ਆਯੁਰਵੈਦ ਦੇ ਨਾਮ ’ਤੇ ਝੂਠੇ ਦਾਅਵੇ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਹੋਵੇ: ਮੁਰਮੂ
ਨਵੀਂ ਦਿੱਲੀ, 9 ਅਕਤੂਬਰ
ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਅੱਜ ਰਵਾਇਤੀ ਦਵਾਈ ਪ੍ਰਣਾਲੀ ਵਿੱਚ ਲੋਕਾਂ ਦੇ ਵਿਸ਼ਵਾਸ ਦਾ ਫਾਇਦਾ ਉਠਾਉਂਦਿਆਂ ਆਯੁਰਵੈਦ ਦੇ ਨਾਮ ’ਤੇ ਝੂਠੇ ਅਤੇ ਗੁਮਰਾਹਕੁਨ ਦਾਅਵੇ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਆਲ ਇੰਡੀਆ ਇੰਸਟੀਚਿਊਟ ਆਫ ਆਯੁਰਵੈਦ (ਏਆਈਆਈਏ) ਦੇ ਅੱਠਵੇਂ ਸਥਾਪਨਾ ਦਿਵਸ ਸਮਾਗਮ ਦੌਰਾਨ ਸੰਬੋਧਨ ਕਰਦਿਆਂ ਮੁਰਮੂ ਨੇ ਕਿਹਾ ਕਿ ਆਯੁਰਵੈਦ ਦੀ ਸਾਰਥਕਤਾ ਯਕੀਨੀ ਬਣਾਉਣ ਲਈ ਖੋਜ ਵਿੱਚ ਨਿਵੇਸ਼, ਦਵਾਈਆਂ ਦੀ ਗੁਣਵੱਤਾ ਵਿੱਚ ਨਿਰੰਤਰ ਸੁਧਾਰ ਅਤੇ ਆਯੁਰਵੈਦ ਦੇ ਅਧਿਐਨ ਨਾਲ ਸਬੰਧਤ ਵਿਦਿਅਕ ਸੰਸਥਾਵਾਂ ਦੇ ਸ਼ਕਤੀਕਰਨ ’ਤੇ ਧਿਆਨ ਦੇਣ ਦੀ ਲੋੜ ਹੈ।
ਉਨ੍ਹਾਂ ਕਿਹਾ, ‘ਆਯੁਰਵੈਦ ਵਿੱਚ ਸਾਡਾ ਪੀੜ੍ਹੀ ਦਰ ਪੀੜ੍ਹੀ ਅਟੁੱਟ ਵਿਸ਼ਵਾਸ ਰਿਹਾ ਹੈ। ਇਸ ਵਿਸ਼ਵਾਸ ਦਾ ਫਾਇਦਾ ਉਠਾਉਂਦਿਆਂ ਕੁਝ ਲੋਕ ਝੂਠੇ ਅਤੇ ਗੁਮਰਾਹਕੁਨ ਦਾਅਵੇ ਕਰਕੇ ਨਾ ਸਿਰਫ ਬੇਕਸੂਰ ਲੋਕਾਂ ਦਾ ਨੁਕਸਾਨ ਕਰਦੇ ਹਨ ਸਗੋਂ ਆਯੁਰਵੈਦ ਦਾ ਅਕਸ ਵੀ ਵਿਗਾੜਦੇ ਹਨ। ਅਜਿਹੇ ਲੋਕਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੀ ਲੋੜ ਹੈ।’ ਉਨ੍ਹਾਂ ਕਿਹਾ ਕਿ ਸਮੇਂ ਦੀ ਲੋੜ ਹੈ ਕਿ ਆਯੁਰਵੈਦਿਕ ਉਤਪਾਦਾਂ ਨੂੰ ਕੌਮਾਂਤਰੀ ਮਾਪਦੰਡਾਂ ਅਨੁਸਾਰ ਬਣਾਇਆ ਜਾਵੇ ਤਾਂ ਜੋ ਉਨ੍ਹਾਂ ਨੂੰ ਬਿਨਾਂ ਕਿਸੇ ਰੁਕਾਵਟ ਦੇ ਨਿਰਯਾਤ ਕੀਤਾ ਜਾ ਸਕੇ।
ਮੁਰਮੂ ਨੇ ਕਿਹਾ, ‘ਦੁਨੀਆ ਭਰ ਵਿੱਚ ਇਹ ਮਾਨਤਾ ਵਧ ਰਹੀ ਹੈ ਕਿ ਸਿਹਤਮੰਦ ਰਹਿਣ ਲਈ ਦਿਮਾਗ ਅਤੇ ਸਰੀਰ ਦੋਵਾਂ ਦਾ ਤੰਦਰੁਸਤ ਰਹਿਣਾ ਜ਼ਰੂਰੀ ਹੈ। ਆਯੁਰਵੈਦ ਅਤੇ ਯੋਗ ਸਿੱਖਣ ਦੀ ਇੱਛਾ ਦੁਨੀਆ ਭਰ ਦੇ ਲੋਕਾਂ ਨੂੰ ਭਾਰਤ ਵੱਲ ਖਿੱਚ ਰਹੀ ਹੈ।’ ਉਨ੍ਹਾਂ ਕਿਹਾ ਕਿ ਏਆਈਆਈਏ ਵੱਖ-ਵੱਖ ਸੰਸਥਾਵਾਂ ਦੇ ਸਹਿਯੋਗ ਨਾਲ ਕਈ ਖੋਜ ਪ੍ਰੋਜੈਕਟ ਚਲਾ ਰਿਹਾ ਹੈ। -ਪੀਟੀਆਈ
ਮੁਰਮੂ ਦਾ ਅਫਰੀਕੀ ਦੇਸ਼ਾਂ ਦਾ ਦੌਰਾ 13 ਤੋਂ
ਨਵੀਂ ਦਿੱਲੀ: ਰਾਸ਼ਟਰਪਤੀ ਦਰੋਪਦੀ ਮੁਰਮੂ 13 ਅਕਤੂਬਰ ਤੋਂ ਤਿੰਨ ਅਫਰੀਕੀ ਦੇਸ਼ਾਂ ਅਲਜੀਰੀਆ, ਮੌਰੀਤਾਨੀਆ ਅਤੇ ਮਲਾਵੀ ਦਾ ਦੌਰਾ ਕਰਨਗੇ, ਜੋ ਭਾਰਤ ਅਤੇ ਅਫਰੀਕਾ ਵਿਚਾਲੇ ‘ਵਧ ਰਹੀ ਭਾਈਵਾਲੀ’ ਦਾ ਪ੍ਰਤੀਕ ਹੈ। ਵਿਦੇਸ਼ ਮੰਤਰਾਲੇ ’ਚ ਸਕੱਤਰ (ਆਰਥਿਕ ਸਬੰਧ) ਦਾਮੂ ਰਵੀ ਨੇ ਦੱਸਿਆ ਕਿ ਅਫਰੀਕੀ ਯੂਨੀਅਨ ਦੇ ਪਿਛਲੇ ਸਾਲ ਭਾਰਤ ਦੀ ਪ੍ਰਧਾਨਗੀ ਹੇਠ ਹੋਏ ਜੀ-20 ਸੰਮੇਲਨ ’ਚ ਗਰੁੱਪ ਦਾ ਮੈਂਬਰ ਬਣਨ ਤੋਂ ਬਾਅਦ ਰਾਸ਼ਟਰਪਤੀ ਇਹ ਯਾਤਰਾ ਕਰ ਰਹੇ ਹਨ। ਰਵੀ ਨੇ ਕਿਹਾ ਕਿ ਅਫਰੀਕਨ ਯੂਨੀਅਨ ਵਿੱਚ 54 ਦੇਸ਼ ਸ਼ਾਮਲ ਹਨ। ਰਾਸ਼ਟਰਪਤੀ ਮੁਰਮੂ ਦੇ ਤਿੰਨ ਦੇਸ਼ਾਂ ਦੇ ਦੌਰੇ ਦਾ ਪਹਿਲਾ ਪੜਾਅ ਅਲਜੀਰੀਆ ਤੋਂ ਸ਼ੁਰੂ ਹੋਵੇਗਾ, ਫਿਰ ਉਹ ਮੌਰੀਤਾਨੀਆ ਅਤੇ ਮਲਾਵੀ ਜਾਣਗੇ। -ਪੀਟੀਆਈ