ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਧਰਮਾਂ ਦੀਆਂ ਵਲਗਣਾਂ ਦੇ ਪਾਰ

07:24 AM Sep 29, 2024 IST
ਰਾਮਚੰਦਰ ਗੁਹਾ

ਆਧੁਨਿਕ ਦੁਨੀਆ ਦੀਆਂ ਸਭ ਤੋਂ ਵੱਡੀਆਂ ਚੁਣੌਤੀਆਂ ’ਚੋਂ ਇੱਕ ਇਹ ਹੈ ਕਿ ਵੱਖ-ਵੱਖ ਧਰਮਾਂ ਦੇ ਲੋਕ ਆਪਸ ਵਿੱਚ ਮਿਲ-ਜੁਲ ਕੇ ਸ਼ਾਂਤੀ ਨਾਲ ਕਿਵੇਂ ਰਹਿਣ। ਮੱਧ ਪੂਰਬ ਅਤੇ ਦੱਖਣੀ ਏਸ਼ੀਆ ਵਿੱਚ ਧਾਰਮਿਕ ਬਹੁਗਿਣਤੀਵਾਦ ਦੇ ਸਿਧਾਂਤ ’ਤੇ ਰਾਸ਼ਟਰੀ ਰਾਜ ਦੇ ਗਠਨ ਅਤੇ ਗ਼ੈਰ-ਇਸਾਈ ਆਬਾਦੀ ਦੇ ਯੂਰੋਪ ਅਤੇ ਉੱਤਰੀ ਅਮਰੀਕਾ ਦੇ ਦੇਸ਼ਾਂ ਵੱਲ ਪਰਵਾਸ ਨਾਲ ਵੈਰਭਾਵੀ ਅਤੇ ਧਰਮ ਦੇ ਆਧਾਰ ’ਤੇ ਹਿੰਸਕ ਟਕਰਾਅ ਪੈਦਾ ਹੋਏ। ਹੰਕਾਰ ਅਤੇ ਸਰਬਸ਼੍ਰੇਸ਼ਠਤਾ ਦੀ ਭਾਵਨਾ ਅਕਸਰ ਸਹਿਣਸ਼ੀਲਤਾ ਅਤੇ ਆਪਸੀ ਸਮਝ-ਬੂਝ ਉੱਪਰ ਹਾਵੀ ਹੋ ਜਾਂਦੀ ਹੈ।
ਅਮਰੀਕੀ ਵਿਦਵਾਨ ਥਾਮਸ ਅਲਬਰਟ ਹਾਵਰਡ ਨੇ ਆਪਣੀ ਕਿਤਾਬ ‘ਦਿ ਫੇਥਸ ਆਫ ਅਦਰਜ਼: ਏ ਹਿਸਟਰੀ ਆਫ ਇੰਟਰਰਿਲੀਜੀਅਸ ਡਾਇਲਾਗ (New Haven: Yale University Press, 2021)’ ਵਿੱਚ ਵਡੇਰੀ ਅੰਤਰ-ਧਰਮੀ ਸਮਝ-ਬੂਝ ਬਾਰੇ ਕਾਫ਼ੀ ਸ਼ਿੱਦਤ ਨਾਲ ਲਿਖਿਆ ਹੈ। ਹਾਵਰਡ ਦੀ ਕਿਤਾਬ ਦਾ ਵੱਡਾ ਹਿੱਸਾ ਇਸਾਈਅਤ ’ਤੇ ਆਧਾਰਿਤ ਹੈ ਜਿਸ ਨਾਲ ਉਸ ਦੀ ਬਹੁਤੀ ਜਾਣ-ਪਛਾਣ ਸੀ। ਇਸਾਈ ਧਰਮ ਸ਼ਾਸਤਰੀ ਕਿਸੇ ਸਮੇਂ ਇਸ ਗੱਲ ਦੇ ਬਹੁਤ ਜ਼ਿਆਦਾ ਕਾਇਲ ਸਨ ਕਿ ਉਨ੍ਹਾਂ ਦਾ ਧਰਮ ਹੀ ਸੱਚਾ ਧਰਮ ਹੈ। ਵੀਹਵੀਂ ਸਦੀ ਵਿੱਚ ਇਹ ਧਾਰਨਾ ਬਦਲਣੀ ਸ਼ੁਰੂ ਹੋਈ। ਕਿਸੇ ਵੇਲੇ ਆਪਣੇ ਅਧਿਆਤਮਿਕ ਗੁਮਾਨ ਲਈ ਜਾਣੇ ਜਾਂਦੇ ਕੈਥੋਲਿਕ ਚਰਚ ਨੇ 1960 ਵਿੱਚ ਦੂਜੇ ਧਰਮਾਂ ਨੂੰ ਮਾਨਤਾ ਦੇਣ ਦੀ ਸਹਿਜ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਸੀ। ਅਗਸਤ 1964 ਦੇ ਇੱਕ ਬਿਆਨ ਵਿੱਚ ਪੋਪ ਨੇ ਕਿਹਾ ਸੀ ਕਿ ਉਨ੍ਹਾਂ ਦਾ ਚਰਚ ਵੱਖ-ਵੱਖ ‘ਗ਼ੈਰ-ਇਸਾਈ ਧਰਮਾਂ ਦੀਆਂ ਨੈਤਿਕ ਅਤੇ ਅਧਿਆਤਮਿਕ ਕਦਰਾਂ-ਕੀਮਤਾਂ ਨੂੰ ਮਾਨਤਾ ਤੇ ਸਤਿਕਾਰ ਦੇਵੇਗਾ...।’ ਪੱਚੀ ਸਾਲਾਂ ਬਾਅਦ ਇੱਕ ਹੋਰ ਪੋਪ ਨੇ ਅਗਾਂਹ ਆਖਿਆ ਕਿ ‘ਸੰਵਾਦ ਪੈਂਤੜੇਵਾਦੀ ਸਰੋਕਾਰਾਂ ਅਤੇ ਸਵੈ ਹਿੱਤ ’ਚੋਂ ਨਹੀਂ ਉਪਜਦਾ ਸਗੋਂ ਇਹ ਇੱਕ ਅਜਿਹੀ ਸਰਗਰਮੀ ਹੈ ਜਿਸ ਦੇ ਰਾਹ ਦਰਸਾਊ ਸਿਧਾਂਤ, ਲੋੜਾਂ ਅਤੇ ਆਤਮ-ਸਨਮਾਨ ਹੁੰਦਾ ਹੈ।’
ਹਾਵਰਡ ਦੇ ਅਧਿਐਨ ਵਿੱਚ ਅੰਤਰ-ਧਰਮੀ ਸੰਵਾਦ ਦੇ ਦੋ ਭਾਰਤੀ ਪੈਰਵੀਕਾਰਾਂ ਦਾ ਵੀ ਜ਼ਿਕਰ ਆਉਂਦਾ ਹੈ। ਇਨ੍ਹਾਂ ’ਚੋਂ ਇੱਕ ਹੈ ਮੁਗ਼ਲ ਸਮਰਾਟ ਅਕਬਰ ਜਿਸਦੇ ਮੁਤੱਲਕ ਉਸ ਨੇ ਬਹੁਤੀ ਸੇਧ 1952 ਵਿੱਚ ਮੱਖਣ ਲਾਲ ਰਾਏਚੌਧਰੀ ਦੀ ਲਿਖੀ ਕਿਤਾਬ ‘ਦੀਨ-ਏ-ਇਲਾਹੀ’ ’ਚੋਂ ਲਈ ਸੀ। ਖ਼ਾਸ ਤੌਰ ’ਤੇ ਮੇਰੀ ਨਜ਼ਰ ਇੱਕ ਖ਼ਤ ਉੱਪਰ ਅਟਕ ਗਈ ਜੋ ਬਾਦਸ਼ਾਹ ਅਕਬਰ ਨੇ ਆਪਣੇ ਸਮਕਾਲੀ ਸਪੇਨ ਦੇ ਬਾਦਸ਼ਾਹ ਕਿੰਗ ਫਿਲਿਪ ਦੋਇਮ ਨੂੰ ਲਿਖਿਆ ਸੀ। ਯਹੂਦੀਆਂ ਅਤੇ ਮੁਸਲਮਾਨਾਂ ਦੇ ਦੇਸ਼ ਨਿਕਾਲੇ ਤੋਂ ਬਾਅਦ ਸਪੇਨ ਦੇ ਕੈਥੋਲਿਕ ਧਰਮ ਵਿੱਚ ਕੱਟੜਪੁਣਾ ਵਧਦਾ ਜਾ ਰਿਹਾ ਸੀ। ਅਕਬਰ ਨੇ ਆਪਣੇ ਹਮਰੁਤਬਾ ਬਾਦਸ਼ਾਹ ਨੂੰ ਹਿੰਦੋਸਤਾਨ ਤੋਂ ਸਬਕ ਲੈਣ ਲਈ ਕਿਹਾ, ਜਿੱਥੇ ‘ਹਰ ਕੋਈ ਆਪਣੀਆਂ ਦਲੀਲਾਂ ਅਤੇ ਕਾਰਨਾਂ ਦੀ ਤਸਦੀਕ ਕਰਵਾਏ ਬਿਨਾਂ, ਆਪਣੇ ਧਰਮ ਦੀ ਪਾਲਣਾ ਕਰਦਾ ਰਹਿੰਦਾ ਹੈ ਜਿਸ ਵਿੱਚ ਉਹ ਪੈਦਾ ਹੋ ਕੇ ਅਤੇ ਪੜ੍ਹ ਲਿਖ ਕੇ ਵੱਡਾ ਹੋਇਆ ਸੀ ਅਤੇ ਇਸ ਤਰ੍ਹਾਂ ਆਪਣੇ ਆਪ ਨੂੰ ਸਚਾਈ ਦਾ ਪਤਾ ਲਗਾਉਣ ਦੀ ਸੰਭਾਵਨਾ ਤੋਂ ਬਾਹਰ ਰੱਖਦਾ ਹੈ ਜੋ ਕਿ ਮਨੁੱਖੀ ਲਿਆਕਤ ਦਾ ਸਭ ਤੋਂ ਉੱਤਮ ਉਦੇਸ਼ ਹੈ। ਇਸ ਤਰ੍ਹਾਂ ਅਸੀਂ (ਹਿੰਦੋਸਤਾਨ ਵਿੱਚ) ਸੁਵਿਧਾਜਨਕ ਰੁੱਤਾਂ ਵਿੱਚ ਸਾਰੇ ਧਰਮਾਂ ਦੇ ਸਾਰੇ ਵਿਦਵਾਨਾਂ ਦੀ ਸੰਗਤ ਕਰਦੇ ਹਾਂ, ਇਸ ਤਰ੍ਹਾਂ ਉਨ੍ਹਾਂ ਦੇ ਸ਼ਾਨਦਾਰ ਪ੍ਰਵਚਨਾਂ ਅਤੇ ਉੱਚੀਆਂ ਸ਼ੁਭ ਕਾਮਨਾਵਾਂ ਤੋਂ ਲਾਭ ਪ੍ਰਾਪਤ ਕਰਦੇ ਹਾਂ’।

ਭਾਰਤ ਦੀ ਦੂਜੀ ਮਿਸਾਲ ਜਿਸ ਨੂੰ ਹਾਵਰਡ ਕੁਝ ਹੱਦ ਤੱਕ ਤਵੱਜੋ ਦਿੰਦਾ ਹੈ, ਉਹ ਸੀ ਸਵਾਮੀ ਵਿਵੇਕਾਨੰਦ ਜੋ ਅਕਬਰ ਤੋਂ ਕਈ ਸਦੀਆਂ ਬਾਅਦ ਹੋਇਆ। ਹੋਰਨਾਂ ਟਿੱਪਣੀਕਾਰਾਂ ਵਾਂਗ ਹੀ ਉਸ ਨੇ 1893 ਵਿੱਚ ਸ਼ਿਕਾਗੋ ਵਿੱਚ ਹੋਈ ਵਿਸ਼ਵ ਧਰਮ ਸੰਸਦ ਮੌਕੇ ਵਿਵੇਕਾਨੰਦ ਦੇ ਭਾਸ਼ਣ ਨੂੰ ਦਰਸਾਇਆ ਹੈ। ਉਨ੍ਹਾਂ ਪਹਿਲੀ ਵਾਰ ਸਾਨੂੰ ਇਸ ਸੰਸਦ ਦੇ ਆਦਰਸ਼ਾਂ ਤੋਂ ਜਾਣੂ ਕਰਾਇਆ ਹੈ ਜਿਨ੍ਹਾਂ ਵਿੱਚ ਹੋਰਨਾਂ ਤੋਂ ਇਲਾਵਾ ਦੋਸਤਾਨਾ ਇਕੱਤਰਤਾਵਾਂ ਅਤੇ ਆਪਸੀ ਸਮਝ-ਬੂਝ ਪੈਦਾ ਕਰ ਕੇ ਵੱਖ-ਵੱਖ ਧਰਮਾਂ ਦੇ ਲੋਕਾਂ ਦਰਮਿਆਨ ਮਾਨਵੀ ਭਾਈਚਾਰੇ ਦੀ ਭਾਵਨਾ ਨੂੰ ਹੱਲਾਸ਼ੇਰੀ ਦੇਣਾ ਅਤੇ ਗਹਿਰਾ ਕਰਨਾ; ਅਤੇ ਸਥਾਈ ਕੌਮਾਂਤਰੀ
ਸ਼ਾਂਤੀ ਸਥਾਪਿਤ ਕਰਨ ਦੀ ਆਸ ਨਾਲ ਦੁਨੀਆ ਦੇ ਦੇਸ਼ਾਂ ਦਰਮਿਆਨ ਦੋਸਤਾਨਾ ਸਾਂਝ ਪੈਦਾ ਕਰਨਾ ਸ਼ਾਮਿਲ ਹਨ।’
ਹਾਵਰਡ ਫਿਰ ਸ਼ਿਕਾਗੋ ਵਿੱਚ ਸਵਾਮੀ ਵਿਵੇਕਾਨੰਦ ਦੇ ਭਾਸ਼ਣ ਦੇ ਕੁਝ ਅੰਸ਼ਾਂ ਦਾ ਜ਼ਿਕਰ ਕਰਦਾ ਹੈ। ਇਨ੍ਹਾਂ ’ਚੋਂ ਇੱਕ ਵਿੱਚ ਸਵਾਮੀ ਦੀ ਇਹ ਨਿਸ਼ਚਾ ਦਰਜ ਸੀ ਕਿ ‘ਉਸ ਨੂੰ ਫਖ਼ਰ ਹੈ ਕਿ ਉਹ ਇੱਕ ਅਜਿਹੇ ਧਰਮ ਨਾਲ ਸਬੰਧ ਰੱਖਦਾ ਹੈ ਜਿਸ ਨੇ ਦੁਨੀਆ ਨੂੰ ਸਹਿਣਸ਼ੀਲਤਾ ਅਤੇ ਸਰਬਵਿਆਪੀ ਪ੍ਰਵਾਨਗੀ ਦਾ ਪਾਠ ਪੜ੍ਹਾਇਆ ਹੈ; ਅਤੇ ਨਾਲ ਹੀ ਉਸ ਨੂੰ ਇਹ ਵੀ ਮਾਣ ਹੈ ਕਿ ਉਹ ਇੱਕ ਅਜਿਹੇ ਦੇਸ਼ ਨਾਲ ਸਬੰਧ ਰੱਖਦਾ ਹੈ ਜੋ ਦੁਨੀਆ ਦੇ ਸਾਰੇ ਧਰਮਾਂ ਅਤੇ ਸਾਰੇ ਦੇਸ਼ਾਂ ਦੇ ਸਤਾਏ ਹੋਏ ਅਤੇ ਸ਼ਰਨਾਰਥੀ ਲੋਕਾਂ ਨੂੰ ਪਨਾਹ ਦਿੰਦਾ ਹੈ।’ ਵਿਵੇਕਾਨੰਦ ਦਾ ਦੂਜਾ ਕਥਨ ਸ਼ਾਇਦ ਹੋਰ ਵੀ ਢੁਕਵਾਂ ਹੈ ਜੋ ਇਉਂ ਹੈ: ‘ਤੰਗਨਜ਼ਰੀ, ਕੱਟੜਪੁਣਾ ਅਤੇ ਇਸ ਦੇ ਖ਼ੌਫ਼ਨਾਕ ਵੰਸ਼ਜ ਮੂਲਵਾਦ ਨੇ ਲੰਮੇ ਅਰਸੇ ਤੋਂ ਇਸ ਖ਼ੂਬਸੂਰਤ ਧਰਤੀ ’ਤੇ ਜੱਫਾ ਮਾਰਿਆ ਹੋਇਆ ਹੈ... ਪਰ ਇਸ ਦਾ ਅੰਤ ਆ ਗਿਆ ਹੈ ਅਤੇ ਮੈਨੂੰ ਪੁਰਜ਼ੋਰ ਆਸ ਹੈ ਕਿ ਇਹ ਸਵੇਰ ਘੰਟੀ (ਸੰਸਦ ਦੀ ਸ਼ੁਰੂਆਤ ਵੇਲੇ) ਵੱਜਣ ਸਾਰ ਹਰ ਤਰ੍ਹਾਂ ਦੇ ਕੱਟੜਪੁਣੇ ਦਾ ਖਾਤਮਾ ਹੋ ਜਾਵੇਗਾ।’
ਹਾਵਰਡ ਨੇ ਗਾਂਧੀ ਦਾ ਜ਼ਿਕਰ ਕੁਝ ਹੋਰ ਪ੍ਰਸੰਗਾਂ ਵਿੱਚ ਕੀਤਾ ਹੈ ਪਰ ਅਫ਼ਸੋਸ ਦੀ ਗੱਲ ਹੈ ਕਿ ਉਨ੍ਹਾਂ ਦੀ ਧਾਰਮਿਕ ਸੋਚ ਬਾਰੇ ਗਹਿਰਾਈ ਨਾਲ ਵਿਚਾਰ ਨਹੀਂ ਕੀਤਾ। ਦਰਅਸਲ, ਗਾਂਧੀ ਗਹਿਨਤਾ ਅਤੇ ਸ਼ਿੱਦਤ ਦੇ ਲਿਹਾਜ਼ ਤੋਂ ਅਕਬਰ ਅਤੇ ਵਿਵੇਕਾਨੰਦ ਨਾਲੋਂ ਵੀ ਵੱਡਾ ਧਾਰਮਿਕ ਬਹੁਲਤਾਵਾਦੀ ਸੀ। ਉਸ ਨੇ ਅੰਤਰ-ਧਰਮੀ ਸੰਵਾਦ ਦੀ ਪੈਰਵੀ ਕੀਤੀ ਅਤੇ ਇਸ ਨੂੰ ਅੰਤਰ-ਧਰਮੀ ਸਮਾਜਿਕ ਕਾਰਜ ਦੇ ਤੌਰ ’ਤੇ ਅਮਲ ਵਿੱਚ ਵੀ ਲਿਆਂਦਾ। ਦੱਖਣੀ ਅਫ਼ਰੀਕਾ ਹੋਵੇ ਜਾਂ ਹਿੰਦੋਸਤਾਨ, ਉਨ੍ਹਾਂ ਦੇ ਸਤਿਆਗ੍ਰਹਿ ਦੁਨੀਆ ਦੇ ਸਾਰੇ ਧਰਮਾਂ ਦੇ ਲੋਕਾਂ ਨੂੰ ਕਲਾਵੇ ਵਿੱਚ ਲੈਣ ਦੀ ਤਲਬ ਰੱਖਦੇ ਸਨ। ਉਨ੍ਹਾਂ ਦੇ ਆਸ਼ਰਮਾਂ ਵਿੱਚ ਵੱਖ-ਵੱਖ ਧਰਮਾਂ ਦੇ ਲੋਕ ਇਕੱਠੇ ਰਹਿੰਦੇ ਸਨ ਜਿਸ ਸਦਕਾ ਉਨ੍ਹਾਂ ਦਰਮਿਆਨ ਆਪਸੀ ਸਤਿਕਾਰ ਅਤੇ ਸਮਝ-ਬੂਝ ਪੈਦਾ ਹੁੰਦੀ ਸੀ। ਉਨ੍ਹਾਂ ਦੀਆਂ ਅੰਤਰ-ਧਰਮੀ ਪ੍ਰਾਰਥਨਾਵਾਂ ਵਿੱਚ ਵੱਖ-ਵੱਖ ਧਰਮਾਂ ਦੇ ਵਚਨ ਅਤੇ ਸ਼ਬਦ ਗਾਏ ਜਾਂਦੇ ਸਨ ਅਤੇ ਇਹ ਸਾਡੇ ਸੰਤਾਪੇ ਸਮਿਆਂ ਦੀ ਇੱਕ ਯਾਦ ਰੱਖਣ ਲਾਇਕ ਬੇਮਿਸਾਲ ਕਾਢ ਸੀ।
ਨਾਸਤਿਕਾਂ ਦੇ ਉਲਟ ਗਾਂਧੀ ਇਹ ਸਵੀਕਾਰ ਕਰਨ ਲਈ ਤਿਆਰ ਸਨ ਕਿ ਕੋਈ ਅਜਿਹੀ ਸ਼ਕਤੀ ਜਾਂ ਆਤਮਾ ਹੈ ਜੋ ਮਨੁੱਖੀ ਗਿਆਨ ਤੋਂ ਪਰ੍ਹੇ ਹੈ। ਆਸਤਿਕਾਂ ਤੋਂ ਉਲਟ ਉਹ ਇਹ ਵਿਸ਼ਵਾਸ ਨਹੀਂ ਕਰਦੇ ਸਨ ਕਿ ਉਨ੍ਹਾਂ ਦਾ ਧਰਮ ਰੱਬ ਤੱਕ ਅੱਪੜਨ ਦਾ ਕੋਈ ਖ਼ਾਸ ਅਤੇ ਉੱਤਮ ਰਾਹ ਮੁਹੱਈਆ ਕਰਾਉਂਦਾ ਹੈ। ਸਤੰਬਰ 1924 ਵਿੱਚ ਉਨ੍ਹਾਂ ਇੱਕ ਲੇਖ ‘ਗੌਡ ਇਜ਼ ਵਨ’ (ਪਰਮਾਤਮਾ ਇੱਕ ਹੈ) ਲਿਖਿਆ ਜਿਸ ਵਿੱਚ ਉਨ੍ਹਾਂ ਕਿਹਾ: ‘ਹਿੰਦੋਸਤਾਨ ’ਚੋਂ ਇਸਲਾਮ, ਇਸਾਈਅਤ ਜਾਂ ਯਹੂਦੀਅਤ ਨਿਕਲ ਜਾਣ ਦੀ ਖ਼ਾਹਿਸ਼ ਉਵੇਂ ਦਾ ਹੀ ਫਜ਼ੂਲ ਸੁਪਨਾ ਹੈ ਜਿਵੇਂ ਮੁਸਲਮਾਨਾਂ ਦੀ ਕਲਪਨਾ ਹੈ ਕਿ ਦੁਨੀਆ ’ਚ ਸਿਰਫ਼ ਇਸਲਾਮ ਦਾ ਰਾਜ ਹੋਵੇਗਾ... ਸੱਚ ਕਿਸੇ ਇੱਕ ਧਰਮ ਪੁਸਤਕ ਦੀ ਸੰਪਤੀ ਨਹੀਂ ਹੈ।’
ਇਸ ਤਰ੍ਹਾਂ ਦੇ ਤਸਦੀਕੀਕਰਨ ਨੂੰ ਰੱਦ ਕਰ ਕੇ ਗਾਂਧੀ ਧਰਮ ਪਰਿਵਰਤਨ ਦੇ ਕਾਰਜਾਂ ਦੇ ਆਲੋਚਕ ਬਣ ਗਏ ਸਨ ਜੋ ਭਾਵੇਂ ਹਿੰਦੂ ਕਰਨ ਜਾਂ ਫਿਰ ਮੁਸਲਮਾਨਾਂ ਜਾਂ ਇਸਾਈਆਂ ਵੱਲੋਂ ਕੀਤੇ ਜਾਂਦੇ ਹੋਣ। ਇੱਕ ਵਾਰ ਉਨ੍ਹਾਂ ਲਿਖਿਆ ਸੀ: ‘ਮਿਸ਼ਨਰੀ ਕਾਰਜਾਂ ਦੀ ਜੜ੍ਹ ਵਿੱਚ ਇਹ ਧਾਰਨਾ ਵੀ ਪਈ ਹੁੰਦੀ ਹੈ ਕਿ ਕਿਸੇ ਵਿਅਕਤੀ ਦਾ ਆਪਣਾ ਵਿਸ਼ਵਾਸ ਨਾ ਕੇਵਲ ਉਸ ਲਈ ਸੱਚ ਹੁੰਦਾ ਹੈ ਸਗੋਂ ਸਮੁੱਚੇ ਜਗਤ ਲਈ ਵੀ ਸੱਚ ਹੁੰਦਾ ਹੈ; ਜਦੋਂਕਿ ਸਚਾਈ ਇਹ ਹੈ ਕਿ ਰੱਬ ਲੱਖਾਂ ਰੂਪਾਂ ਵਿੱਚ ਸਾਡੇ ਤੱਕ ਅੱਪੜਦਾ ਹੈ ਜਿਨ੍ਹਾਂ ਦੀ ਸਾਨੂੰ ਕੋਈ ਸਮਝ ਨਹੀਂ ਹੁੰਦੀ’। ਆਪਣੀ ਗੱਲ ਕਰਦਿਆਂ ਗਾਂਧੀ ਨੇ ਕਿਹਾ ਕਿ ‘ਮੇਰੀ ਅਜਿਹੀ ਕੋਈ ਭਾਵਨਾ ਨਹੀਂ ਹੈ ਕਿ ਅਧਿਆਤਮਿਕ ਤੌਰ ’ਤੇ ਮੈਂ ਕਿਸੇ ਕਥਿਤ ਵਹਿਸ਼ੀ ਨਾਲੋਂ ਲਾਜ਼ਮੀ ਤੌਰ ’ਤੇ ਜ਼ਿਆਦਾ ਸ਼੍ਰੇਸ਼ਠ ਹਾਂ ਤੇ ਅਧਿਆਤਮਿਕ ਸ਼੍ਰੇਸ਼ਠਤਾ ਇੱਕ ਖ਼ਤਰਨਾਕ ਅਹਿਸਾਸ ਹੁੰਦੀ ਹੈ।’
ਆਪਣੇ ਤੋਂ ਇਲਾਵਾ ਹੋਰਨਾਂ ਧਰਮਾਂ ਪ੍ਰਤੀ ਸਤਿਕਾਰ ਦੂਜੇ ਧਰਮਾਂ ਦੇ ਲੋਕਾਂ ਨਾਲ ਮੇਲ-ਮਿਲਾਪ ਦੀ ਚਾਹਤ ਪੈਦਾ ਕਰਦਾ ਹੈ, ਪਰ ਗਾਂਧੀ ਲਈ ਇਹ ਮਾਮਲਾ ਕੋਈ ਨਿੱਜੀ ਚੋਣ ਮਾਤਰ ਨਹੀਂ ਸੀ ਸਗੋਂ ਇੱਕ ਸਿਆਸੀ ਕਰਮ ਵੀ ਸੀ। 1941 ਵਿੱਚ ਗਾਂਧੀ ਨੇ ਤੀਹ ਪੰਨਿਆਂ ਦਾ ਇੱਕ ਕਿਤਾਬਚਾ ਛਾਪਿਆ ਜਿਸ ਵਿੱਚ ਇੱਕ ‘ਉਸਾਰੂ ਪ੍ਰੋਗਰਾਮ’ ਦਾ ਵਰਣਨ ਕੀਤਾ ਗਿਆ ਸੀ ਜਿਸ ਨੂੰ ਕਾਂਗਰਸ ਪਾਰਟੀ ਦੇ ਹਰੇਕ ਮੈਂਬਰ ਲਈ ਅਪਣਾਉਣਾ ਜ਼ਰੂਰੀ ਸੀ। ਇਸ ਵਿੱਚ ਜੋ ਵਿਸ਼ੇ ਦਰਜ ਕੀਤੇ ਗਏ ਸਨ ਉਨ੍ਹਾਂ ਵਿੱਚ ਛੂਆਛਾਤ ਦਾ ਖਾਤਮਾ, ਖਾਦੀ ਨੂੰ ਹੱਲਾਸ਼ੇਰੀ, ਔਰਤਾਂ ਦਾ ਉਥਾਨ ਅਤੇ ਆਰਥਿਕ ਸਮਾਨਤਾ ਦੀ ਪੈਰਵੀ ਸ਼ਾਮਿਲ ਸਨ।
ਅਹਿਮ ਗੱਲ ਇਹ ਸੀ ਕਿ ਪ੍ਰੋਗਰਾਮ ਦਾ ਪਹਿਲਾ ਤੱਤ ਫ਼ਿਰਕੂ ਸਦਭਾਵਨਾ ਸੀ। ਗਾਂਧੀ ਨੇ ਲਿਖਿਆ ਕਿ ‘ਫ਼ਿਰਕੂ ਏਕਤਾ ਹਾਸਿਲ ਕਰਨ ਲਈ ਪਹਿਲੀ ਜ਼ਰੂਰੀ ਚੀਜ਼ ਇਹ ਹੈ ਕਿ ਹਰੇਕ ਕਾਂਗਰਸੀ ਭਾਵੇਂ ਉਸ ਦਾ ਕੋਈ ਵੀ ਧਰਮ ਹੋਵੇ ਉਹ ਨਿੱਜੀ ਤੌਰ ’ਤੇ ਹਿੰਦੂ, ਮੁਸਲਿਮ, ਇਸਾਈ, ਪਾਰਸੀ, ਯਹੂਦੀ ਆਦਿ ਸੰਖੇਪ ਵਿੱਚ ਹਰੇਕ ਹਿੰਦੂ ਤੇ ਗ਼ੈਰ-ਹਿੰਦੂ ਦੀ ਨੁਮਾਇੰਦਗੀ ਕਰੇ। ਉਸ ਨੂੰ ਹਿੰਦੋਸਤਾਨ ਦੇ ਕਰੋੜਾਂ ਲੋਕਾਂ ’ਚੋਂ ਹਰੇਕ ਨਾਲ ਇਕਮਿਕ ਹੋਣ ਦਾ ਅਹਿਸਾਸ ਹੋਣਾ ਜ਼ਰੂਰੀ ਹੈ। ਇਹ ਅਹਿਸਾਸ ਜਗਾਉਣ ਲਈ ਹਰੇਕ ਕਾਂਗਰਸੀ ਨੂੰ ਆਪਣੇ ਧਰਮ ਤੋਂ ਜੁਦਾ ਹੋਰਨਾਂ ਧਰਮਾਂ ਦੇ ਲੋਕਾਂ ਨਾਲ ਨਿੱਜੀ ਦੋਸਤੀਆਂ ਪਾਉਣ ਦੀ ਲੋੜ ਹੋਵੇਗੀ। ਉਸ ਨੂੰ ਹੋਰਨਾਂ ਧਰਮਾਂ ਪ੍ਰਤੀ ਉਹੋ ਜਿਹਾ ਭਾਵ ਰੱਖਣਾ ਪਵੇਗਾ ਜੋ ਆਪਣੇ ਧਰਮ ਲਈ ਰੱਖਦਾ ਹੈ।’
ਇਹ ਅਸੂਲ ਗਾਂਧੀ ਨੇ ਖ਼ੁਦ ਘੜਿਆ ਸੀ। ਗਾਂਧੀ ਦੇ ਗ਼ੈਰ-ਹਿੰਦੂ ਕਰੀਬੀ ਦੋਸਤਾਂ ਅਤੇ ਸਾਥੀਆਂ ਦੀ ਇੱਕ ਬਹੁਤ ਹੀ ਅੰਸ਼ਕ ਜਿਹੀ ਸੂਚੀ ਇਸ ਪ੍ਰਕਾਰ ਹੈ:
ਮੁਸਲਿਮ ਅਬਦੁਲ ਕਾਦਿਰ ਬਾਵਾਜ਼ੀਰ, ਏ.ਐਮ. ਕਚਾਲੀਆ, ਅਬੁਲ ਕਲਾਮ ਆਜ਼ਾਦ, ਜ਼ਾਕਿਰ ਹੁਸੈਨ, ਆਸਫ਼ ਅਲੀ ਅਤੇ ਰਾਇਹਾਨਾ ਤਈਅਬਜੀ; ਇਸਾਈ ਜੋਸੀਆ ਓਲਡਫੀਲਡ, ਜੋਸਫ ਡੋਕ, ਸੀ.ਐਫ. ਐਂਡ੍ਰਿਊਜ਼, ਜੇ.ਸੀ. ਕੁਮਾਰੱਪਾ, ਮੁਰੀਅਲ ਲੈਸਟਰ ਅਤੇ ਰਾਜਕੁਮਾਰੀ ਅੰਮ੍ਰਿਤ ਕੌਰ; ਪਾਰਸੀ ਦਾਦਾਭਾਈ ਨਾਰੋਜੀ, ਜੀਵਨਜੀ ਗੋਰਕੂਦੂ ਰੁਸਤਮਜੀ ਅਤੇ ਖੁਰਸ਼ੀਦ ਨਾਰੋਜੀ; ਯਹੂਦੀ ਹਰਮਨ ਕੈਲਨਬਾਖ, ਸੋਨੀਆ ਸਲੈਸਿਨ, ਹੈਨਰੀ ਪੌਲਕ ਅਤੇ ਐਲ ਡਬਲਯੂ ਰਿਚ; ਜੈਨ ਪ੍ਰਾਨਜੀਵਨ ਮਹਿਤਾ ਅਤੇ ਰਾਇਚੰਦ; ਨਾਸਤਿਕ ਜੀ ਰਾਮਚੰਦਰ ਰਾਓ (ਗੋਰਾ)।
ਇਸ ਲੰਮੀ-ਚੌੜੀ ਸੂਚੀ ਵਿੱਚ ਇੱਕ ਘਾਟ ਹੈ। ਸੰਭਵ ਹੈ ਕਿ ਪੰਜਾਬ ਨਾਲ ਉਨ੍ਹਾਂ ਦੇ ਸਰੋਕਾਰ ਘੱਟ ਸਨ, ਗਾਂਧੀ ਦਾ ਕੋਈ ਕਰੀਬੀ ਸਿੱਖ ਦੋਸਤ ਨਹੀਂ ਸੀ (ਭਾਵੇਂ ਅੰਮ੍ਰਿਤ ਕੌਰ ਦਾ ਪਰਿਵਾਰ ਮੂਲ ਰੂਪ ’ਚ ਸਿੱਖ ਸੀ)। ਫੇਰ ਵੀ ਇਹ ਇੱਕ ਨਿਗੂਣਾ ਜਿਹਾ ਔਗੁਣ ਸੀ, ਖ਼ਾਸ ਤੌਰ ’ਤੇ ਜਦੋਂ ਗਾਂਧੀ ਨੂੰ ਉਨ੍ਹਾਂ ਦੇ ਮਹਾਨ ਪੱਛਮੀ ਸਮਕਾਲੀਆਂ ਨਾਲ ਮਿਲਾ ਕੇ ਦੇਖਿਆ ਜਾਵੇ - ਚਰਚਿਲ,
ਰੂਜ਼ਵੈਲਟ, ਡੀ ਗਾੱਲ ਆਦਿ, ਜਿਨ੍ਹਾਂ ਦੇ ਮਿੱਤਰ ਜੇਕਰ ਸਾਰੇ ਨਹੀਂ ਤਾਂ ਬਹੁਤੇ ਉਨ੍ਹਾਂ ਦੇ ਆਪਣੇ ਇਸਾਈ ਮਤ ਵਿੱਚੋਂ ਹੀ ਸਨ।
ਪਹਿਲੀ ਨਜ਼ਰੇ ਜਾਪਦਾ ਹੈ ਕਿ ਗਾਂਧੀ ਧਾਰਮਿਕ ਬਹੁਵਾਦ ਦੇ ਆਪਣੇ ਟੀਚੇ ਦੀ ਪੂਰਤੀ ਵਿੱਚ ਨਾਕਾਮ ਹੋ ਗਏ। ਇਸ ਨੇ ਇੱਕ ਇਸਲਾਮਿਕ ਮੁਲਕ- ਪਾਕਿਸਤਾਨ ਬਣਨ ਤੋਂ ਨਹੀਂ ਰੋਕਿਆ ਅਤੇ ਜਿਹੜਾ ਭਾਰਤ ਬਚਿਆ, ਉਸ ਵਿੱਚ ਉਸ (ਗਾਂਧੀ) ਦੇ ਸਿਆਸੀ ਜਾਂਨਸ਼ੀਨ ਜਵਾਹਰਲਾਲ ਨਹਿਰੂ ਨੇ ਜਿਹੜੀ ਅੰਤਰ-ਧਰਮ ਸਹਿਣਸ਼ੀਲਤਾ ਦੀ ਪ੍ਰਥਾ ਚਲਾਈ, ਉਹ ਲੰਮਾ ਸਮਾਂ ਪਹਿਲਾਂ ਰਾਖ ਦਾ ਢੇਰ ਹੋ ਗਈ। ਹਿੰਦੂਤਵ, ਜਿਹੜਾ ਹਿੰਦੂ ਪਾਕਿਸਤਾਨ ਬਣਾਉਣਾ ਚਾਹੁੰਦਾ ਹੈ, ਜੇ ਹਾਵੀ ਨਹੀਂ ਤਾਂ ਪ੍ਰਭਾਵੀ ਜ਼ਰੂਰ ਹੈ।
ਦੂਜੇ ਪਾਸੇ, ਇਹ ਸ਼ਾਇਦ ਗਾਂਧੀ ਦੀ ਪ੍ਰਤੱਖ ਹਾਰ ਹੀ ਹੈ ਜੋ ਉਸ ਦੀ ਵਿਰਾਸਤ ਦੇ ਨਵੀਨੀਕਰਨ ਨੂੰ ਭਾਰਤ ਤੇ ਭਾਰਤੀਆਂ ਲਈ ਹੋਰ ਜ਼ਿਆਦਾ ਲਾਜ਼ਮੀ ਬਣਾ ਰਹੀ ਹੈ। ਇਸਲਾਮਿਕ ਬਹੁਗਿਣਤੀਵਾਦ ਦੇ ਦਾਅਵੇ ਨਾਲ ਪਾਕਿਸਤਾਨ ਦੇ ਲੋਕ ਜ਼ਿਆਦਾ ਖੁਸ਼ਹਾਲ ਜਾਂ ਸ਼ਾਂਤੀਪੂਰਨ ਨਹੀਂ ਬਣ ਸਕੇ। ਨਾ ਹੀ ਬੋਧੀ ਬਹੁਗਿਣਤੀਵਾਦ ਸ੍ਰੀਲੰਕਾ ਵਿੱਚ ਕੋਈ ਖ਼ੁਸ਼ੀ ਲਿਆ ਸਕਿਆ ਹੈ। ਇਸ ਲਈ ਸਿਆਸਤਦਾਨਾਂ ਦੇ ਨਾਲ-ਨਾਲ ਆਮ ਆਦਮੀ ਲਈ ਵੀ ਸ਼ਾਇਦ ਇਹ ਜ਼ਰੂਰੀ ਹੈ ਕਿ ਉਹ ਸਰਹੱਦਾਂ ਦੇ ਪਾਰ ਮਿੱਤਰਤਾ ਵਧਾਏ ਜੋ ਕਿ ਗਣਰਾਜ ਦੀ ਤੰਦਰੁਸਤੀ ਬਹਾਲ ਕਰਨ ਵੱਲ ਪਹਿਲਾ ਕਦਮ ਹੋ ਸਕਦਾ ਹੈ।
ਈ-ਮੇਲ: ramachandraguha@yahoo.in
Advertisement

Advertisement