For the best experience, open
https://m.punjabitribuneonline.com
on your mobile browser.
Advertisement

ਕਿਸਾਨਾਂ ਵੱਲੋਂ ਡੀਸੀ ਦਫ਼ਤਰ ਅੱਗੇ ਮੁਜ਼ਾਹਰੇ

08:39 AM Dec 24, 2024 IST
ਕਿਸਾਨਾਂ ਵੱਲੋਂ ਡੀਸੀ ਦਫ਼ਤਰ ਅੱਗੇ ਮੁਜ਼ਾਹਰੇ
ਡੀਸੀ ਦਫ਼ਤਰ ਗੁਰਦਾਸਪੁਰ ਅੱਗੇ ਧਰਨਾ ਦਿੰਦੇ ਹੋਏ ਕਿਸਾਨ।
Advertisement

ਜਤਿੰਦਰ ਬੈਂਸ
ਗੁਰਦਾਸਪੁਰ, 23 ਦਸੰਬਰ
ਕਿਸਾਨੀ ਮੰਗਾਂ ਨੂੰ ਲੈ ਕੇ ਭੁੱਖ ਹੜਤਾਲ ’ਤੇ ਚੱਲ ਰਹੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੇ ਹੱਕ ਵਿੱਚ ਅੱਜ ਇਲਾਕੇ ਦੇ ਵੱਡੀ ਕਿਸਾਨਾਂ ਵੱਲੋਂ ਸੰਯੁਕਤ ਕਿਸਾਨ ਮੋਰਚਾ ਦੀ ਅਗਵਾਈ ਹੇਠ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਧਰਨਾ ਦਿੱਤਾ ਗਿਆ। ਡਿਪਟੀ ਕਮਿਸ਼ਨਰ ਗੁਰਦਾਸਪੁਰ ਰਾਹੀਂ ਰਾਸ਼ਟਰਪਤੀ ਦਰੋਪਦੀ ਮੁਰਮੂ ਨੂੰ ਮੰਗ-ਪੱਤਰ ਭੇਜ ਕੇ ਮਰਨ ਵਰਤ ਉੱਤੇ ਬੈਠੇ ਜਗਜੀਤ ਸਿੰਘ ਡੱਲੇਵਾਲ ਦੀ ਜਾਨ ਬਚਾਉਣ ਲਈ ਕੇਂਦਰ ਦੀ ਮੋਦੀ ਸਰਕਾਰ ਆਪਣੇ 9 ਦਸੰਬਰ 2021 ਦੇ ਦਿੱਲੀ ਬਾਰਡਰ ’ਤੇ ਕੀਤੇ ਲਿਖਤੀ ਸਮਝੌਤੇ ਮੁਤਾਬਕ ਫੌਰੀ ਤੌਰ ’ਤੇ ਐੱਮਐੱਸਪੀ ਕਾਨੂੰਨ ਦੀ ਗਾਰੰਟੀ, ਨਵਾਂ ਮੰਡੀਕਰਨ ਖਰੜਾ ਲਾਗੂ ਕਰਨ ਅਤੇ ਝੋਨੇ ਦੀ ਦਿੱਤੀ ਘੱਟ ਕੀਮਤ ਦੇ ਮੁਆਵਜ਼ੇ ਸਮੇਤ ਹੋਰਨਾਂ ਕਿਸਾਨੀ ਮੰਗਾਂ ਦੇ ਹੱਲ ਦੀ ਮੰਗ ਕੀਤੀ ਗਈ। ਸਵੇਰੇ ਇੱਥੇ ਗੁਰੂ ਨਾਨਕ ਪਾਰਕ ਵਿੱਚ ਸਾਰੀਆਂ ਜਥੇਬੰਦੀਆਂ ਨਾਲ ਸਬੰਧਤ ਕਿਸਾਨ ਤੇ ਮਜ਼ਦੂਰਾਂ ਨੇ ਇਕੱਠੇ ਹੋ ਕੇ ਇੱਕਜੁਟਤਾ ਦਾ ਇਜ਼ਹਾਰ ਕੀਤਾ ਅਤੇ ਨਾਅਰੇਬਾਜ਼ੀ ਕਰਦੇ ਡੀਸੀ ਦਫ਼ਤਰ ਵੱਲ ਰਵਾਨਾ ਹੋਏ। ਇਸ ਮੌਕੇ ਮੱਖਣ ਸਿੰਘ ਕੁਹਾੜ, ਬਲਬੀਰ ਸਿੰਘ ਬੈਂਸ, ਤਰਲੋਕ ਸਿੰਘ ਬਹਿਰਾਮਪੁਰ, ਦਿਲਬਾਗ ਸਿੰਘ ਡੋਗਰ, ਨਰਿੰਦਰ ਸਿੰਘ ਰੰਧਾਵਾ ਤੇ ਹੋਰ ਆਗੂ ਹਾਜ਼ਰ ਸਨ।
ਅੰਮ੍ਰਿਤਸਰ (ਜਗਤਾਰ ਸਿੰਘ ਲਾਂਬਾ): ਸੰਯੁਕਤ ਕਿਸਾਨ ਮੋਰਚਾ ਦੇ ਸੱਦੇ ’ਤੇ ਮੋਰਚੇ ’ਚ ਸ਼ਾਮਲ ਜਥੇਬੰਦੀਆਂ ਨਾਲ ਸਬੰਧਤ ਕਿਸਾਨਾਂ, ਮਜ਼ਦੂਰਾਂ, ਟਰੇਡ ਯੂਨੀਅਨਾਂ, ਨੌਜਵਾਨਾਂ, ਔਰਤਾਂ ਦੇ ਆਗੂਆਂ ਤੇ ਕਾਰਕੁਨਾਂ ਨੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਜਾਨ ਬਚਾਉਣ ਲਈ ਕੇਂਦਰ ਸਰਕਾਰ ’ਤੇ ਦਬਾਅ ਪਾਉਣ, ਦੇਸ਼ ਵਿਰੋਧੀ ਕੌਮੀ ਖੇਤੀ ਮਾਰਕੀਟਿੰਗ ਪਾਲਿਸੀ ਵਾਪਸ ਕਰਾਉਣ ਤੇ ਕੇਂਦਰ ਸਰਕਾਰ ਨੂੰ 9 ਦਸੰਬਰ 2021 ਸਮਝੌਤਿਆਂ ਅਨੁਸਾਰ ਸਾਰੇ ਬਕਾਇਆ ਮੁੱਦਿਆਂ ਨੂੰ ਹੱਲ ਕਰਵਾਉਣ ਆਦਿ ਫੌਰੀ ਮੰਗਾਂ ਦੀ ਪ੍ਰਾਪਤੀ ਲਈ ਡੀਸੀ ਦਫ਼ਤਰ ਸਾਹਮਣੇ ਧਰਨਾ ਦਿੱਤਾ।
ਧਰਨੇ ਦੀ ਪ੍ਰਧਾਨਗੀ ਕਸ਼ਮੀਰ ਸਿੰਘ ਧੰਗਈ, ਕੁਲਵੰਤ ਸਿੰਘ ਮੱਲੂਨੰਗਲ, ਸੁਖਦੇਵ ਸਿੰਘ ਸੈਸਰਾ, ਸਵਿੰਦਰ ਸਿੰਘ ਮੀਰਾਂਕੋਟ, ਗੁਰਲਾਲ ਸਿੰਘ ਲਾਲੀ, ਅਮਰੀਕ ਸਿੰਘ ਸੰਗਤਪੁਰਾ ਤੇ ਮੰਗਲ ਸਿੰਘ ਧਰਮਕੋਟ ਨੇ ਕੀਤੀ। ਇਕੱਠ ਨੂੰ ਜਮਹੂਰੀ ਕਿਸਾਨ ਸਭਾ ਦੇ ਪ੍ਰਧਾਨ ਡਾ. ਸਤਨਾਮ ਸਿੰਘ ਅਜਨਾਲਾ, ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੀਨੀਅਰ ਆਗੂ ਡਾ. ਪਰਮਿੰਦਰ ਸਿੰਘ, ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਜਤਿੰਦਰ ਸਿੰਘ ਛੀਨਾ, ਆਲ ਇੰਡੀਆ ਕਿਸਾਨ ਸਭਾ ਦੇ ਸੀਨੀਅਰ ਆਗੂ ਸੁੱਚਾ ਸਿੰਘ ਅਜਨਾਲਾ, ਆਲ ਇੰਡੀਆ ਕਿਸਾਨ ਸਭਾ (ਅਜੇ-ਭਵਨ) ਦੇ ਸੂਬਾ ਮੀਤ ਪ੍ਰਧਾਨ ਲਖਬੀਰ ਸਿੰਘ ਨਿਜ਼ਾਮਪੁਰਾ, ਬੀਕੇਯੂ ਰਾਜੇਵਾਲ ਤੇ ਆਗੂ ਸੁਖਰਾਮਜੀਤ ਸਿੰਘ ਲੁਹਾਰਕਾ, ਆਜ਼ਾਦ ਕਿਸਾਨ ਸੰਘਰਸ਼ ਕਮੇਟੀ ਦੇ ਆਗੂ ਨਿਸ਼ਾਨ ਸਿੰਘ ਸਾਂਘਣਾ, ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੇ ਗੁਰਦੇਵ ਸਿੰਘ ਵਰਪਾਲ ਅਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂ ਜਰਮਨਜੀਤ ਸਿੰਘ ਬੰਡਾਲਾ ਨੇ ਸੰਬੋਧਨ ਕੀਤਾ। ਧਰਨੇ ਦੌਰਾਨ ਭਾਰਤ ਦੀ ਰਾਸ਼ਟਰਪਤੀ ਦੇ ਨਾਂ ਡੀਸੀ ਨੂੰ ਮੰਗ ਪੱਤਰ ਦਿੱਤਾ ਗਿਆ।
ਤਰਨ ਤਾਰਨ (ਗੁਰਬਖਸ਼ਪੁਰੀ): ਸੰਯੁਕਤ ਕਿਸਾਨ ਮੋਰਚਾ ਦੀਆਂ ਸਹਿਯੋਗੀ ਕਿਸਾਨ ਜਥੇਬੰਦੀਆਂ ਵੱਲੋਂ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਸਾਹਮਣੇ ਧਰਨਾ ਦਿੱਤਾ ਅਤੇ ਡੀਸੀ ਨੂੰ ਦੇਸ਼ ਦੇ ਰਾਸ਼ਟਰਪਤੀ ਦੇ ਨਾਂ ਮੰਗ ਪੱਤਰ ਦਿੱਤਾ| ਧਰਨਾਕਾਰੀਆਂ ਨੂੰ ਕਿਸਾਨ ਆਗੂ ਦਲਜੀਤ ਸਿੰਘ, ਨਛੱਤਰ ਸਿੰਘ ਪੰਨੂ, ਮਹਾਂਬੀਰ ਸਿੰਘ ਗਿੱਲ, ਗੁਰਚਰਨ ਸਿੰਘ ਸਭਰਾ, ਹਰਜਿੰਦਰ ਸਿੰਘ ਟਾਂਡਾ, ਨਿਰਵੈਰ ਸਿੰਘ, ਸੁਖਵਿੰਦਰ ਸਿੰਘ, ਪੂਰਨ ਸਿੰਘ ਮਾੜੀਮੇਘਾ, ਮਨਜੀਤ ਸਿੰਘ ਬੱਗੂ, ਹਰਦੀਪ ਸਿੰਘ ਕੱਦਗਿੱਲ, ਬਲਕਾਰ ਸਿੰਘ ਵਲਟੋਹਾ, ਸੁਖਚੈਨ ਸਿੰਘ ਸਰਹਾਲੀ ਅਤੇ ਮਾਸਟਰ ਹਰਭਜਨ ਸਿੰਘ ਨੇ ਸੰਬੋਧਨ ਕੀਤਾ|

Advertisement

ਪਠਾਨਕੋਟ: ਡੀਸੀ ਨੂੰ ਮੰਗ ਪੱਤਰ ਦਿੱਤਾ

ਪਠਾਨਕੋਟ (ਐੱਨ.ਪੀ.ਧਵਨ): ਸੰਯੁਕਤ ਕਿਸਾਨ ਮੋਰਚਾ ਪਠਾਨਕੋਟ ਵੱਲੋਂ ਕੇਵਲ ਕਾਲੀਆ ਦੀ ਅਗਵਾਈ ਵਿੱਚ ਡੀਸੀ ਦਫਤਰ ਮੂਹਰੇ ਰੋਸ ਧਰਨਾ ਦੇ ਕੇ ਨਵੀਂ ਮਾਰਕੀਟਿੰਗ ਪਾਲਸੀ ਦੀਆਂ ਕਾਪੀਆਂ ਸਾੜੀਆਂ ਗਈਆਂ ਅਤੇ ਡੀਸੀ ਆਦਿੱਤਿਆ ਉਪਲ ਨੂੰ ਮੰਗ ਪੱਤਰ ਦਿੱਤਾ ਗਿਆ। ਇਸ ਧਰਨੇ ਨੂੰ ਬਲਵੰਤ ਘੋਹ, ਕੇਵਲ ਸਿੰਘ ਕੰਗ, ਪਰਮਜੀਤ, ਪ੍ਰਗਟ ਸਿੰਘ, ਪ੍ਰਸ਼ੋਤਮ ਕੁਮਾਰ, ਸੁਧਾ ਰਾਣੀ, ਬਲਦੇਵ ਭੋਆ, ਅਮਰ ਕ੍ਰਾਂਤੀ, ਮੁਖਤਾਰ ਸਿੰਘ ਤੇ ਆਈ ਐੱਸ ਗੁਲਾਟੀ ਨੇ ਸੰਬੋਧਨ ਕੀਤਾ। ਬੁਲਾਰਿਆਂ ਨੇ ਕਿਹਾ ਕਿ ਸਰਕਾਰ ਅੜੀਅਲ ਵਤੀਰਾ ਤਿਆਗ ਕੇ ਕਿਸਾਨਾਂ ਨਾਲ ਗੱਲ ਕਰੇ। ਉਨ੍ਹਾਂ ਦਾ ਕਹਿਣਾ ਸੀ ਕਿ ਡੱਲੇਵਾਲ ਦੀ ਹਾਲਤ ਚਿੰਤਾਜਨਕ ਬਣੀ ਹੋਈ ਹੈ ਅਤੇ ਉਨ੍ਹਾਂ ਦੀ ਜਾਨ ਬਚਾਈ ਜਾਵੇ, ਦਿੱਲੀ ਕੂਚ ਕਰ ਰਹੇ ਕਿਸਾਨਾਂ ਤੇ ਜਬਰ ਬੰਦ ਕੀਤਾ ਜਾਵੇ ਤੇ ਕਿਸਾਨਾਂ ਦੇ ਕਰਜ਼ੇ ਮੁਆਫ਼ ਕੀਤੇ ਜਾਣ।

Advertisement

ਸ਼ੰਭੂ ਅਤੇ ਖਨੌੜੀ ਸਰਹੱਦ ’ਤੇ ਚੱਲ ਰਹੇ ਅੰਦੋਲਨ ਦੀ ਹਮਾਇਤ

ਹੁਸ਼ਿਆਰਪੁਰ (ਹਰਪ੍ਰੀਤ ਕੌਰ): ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਮੋਰਚੇ ਦੀਆਂ 11 ਜਥੇਬੰਦੀਆਂ ਨੇ ਵੱਡੀ ਗਿਣਤੀ ਵਿੱਚ ਡਿਪਟੀ ਕਮਿਸ਼ਨਰ ਦਫ਼ਤਰ ਹੁਸ਼ਿਆਰਪੁਰ ਦੇ ਬਾਹਰ ਧਰਨਾ ਮਾਰਿਆ। ਵੱਖ-ਵੱਖ ਜਥੇਬੰਦੀਆਂ ਦੇ ਬੁਲਾਰਿਆਂ ਨੇ ਸ਼ੰਭੂ ਅਤੇ ਖਨੌੜੀ ਸਰਹੱਦ ’ਤੇ ਚੱਲ ਰਹੇ ਅੰਦੋਲਨ ਦੀ ਹਮਾਇਤ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਨੂੰ ਦਸੰਬਰ 2021 ਵਿੱਚ ਮੰਨੀਆਂ ਹੋਈਆਂ ਸਾਰੀਆਂ ਮੰਗਾਂ ਮੰਨ ਕੇ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ ਖਤਮ ਕਰਾਉਣਾ ਚਾਹੀਦਾ ਹੈ। ਧਰਨੇ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਰਾਜਿੰਦਰ ਸਿੰਘ ਆਜ਼ਾਦ ਅਤੇ ਸ਼ਿੰਗਾਰਾ ਸਿੰਘ ਮਕੀਮਪੁਰ, ਕਿਰਤੀ ਕਿਸਾਨ ਯੂਨੀਅਨ ਦੇ ਜਗਤਾਰ ਸਿੰਘ ਭਿੰਡਰ ਅਤੇ ਭੁਪਿੰਦਰ ਭੂੰਗਾ, ਜਮਹੂਰੀ ਕਿਸਾਨ ਸਭਾ ਦੇ ਦਵਿੰਦਰ ਸਿੰਘ ਕੱਕੋਂ ਅਤੇ ਸਵਰਨ ਸਿੰਘ ਮੁਕੇਰੀਆਂ, ਕੁੱਲ ਹਿੰਦ ਕਿਸਾਨ ਸਭਾ ਦੇ ਦਰਸ਼ਨ ਸਿੰਘ ਮੱਟੂ ਅਤੇ ਆਸ਼ਾ ਨੰਦ, ਪੰਜਾਬ ਕਿਸਾਨ ਯੂਨੀਅਨ ਨੇ ਚਰਨਜੀਤ ਸਿੰਘ ਭਿੰਡਰ, ਮਾਝਾ ਕਿਸਾਨ ਸੰਘਰਸ਼ ਕਮੇਟੀ ਦੇ ਰੌਸ਼ਨ ਖਾਨ, ਬਲਜੀਤ ਸਿੰਘ, ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਪਵਿੱਤਰ ਧੁੱਗਾ ਅਤੇ ਸਤਪਾਲ ਡਡਿਆਣਾ, ਦੋਆਬਾ ਕਿਸਾਨ ਕਮੇਟੀ ਦੇ ਸਤਪਾਲ ਮਿਰਜ਼ਾਪੁਰ ਅਤੇ ਪਰਮਿੰਦਰ ਸਿੰਘ ਸਮਰਾ ਤੇ ਜਮਹੂਰੀ ਅਧਿਕਾਰ ਸਭਾ ਦੇ ਡਾ. ਤੇਜਪਾਲ ਤੇ ਹੋਰ ਆਗੂ ਸਨ।

Advertisement
Author Image

sukhwinder singh

View all posts

Advertisement