇ ਪਾਣੀ ਨੂੰ ਰੋਕਣ ਲਈ ਦਰਿਆ ’ਤੇ ਬਣਾਏ ਗਏ ਸੀਈਟੀਪੀ ਪਲਾਂਟਾਂ ਨੂੰ ਬੰਨ੍ਹ ਲਾਉਣ ਜਾਂਦੇ ‘ਕਾਲੇ ਪਾਣੀ ਦਾ ਮੋਰਚਾ’ ਦੇ ਕਾਰਕੁਨਾਂ ਨੂੰ ਪੁਲੀਸ ਨੇ ਹਿਰਾਸਤ ਵਿੱਚ ਲੈ ਲਿਆ। ਫਿਰੋਜ਼ਪੁਰ ਰੋਡ ’ਤੇ ਪ੍ਰਦਰਸ਼ਨਕਾਰੀਆਂ ਤੇ ਪੁਲੀਸ ਵਿਚਾਲੇ ਪੂਰਾ ਦਿਨ ਖਿੱਚੋਤਾਣ ਚੱਲਦੀ ਰਹੀ। ਪੁਲੀਸ ਨੇ ਸਵੇਰ ਤੋਂ ਹੀ ਫਿਰੋਜ਼ਪੁਰ ਸੜਕ ਬੈਰੀਕੇਡਿੰਗ ਕਰਕੇ ਸੀਲ ਕੀਤੀ ਹੋਈ ਸੀ।
ਇਸੇ ਦੌਰਾਨ ਪੁਲੀਸ ਨੇ ਇੱਥੋਂ ਤਕਰੀਬਨ 30 ਤੋਂ 40 ਕਾਰਕੁਨ ਹਿਰਾਸਤ ਵਿੱਚ ਲੈ ਲਏ। ਪ੍ਰਦਰਸ਼ਨ ਦੌਰਾਨ ਕਈ ਵਾਰ ਪੁਲੀਸ ਤੇ ਪ੍ਰਦਰਸ਼ਨਕਾਰੀਆਂ ਵਿਚਾਲੇ ਹੱਥੋਪਾਈ ਤੱਕ ਵੀ ਮਾਹੌਲ ਬਣ ਗਿਆ। ਕਈ ਵਿਅਕਤੀਆਂ ਦੀਆਂ ਦਸਤਾਰਾਂ ਲੱਥੀਆਂ ਤੇ ਪੁਲੀਸ ਮੁਲਾਜ਼ਮ ਵੀ ਫੱਟੜ ਹੋਏ। ਦੁਪਹਿਰ ਵੇਲੇ ਅਮਿਤੋਜ਼ ਮਾਨ ਦੇ ਫਿਰੋਜ਼ਪੁਰ ਰੋਡ ’ਤੇ ਪੁੱਜਣ ’ਤੇ ਮਾਹੌਲ ਸੰਭਲਿਆ। ਸੈਂਕੜਿਆਂ ਦੀ ਗਿਣਤੀ ਵਿੱਚ ਲੋਕ ਸੜਕ ’ਤੇ ਬੈਠ ਕੇ ਪ੍ਰਦਰਸ਼ਨ ਕਰਨ ਲੱਗੇ। ਇਸ ਦੌਰਾਨ ਪ੍ਰਸ਼ਾਸਨ ਨਾਲ ਵੀ ਗੱਲਬਾਤ ਦਾ ਦੌਰ ਸ਼ੁਰੂ ਹੋਇਆ। ਸ਼ਾਮ ਹੁੰਦੇ ਹੁੰਦੇ ਪ੍ਰਸ਼ਾਸਨ ਦੇ ਤੇਵਰ ਵੀ ਪਹਿਲਾਂ ਨਾਲੋਂ ਨਰਮ ਪੈ ਗਏ ਤੇ ਸਹਿਮਤੀ ਬਣ ਗਈ ਕਿ ਪ੍ਰਸ਼ਾਸਨ ਬੁੱਢੇ ਦਰਿਆ ਵਿੱਚ ਡਿੱਗ ਰਹੇ ਗੰਧਲੇ ਪਾਣੀ ਦੇ ਆਊਟਲੈੱਟ ਨੂੰ ਬੰਦ ਕਰਵਾਏਗਾ। ਪੰਜਾਬ ਡਾਇਰ ਐਸੋਸੀਏਸ਼ਨ (ਪੀਡੀਏ) ਨੇ ਤਾਜਪੁਰ ਰੋਡ ’ਤੇ ਮਜ਼ਦੂਰਾਂ ਨੂੰ ਨਾਲ ਲੈ ਕੇ ਵੱਡਾ ਇਕੱਠ ਕਰ ਦਿੱਤਾ ਸੀ। ਵੇਰਕਾ ਪਲਾਂਟ ਅੱਗੇ ਸਵੇਰ ਤੋਂ ਹੀ ਮਾਹੌਲ ਤਣਾਅਪੂਰਨ ਬਣਿਆ ਰਿਹਾ, ਜਿੱਥੇ ਕੁਝ ਲੋਕਾਂ ਨੂੰ ਸ਼ੱਕ ਦੇ ਅਧਾਰ ’ਤੇ ਹਿਰਾਸਤ ਵਿੱਚ ਲਿਆ ਗਿਆ। ਇਸ ਦੌਰਾਨ ਇੱਕ ਵਿਅਕਤੀ ਨੂੰ ਹਿਰਾਸਤ ’ਚ ਲੈਣ ਸਮੇਂ ਸੀਨੀਅਰ ਪੁਲੀਸ ਅਧਿਕਾਰੀ ਨਵਦੀਪ ਸਿੰਘ ਫੱਟੜ ਵੀ ਹੋ ਗਏ। ਬੰਨ੍ਹ ਮਾਰਨ ਲਈ ਜੁੜੇ ਲੋਕਾਂ ਵੱਲੋਂ 12 ਵਜੇ ਦੇ ਕਰੀਬ ਵੇਰਕਾ ਪਲਾਂਟ ਸਾਹਮਣੇ ਫ਼ਿਰੋਜ਼ਪੁਰ ਰੋਡ ’ਤੇ ਮੁਕੰਮਲ ਰੂਪ ਵਿੱਚ ਆਵਾਜਾਈ ਠੱਪ ਕੀਤੀ ਗਈ ਸੀ। ਇਸ ਦੌਰਾਨ ਭਾਵੇਂ ਐਂਮਰਜੈਂਸੀ ਸੇਵਾਵਾਂ ਨੂੰ ਰਾਹਤ ਦਿੱਤੀ ਗਈ ਪਰ ਫਿਰੋਜ਼ਪੁਰ ਰੋਡ ਵੱਲ ਆਉਣ- ਜਾਣ ਵਾਲੇ ਆਮ ਲੋਕ ਪੂਰਾ ਦਿਨ ਜਾਮ ਕਾਰਨ ਖੱਜਲ ਖੁਆਰ ਹੁੰਦੇ ਰਹੇ।

Advertisement

ਲੁਧਿਆਣਾ ਵਿੱਚ ਫਿਰੋਜ਼ਪੁਰ ਰੋਡ ’ਤੇ ਰੋਸ ਜ਼ਾਹਿਰ ਕਰਦੇ ਹੋਏ ਪ੍ਰਦਰਸ਼ਨਕਾਰੀ। -ਫੋਟੋ: ਅਸ਼ਵਨੀ ਧੀਮਾਨ

ਦੂਜੇ ਪਾਸੇ ਤਾਜਪੁਰ ਰੋਡ ’ਤੇ ਪੰਜਾਬ ਡਾਇਰ ਐਸੋਸੀਏਸ਼ਨ (ਪੀਡੀਏ) ਵੱਲੋਂ ਮਜ਼ਦੂਰਾਂ ਨੂੰ ਲੈ ਕੇ ਵੱਡਾ ਇਕੱਠਾ ਕੀਤਾ ਗਿਆ ਜਿਸ ਨੂੰ ਤਕਰੀਬਨ 4 ਵਜੇ ਸਮਾਪਤ ਕੀਤਾ ਗਿਆ। ਇਸ ਧਰਨੇ ਵਿੱਚ ਡਾਇੰਗ ਉਦਯੋਗ ਨਾਲ ਜੁੜੇ ਲੋਕਾਂ ਤੋਂ ਇਲਾਵਾ ਡਾਇੰਗ ਉਦਯੋਗਾਂ ’ਚ ਕੰਮ ਕਰਨ ਵਾਲੇ ਲੋਕਾਂ ਵੱਲੋਂ ਸ਼ਮੂਲੀਅਤ ਕੀਤੀ ਗਈ। ਮੋਰਚੇ ਦੇ ਅਹੁਦੇਦਾਰਾਂ ਮੁਤਾਬਕ ਸੀਈਟੀਪੀ ਨੂੂੰ ਬੰਨ੍ਹ ਮਾਰਨ ਲਈ ਰਾਜਸਥਾਨ ਦੇ ਲੋਕਾਂ ਨੇ ਵੀ ਲੁਧਿਆਣਾ ਪੁੱਜਣਾ ਸੀ ਪਰ ਉਨ੍ਹਾਂ ਨੂੰ ਪੁਲੀਸ ਵੱਲੋਂ ਪੰਜਾਬ ’ਚ ਦਾਖ਼ਲ ਹੋਣ ਤੋਂ ਪਹਿਲਾਂ ਹੀ ਰੋਕ ਲਿਆ ਗਿਆ। ਖ਼ਬਰ ਲਿਖੇ ਜਾਣ ਤੱਕ ਸਹਿਮਤੀ ਬਣੀ ਕਿ ਬੁੱਢੇ ਦਰਿਆ ਵਿੱਚ ਪੈ ਰਹੇ ਗੰਧਲੇ ਪਾਣੀ ਨੂੰ ਰੋਕਿਆ ਜਾਏਗਾ।

ਕਾਰ ਦੇ ਸ਼ੀਸ਼ੇ ਤੋੜ ਕੇ ਲੱਖਾ ਸਿਧਾਣਾ ਨੂੰ ਹਿਰਾਸਤ ’ਚ ਲਿਆ

ਮੋਗਾ (ਮਹਿੰਦਰ ਸਿੰਘ ਰੱਤੀਆਂ):

Advertisement

ਬੁੱਢੇ ਦਰਿਆ ’ਚੋਂ ਸਤਲੁਜ ’ਚ ਪੈਂਦੇ ਜ਼ਹਿਰੀਲੇ ਪਾਣੀ ਨੂੰ ਬੰਨ੍ਹ ਮਾਰਨ ਲਈ ਉਲੀਕੇ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਲਈ ਜਾਂਦੇ ਲੱਖਾ ਸਿਧਾਣਾ ਨੂੰ ਪੁਲੀਸ ਨੇ ਉਨ੍ਹਾਂ ਦੇ ਦੋ ਸਾਥੀਆਂ ਸਮੇਤ ਪਿੰਡ ਰਾਮਾਂ ਤੋਂ ਹਿਰਾਸਤ ਵਿੱਚ ਲੈ ਲਿਆ, ਜਿਸ ਕਾਰਨ ਉਹ ਲੁਧਿਆਣਾ ਨਹੀਂ ਪੁੱਜ ਸਕਿਆ। ਲੱਖਾ ਸਿਧਾਣਾ ਆਪਣੇ ਸਾਥੀਆਂ ਸਮੇਤ ਕਾਰ ਵਿੱਚ ਪਿੰਡਾਂ ਦੀਆਂ ਲਿੰਕ ਸੜਕਾਂ ਰਾਹੀਂ ਲੁਧਿਆਣਾ ਜਾ ਰਿਹਾ ਸੀ। ਇਸ ਦੌਰਾਨ ਮੋਗਾ ਪੁਲੀਸ ਨੇ ਪਿੰਡ ਰਾਮਾਂ ’ਚ ਲੱਖਾ ਸਿਧਾਣਾ ਨੂੰ ਰੋਕ ਲਿਆ ਤੇ ਉਸ ਦੇ ਗੱਡੀ ’ਚੋਂ ਬਾਹਰ ਨਾ ਆਉਣ ’ਤੇ ਡੰਡੇ ਨਾਲ ਗੱਡੀ ਦਾ ਸ਼ੀਸ਼ਾ ਭੰਨ੍ਹ ਕੇ ਉਸ ਨੂੰ ਹਿਰਾਸਤ ’ਚ ਲੈ ਲਿਆ। ਪੁਲੀਸ ਨਾਲ ਬਹਿਸਬਾਜ਼ੀ ਮਗਰੋਂ ਉਸ ਨੂੰ ਸਾਥੀਆਂ ਸਮੇਤ ਸੀਆਈਏ ਸਟਾਫ ਮੋਗਾ ਵਿੱਚ ਲਿਆਂਦਾ ਗਿਆ। ਕੁਝ ਸਮੇਂ ਬਾਅਦ ਪੁਲੀਸ ਨੇ ਉਸ ਨੂੰ ਛੱਡ ਦਿੱਤਾ। ਰਿਹਾਅ ਹੋਣ ਮਗਰੋਂ ਉਹ ਸਿੱਧਾ ਲੁਧਿਆਣਾ ਵੇਰਕਾ ਮਿਲਕ ਪਲਾਂਟ ਅੱਗੇ ਲੱਗੇ ਮੋਰਚੇ ’ਤੇ ਪੁੱਜਿਆ। ਜਿਥੇ ਲੱਖਾ ਸਿਧਾਣਾ ਤੇ ਅਮਿਤੋਜ਼ ਮਾਨ ਨੇ ਕਿਹਾ ਕਿ ਅੱਜ ਦਾ ਮੋਰਚਾ ਅਸੀਂ ਫਤਿਹ ਕਰ ਲਿਆ ਹੈ। ਪ੍ਰਸ਼ਾਸਨ ਨੇ ਜੋ ਵਾਅਦੇ ਕੀਤੇ ਹਨ, ਜੇ ਉਸ ’ਤੇ ਉਹ ਖਰਾ ਨਹੀਂ ਉਤਰਦੇ ਤਾਂ ਉਹ ਮੁੜ ਪ੍ਰਦਰਸ਼ਨ ਕਰਨਗੇ।

ਜਸਵਿੰਦਰ ਸਿੰਘ ਜੱਸ ਬੱਜੋਆਣਾ ਘਰ ’ਚ ਰਹੇ ਨਜ਼ਰਬੰਦ

ਨਥਾਣਾ (ਭਗਵਾਨ ਦਾਸ ਗਰਗ):

ਇਥੇ ਪੁਲੀਸ ਨੇ ਲਖਵੀਰ ਸਿੰਘ ਲੱਖਾ ਸਿਧਾਣਾ ਦੇ ਨਜ਼ਦੀਕੀ ਸਾਥੀ ਐਡਵੋਕੇਟ ਜਸਵਿੰਦਰ ਸਿੰਘ ਜੱਸ ਬੱਜੋਆਣਾ (ਸਾਬਕਾ ਸਰਪੰਚ) ਨੂੰ ਉਨ੍ਹਾਂ ਦੇ ਸਾਥੀਆਂ ਸਣੇ ਘਰ ’ਚ ਨਜ਼ਰਬੰਦ ਕਰ ਲਿਆ। ਜਸਵਿੰਦਰ ਸਿੰਘ ਜੱਸ ਬੱਜੋਆਣਾ ਨੇ ਫੋਨ ਰਾਹੀਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜ ਤੜਕਸਾਰ ਡੀਐੱਸਪੀ ਅਤੇ ਇੰਸਪੈਕਟਰ ਪੁਲੀਸ ਪਾਰਟੀ ਸਮੇਤ ਉਨ੍ਹਾਂ ਦੇ ਪਿੰਡ ਬੱਜੋਆਣਾ ਵਿਚਲੇ ਘਰ ’ਚ ਆਏ ਤੇ ਦੋ ਪੁਲੀਸ ਮੁਲਾਜ਼ਮ ਉਨ੍ਹਾਂ ਦੇ ਘਰ ਦੇ ਬਾਹਰ ਤਾਇਨਾਤ ਕਰ ਕੇ ਚਲੇ ਗਏ।

ਭਾਈ ਕੁਲਵੰਤ ਸਿੰਘ ਕੋਟਲਾ ਗੁੱਜਰਾਂ ਨੂੰ 12 ਘੰਟੇ ਮਜੀਠਾ ਥਾਣੇ ’ਚ ਰੱਖਿਆ

ਚੇਤਨਪੁਰਾ (ਰਣਬੀਰ ਸਿੰਘ ਮਿੰਟੂ):

ਇਥੇ ਪੁਲੀਸ ਪ੍ਰਸ਼ਾਸਨ ਵੱਲੋਂ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਵੱਖ-ਵੱਖ ਆਗੂਆਂ ਤੇ ਵਰਕਰਾਂ ਦੇ ਘਰਾਂ ਵਿੱਚ ਛਾਪੇ ਮਾਰੇ ਗਏ। ਇਸ ਦੌਰਾਨ ਭਾਈ ਕੁਲਵੰਤ ਸਿੰਘ ਕੋਟਲਾ ਗੁੱਜਰਾਂ ਨੂੰ ਅੱਜ ਤੜਕਸਾਰ ਮਜੀਠਾ ਥਾਣੇ ਦੀ ਪੁਲੀਸ ਵੱਲੋਂ ਹਿਰਾਸਤ ਵਿੱਚ ਲੈ ਲਿਆ ਗਿਆ ਤੇ ਲਗਭਗ 12 ਘੰਟੇ ਮਜੀਠਾ ਥਾਣੇ ਵਿੱਚ ਰੱਖਣ ਉਪਰੰਤ ਦੇਰ ਸ਼ਾਮ ਰਿਹਾਅ ਕਰ ਦਿੱਤਾ ਗਿਆ।

ਬਾਬਾ ਮਹਿਰਾਜ ਨੂੰ ਵੀ ਘਰ ਵਿੱਚ ਡੱਕਿਆ

ਬਠਿੰਡਾ (ਮਨੋਜ ਸ਼ਰਮਾ):

ਇਥੇ ਪੁਲੀਸ ਨੇ ਕਈ ਸਮਾਜਿਕ ਜਥੇਬੰਦੀਆਂ ਦੇ ਆਗੂਆਂ ਨੂੰ ਗ੍ਰਿਫਤਾਰ ਕਰ ਲਿਆ ਅਤੇ ਦਲ ਖਾਲਸਾ ਦੇ ਸੀਨੀਅਰ ਆਗੂ ਬਾਬਾ ਹਰਦੀਪ ਸਿੰਘ ਮਹਿਰਾਜ ਨੂੰ ਘਰ ’ਚ ਹੀ ਨਜ਼ਰਬੰਦ ਕਰ ਦਿੱਤਾ। ਵੱਡੀ ਗਿਣਤੀ ਪੁਲੀਸ ਮੁਲਾਜ਼ਮਾਂ ਨੂੰ ਬਾਬਾ ਮਹਿਰਾਜ ਦੇ ਘਰ ਨੂੰ ਘੇਰਾ ਪਾਈ ਰੱਖਿਆ।

Advertisement