ਟਰਾਲੇ ਦੀ ਲਪੇਟ ਵਿੱਚ ਆਉਣ ਕਾਰਨ ਐਕਟਿਵਾ ਸਵਾਰ ਦੀ ਮੌਤ
ਪੱਤਰ ਪ੍ਰੇਰਕ
ਪਠਾਨਕੋਟ, 14 ਦਸੰਬਰ
ਮਲਿਕਪੁਰ ਤੋਂ ਨਿਊ ਚੱਕੀ ਪੁਲ ਨੂੰ ਜੋੜਨ ਵਾਲੇ ਨੈਸ਼ਨਲ ਹਾਈਵੇਅ ’ਤੇ ਦੇਰ ਰਾਤ ਟਰਾਲੇ ਦੀ ਲਪੇਟ ਵਿੱਚ ਆਉਣ ਕਾਰਨ ਐਕਟਿਵਾ ਸਵਾਰ ਦੀ ਮੌਕੇ ’ਤੇ ਹੀ ਮੌਤ ਹੋ ਗਈ। ਜਦ ਹਾਦਸਾ ਵਾਪਰਿਆ ਤਾਂ ਟਰਾਲੇ ਦੇ ਪਿੱਛੇ ਚੱਲ ਰਿਹਾ ਕੈਂਟਰ ਵੀ ਟਰਾਲੇ ਵਿੱਚ ਜਾ ਵੱਜਾ ਪਰ ਕੈਂਟਰ ਦਾ ਡਰਾਈਵਰ ਵਾਲ-ਵਾਲ ਬਚ ਗਿਆ। ਇਸ ਹਾਦਸੇ ਵਿੱਚ ਐਕਟਿਵਾ ਸਵਾਰ ਮ੍ਰਿਤਕ ਦੀ ਸ਼ਨਾਖਤ ਗੁਰਮੀਤ ਸਿੰਘ (31) ਵਾਸੀ ਮਲਿਕਪੁਰ ਵਜੋਂ ਹੋਈ ਹੈ ਜੋ ਵਿਆਹ ਸਮਾਗਮਾਂ ਵਿੱਚ ਫੋਟੋਗਰਾਫੀ ਦਾ ਕੰਮ ਕਰਦਾ ਸੀ।
ਮ੍ਰਿਤਕ ਦੇ ਪਿਤਾ ਰਵਿੰਦਰ ਸਿੰਘ ਨੇ ਪੁਲੀਸ ਕੋਲ ਬਿਆਨ ਦਰਜ ਕਰਵਾਏ ਕਿ ਲੰਘੇ ਕੱਲ੍ਹ ਉਸ ਦੇ ਘਰ ਵਿਆਹ ਸਮਾਗਮ ਹੋਣ ਕਰਕੇ ਜਗਰਾਤਾ ਰੱਖਿਆ ਹੋਇਆ ਸੀ। ਉਸ ਦਾ ਬੇਟਾ ਗੁਰਮੀਤ ਸਿੰਘ ਐਕਟਿਵਾ ’ਤੇ ਸਵਾਰ ਹੋ ਕੇ ਆਪਣੀ ਮਾਸੀ ਦੀ ਲੜਕੀ ਨੂੰ ਲੈਣ ਲਈ ਉਨ੍ਹਾਂ ਦੇ ਘਰ ਪਠਾਨਕੋਟ ਦੀ ਧੱਕਾ ਕਲੋਨੀ ਜਾ ਰਿਹਾ ਸੀ ਜਦ ਕਿ ਉਸ ਦੇ ਥੋੜ੍ਹੀ ਦੂਰੀ ’ਤੇ ਉਹ ਵੀ ਪਿੱਛੇ-ਪਿੱਛੇ ਜਾ ਰਿਹਾ ਸੀ। ਇੰਨੇ ਨੂੰ ਟਰਾਲੇ ਨੇ ਅੱਗੇ ਚੱਲ ਰਹੇ ਉਸ ਦੇ ਬੇਟੇ ਦੀ ਐਕਟਿਵਾ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਜਿਸ ਨਾਲ ਉਸ ਦੇ ਬੇਟੇ ਦੀ ਮੌਕੇ ਤੇ ਮੌਤ ਹੋ ਗਈ। ਦੂਸਰੇ ਪਾਸੇ ਟਰਾਲੇ ਪਿੱਛੇ ਇੱਕ ਗੈਸ ਸਿਲੰਡਰਾਂ ਨਾਲ ਭਰਿਆ ਕੈਂਟਰ ਵੀ ਜਾ ਰਿਹਾ ਸੀ ਜੋ ਹਾਦਸਾ ਵਾਪਰਨ ਸਮੇਂ ਕੈਂਟਰ ਨਾਲ ਜਾ ਟਕਰਾਇਆ। ਥਾਣਾ ਡਵੀਜ਼ਨ ਨੰਬਰ-2 ਦੀ ਪੁਲੀਸ ਨੇ ਉਕਤ ਟਰਾਲੇ ਖਿਲਾਫ ਮਾਮਲਾ ਦਰਜ ਕਰਕੇ ਵਾਹਨਾਂ ਨੂੰ ਕਬਜ਼ੇ ਵਿੱਚ ਲੈ ਲਿਆ ਅਤੇ ਪੋਸਟਮਾਰਟਮ ਕਰਵਾਉਣ ਬਾਅਦ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ।