ਸੰਜੌਲੀ ਮਸਜਿਦ ਦਾ ਗ਼ੈਰਕਾਨੂੰਨੀ ਹਿੱਸਾ ਢਾਹੁਣ ਦੀ ਕਾਰਵਾਈ ਸ਼ੁਰੂ
ਸ਼ਿਮਲਾ, 21 ਅਕਤੂਬਰ
ਵਕਫ਼ ਬੋਰਡ ਦੀ ਮਨਜ਼ੂਰੀ ਮਿਲਣ ਮਗਰੋਂ ਸ਼ਿਮਲਾ ਵਿੱਚ ਵਿਵਾਦਤ ਸੰਜੌਲੀ ਮਸਜਿਦ ਦੀਆਂ ਗ਼ੈਰਕਾਨੂੰਨੀ ਤਿੰਨ ਮੰਜ਼ਿਲਾਂ ਨੂੰ ਢਾਹੁਣ ਦੀ ਕਾਰਵਾਈ ਅੱਜ ਸ਼ੁਰੂ ਕਰ ਦਿੱਤੀ ਗਈ ਹੈ। ਮਸਜਿਦ ਦੀ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਮੁਹੰਮਦ ਲਤੀਫ਼ ਨੇ ਦੱਸਿਆ ਕਿ ਸਖ਼ਤ ਪੁਲੀਸ ਸੁਰੱਖਿਆ ਦੌਰਾਨ ਨੂੰ ਢਾਹੁਣ ਦੀ ਕਾਰਵਾਈ ਸ਼ੁਰੂ ਕੀਤੀ ਗਈ। ਉਨ੍ਹਾਂ ਕਿਹਾ, “ਵਕਫ਼ ਬੋਰਡ ਨੇ ਸਾਨੂੰ ਇਜਾਜ਼ਤ ਦੇ ਦਿੱਤੀ ਹੈ, ਜਿਸ ਮਗਰੋਂ ਮਜ਼ਦੂਰਾਂ ਨੂੰ ਬੁਲਾਇਆ ਗਿਆ ਅਤੇ ਛੱਤ ਢਾਹੁਣ ਦਾ ਕੰਮ ਸ਼ੁਰੂ ਹੋ ਗਿਆ।” ਲਤੀਫ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਵਕਫ਼ ਬੋਰਡ ਅਤੇ ਸੰਜੌਲੀ ਮਸਜਿਦ ਕਮੇਟੀ ਦੇ ਪ੍ਰਧਾਨ ਨੇ ਮਿਉਂਸਿਪਲ ਕਮਿਸ਼ਨਰ (ਐੱਮਸੀ) ਅਦਾਲਤ ਤੋਂ 5 ਅਕਤੂਬਰ ਨੂੰ ਆਦੇਸ਼ ਮਿਲਣ ਮਗਰੋਂ ਪੰਜ ਮੰਜ਼ਿਲਾ ਵਿਵਾਦਿਤ ਢਾਂਚੇ ਦੀਆਂ ਤਿੰਨ ਮੰਜ਼ਿਲਾਂ ਨੂੰ ਢਾਹੁਣ ਦੀ ਮਨਜ਼ੂਰੀ ਦੇ ਦਿੱਤੀ।’’
ਸ਼ਿਮਲਾ ਨਗਰ ਨਿਗਮ ਕਮਿਸ਼ਨਰ ਨੇ ਸੰਜੌਲੀ ਮਸਜਿਦ ਦੀਆਂ ਉੱਪਰਲੀਆਂ ਤਿੰਨ ਗ਼ੈਰਕਾਨੂੰਨੀ ਮੰਜ਼ਿਲਾਂ ਢਾਹੁਣ ਦਾ ਹੁਕਮ ਜਾਰੀ ਕਰਦਿਆਂ ਵਕਫ ਬੋਰਡ ਨੂੰ ਹੁਕਮ ਲਾਗੂ ਕਰਨ ਲਈ ਦੋ ਮਹੀਨੇ ਦਾ ਸਮਾਂ ਦਿੱਤਾ ਸੀ। ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਕਿਹਾ ਕਿ ਸੂਬੇ ਵਿੱਚ ਇਸ ਤਰ੍ਹਾਂ ਦੀ ਇਹ ਪਹਿਲੀ ਮਿਸਾਲ ਹੈ ਜਿੱਥੇ ਮੁਸਲਮਾਨ ਸ਼ਾਂਤੀ ਰੱਖਣ ਲਈ ਮਸਜਿਦ ਦੀ ਨਾਜਾਇਜ਼ ਉਸਾਰੀ ਨੂੰ ਢਾਹੁਣ ਲਈ ਖੁਦ ਅੱਗੇ ਆਏ ਹਨ। ਉਧਰ, ਹਿਮਾਚਲ ਪ੍ਰਦੇਸ਼ ਹਾਈ ਕੋਰਟ ਨੇ ਐੱਮਸੀ ਅਦਾਲਤ ਨੂੰ ਸੰਜੌਲੀ ਮਸਜਿਦ ਦੇ 15 ਸਾਲ ਪੁਰਾਣੇ ਕੇਸ ਬਾਰੇ ਅੱਠ ਹਫ਼ਤਿਆਂ ਅੰਦਰ ਫ਼ੈਸਲਾ ਲੈਣ ਦਾ ਨਿਰਦੇਸ਼ ਦਿੱਤਾ। ਆਲ ਹਿਮਾਚਲ ਮੁਸਲਿਮ ਆਰਗੇਨਾਈਜੇਸ਼ਨ (ਏਐੱਚਐੱਮਓ) ਨੇ ਵੀ ਐੱਮਸੀ ਕੋਰਟ ਦੇ ਆਦੇਸ਼ ਨੂੰ ਅਪੀਲੀ ਅਥਾਰਟੀ ਤੇ ਇਸ ਮਾਮਲੇ ਨੂੰ ਸੁਪਰੀਮ ਕੋਰਟ ’ਚ ਚੁਣੌਤੀ ਦੇਣ ਦਾ ਐਲਾਨ ਕੀਤਾ ਹੈ। -ਪੀਟੀਆਈ