ਸੰਘਰਸ਼ ਦੇ ਰਾਹ ਪਏ ਕਿਸਾਨ ਜਥੇਬੰਦੀਆਂ ਦੇ ਕਾਰਕੁਨ
ਸੰਤੋਖ ਸਿੰਘ ਗਿੱਲ
ਰਾਏਕੋਟ, 26 ਨਵੰਬਰ
ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਕਈ ਜਥੇ ਵੱਖ-ਵੱਖ ਪਿੰਡਾਂ ਤੋਂ ਚੰਡੀਗੜ੍ਹ ਪੁੱਜੇ। ਜਾਣਕਾਰੀ ਮੁਤਬਾਕ ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਤਰਲੋਚਨ ਸਿੰਘ ਝੋਰੜਾਂ ਦੀ ਅਗਵਾਈ ਵਿੱਚ ਜਥਾ ਪਿੰਡ ਝੋਰੜਾਂ ਤੋਂ ਚੰਡੀਗੜ੍ਹ ਲਈ ਰਵਾਨਾ ਹੋਇਆ ਸੀ। ਕਿਸਾਨ ਆਗੂਆਂ ਨੇ ਕਿਹਾ ਕਿ ਫ਼ਸਲਾਂ ਲਈ ਘੱਟੋ-ਘੱਟ ਸਮਰਥਨ ਮੁੱਲ ਦੀ ਗਾਰੰਟੀ ਦਾ ਕਾਨੂੰਨ, ਕਾਰਪੋਰੇਟ ਘਰਾਣਿਆਂ ਦੀ ਤਰਜ਼ ’ਤੇ ਕਿਸਾਨਾਂ ਅਤੇ ਮਜ਼ਦੂਰਾਂ ਦਾ ਸਮੁੱਚਾ ਕਰਜ਼ ਮੁਆਫ਼ ਕਰਨ, ਹੜ੍ਹਾਂ ਵਿੱਚ ਹੋਏ ਨੁਕਸਾਨ ਦਾ ਮੁਕੰਮਲ ਮੁਆਵਜ਼ਾ, ਲਖੀਮਪੁਰ-ਖੀਰੀ ਦੇ ਸ਼ਹੀਦਾਂ ਲਈ ਇਨਸਾਫ਼, ਬਿਜਲੀ ਦੇ ਨਿੱਜੀਕਰਨ ਦਾ ਬਿਜਲੀ ਸੋਧ ਬਿੱਲ ਵਾਪਸ ਲੈਣ ਅਤੇ ਚਿੱਪ ਵਾਲੇ ਮੀਟਰ ਬੰਦ ਕਰਨ ਆਦਿ ਮੰਗਾਂ ਦੀ ਪ੍ਰਾਪਤੀ ਲਈ ਨਿਰਣਾਇਕ ਸੰਘਰਸ਼ ਵਿੱਢਿਆ ਗਿਆ ਹੈ।
ਕਿਸਾਨ ਆਗੂਆਂ ਨੇ ਕਿਹਾ ਕਿ ਕੁਝ ਮੰਗਾਂ ਕੇਂਦਰ ਸਰਕਾਰ ਅਤੇ ਕੁਝ ਪੰਜਾਬ ਸਰਕਾਰ ਨਾਲ ਸਬੰਧਤ ਹਨ। ਜਥੇ ਵਿੱਚ ਜ਼ਿਲ੍ਹਾ ਸਕੱਤਰ ਸਾਧੂ ਸਿੰਘ ਅੱਚਰਵਾਲ, ਜਗਰੂਪ ਸਿੰਘ ਗਿੱਲ, ਜਿੰਦਰ ਮਾਣੂੰਕੇ, ਬਲਵਿੰਦਰ ਸਿੰਘ, ਸੁਖਜੀਤ ਸਿੰਘ, ਰਮਨਜੀਤ ਝੋਰੜਾਂ ਸਮੇਤ ਹੋਰ ਕਿਸਾਨ ਆਗੂ ਵੀ ਸ਼ਾਮਲ ਸਨ। ਕਿਸਾਨਾਂ ਨੇ ਮੌਸਮ ਨੂੰ ਧਿਆਨ ਵਿੱਚ ਰੱਖਦਿਆਂ ਆਪਣੀਆਂ ਟਰਾਲੀਆਂ ਵਿੱਚ ਸਭ ਤਰ੍ਹਾਂ ਦੇ ਪ੍ਰਬੰਧ ਕੀਤੇ ਹੋਏ ਸਨ।
ਖੇਤ ਮਜ਼ਦੂਰ ਯੂਨੀਅਨ ਦੀ ਮੀਟਿੰਗ ਵਿੱਚ ਮੰਗਾਂ ’ਤੇ ਚਰਚਾ
ਮਾਛੀਵਾੜਾ (ਗੁਰਦੀਪ ਸਿੰਘ ਟੱਕਰ): ਪਿੰਡ ਝੜੌਦੀ ਵਿੱਚ ਖੇਤ ਮਜ਼ਦੂਰ ਯੂਨੀਅਨ ਦੀ ਮੀਟਿੰਗ ਨਿਰਮਲ ਸਿੰਘ ਮੁਗਲੇਵਾਲ, ਭਜਨ ਸਿੰਘ ਸਮਰਾਲਾ, ਦਰਬਾਰਾ ਸਿੰਘ ਬੌਂਦਲੀ ਤੇ ਸ਼ਿੰਗਾਰਾ ਸਿੰਘ ਜਾਤੀਵਾਲ ਦੀ ਪ੍ਰਧਾਨਗੀ ਹੇਠ ਕੀਤੀ ਗਈ। ਯੂਨੀਅਨ ਦੇ ਸੂਬਾ ਸਕੱਤਰ ਸਾਥੀ ਭਜਨ ਸਿੰਘ ਸਮਰਾਲਾ, ਰਣਜੀਤ ਸਿੰਘ ਮਾਛੀਵਾੜਾ ਅਤੇ ਆਲ ਇੰਡੀਆ ਕਿਸਾਨ ਸਭਾ ਤਹਿਸੀਲ ਸਮਰਾਲਾ ਦੇ ਮੀਤ ਪ੍ਰਧਾਨ ਸਾਥੀ ਗੁਰਦੀਪ ਸਿੰਘ ਢੋਲਣਵਾਲ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਅਤੇ ਟਰੇਡ ਯੂਨੀਅਨਾਂ ਦੇ ਸਾਂਝੇ ਮੋਰਚੇ ਦੇ ਸੱਦੇ ’ਤੇ ਦੇਸ਼ ਭਰ ਦੇ ਗਵਰਨਰਾਂ ਦਾ ਘਿਰਾਓ ਕੀਤਾ ਜਾਵੇਗਾ ਕਿਉਂਕਿ ਮੋਦੀ ਸਰਕਾਰ ਵਲੋਂ ਸੰਯੁਕਤ ਮੋਰਚੇ ਨਾਲ ਕੀਤੇ ਵਾਅਦਿਆਂ ਤੋਂ ਮੁੱਖ ਮੋੜ ਲਿਆ ਹੈ ਅਤੇ ਵਾਅਦਾਖ਼ਿਲਾਫ਼ੀ ਕੀਤੀ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੇ ਮਜ਼ਦੂਰਾਂ ਲਈ ਬਣੇ ਲੇਬਰ ਕਾਨੂੰਨਾਂ ਨੂੰ ਤੋੜਕੇ ਮਾਲਕਾਂ ਦੇ ਪੱਖ ਵਿੱਚ ਚਾਰ ਲੇਬਰ ਕੋਡ ਬਣਾ ਦਿੱਤੇ ਹਨ ਜਿਸ ਲਈ ਕਿਸਾਨ, ਮਜ਼ਦੂਰ, ਮੁਲਾਜ਼ਮ ਵਿਰੋਧੀ ਨੀਤੀਆਂ ਨੂੰ ਵਾਪਸ ਕਰਵਾਉਣ ਲਈ ਅਤੇ ਜਨਤਕ ਸੈਕਟਰ ਦੀ ਰਾਖੀ ਲਈ ਇਸ ਮੋਰਚੇ ਵਿਚ ਸ਼ਾਮਿਲ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਵਿੱਚ ਸਾਥੀ ਸ਼ਾਮਲ ਹੋਣਗੇ। ਇਸ ਮੌਕੇ ਸਾਥੀ ਜਗਮੀਤ ਸਿੰਘ ਖੇੜਾ, ਗੁਰਦੀਪ ਸਿੰਘ ਬੁੱਲੇਵਾਲ, ਮਸਤਾ ਸਿੰਘ ਜੱਸੋਵਾਲ, ਅਮਰ ਚੰਦ ਲੁਬਾਣਗੜ੍ਹ, ਚਰਨਜੀਤ ਸੰਮੂ, ਹਰਬੰਸ ਸਿੰਘ ਜਾਤੀਵਾਲ, ਬਚਨ ਸਿੰਘ ਖੇੜਾ, ਬਲਜੀਤ ਸਿੰਘ ਜੁਲਫ਼ਗੜ੍ਹ, ਨਿੱਕੂ ਸੈਂਸੋਵਾਲ, ਮੰਗਤ ਸਿੰਘ ਮਾਛੀਵਾੜਾ, ਜਸਵਿੰਦਰ ਸਿੰਘ ਜੱਸੀ ਲੁਬਾਣਗੜ੍ਹ, ਸਿਕੰਦਰ ਬਖ਼ਸ਼ ਮੰਡ ਚੌਂਤਾ ਆਦਿ ਹਾਜ਼ਰ ਸਨ।