ਪੁੁਲੀਸ ਅਧਿਕਾਰੀਆਂ ’ਤੇ ਰਿਸ਼ਵਤ ਲੈਣ ਦਾ ਦੋਸ਼
ਪੱਤਰ ਪ੍ਰੇਰਕ
ਮਾਛੀਵਾੜਾ, 20 ਜੁਲਾਈ
ਹਲਕਾ ਸਾਹਨੇਵਾਲ ਅਧੀਨ ਪੈਂਦੇ ਪਿੰਡ ਦੋਆਬਾ ਭੈਣੀ ਦੀ ਮਹਿਲਾ ਏਕਤਾ ਨੇ ਥਾਣਾ ਕੂੰਮਕਲਾਂ ਵਿੱਚ ਤਾਇਨਾਤ ਪੁਲੀਸ ਅਧਿਕਾਰੀਆਂ ’ਤੇ 50 ਹਜ਼ਾਰ ਰੁਪਏ ਦੀ ਰਿਸ਼ਵਤ ਲੈਣ ਦੇ ਕਥਿਤ ਦੋਸ਼ ਲਗਾਏ ਹਨ। ਇਸ ਮਾਮਲੇ ਸਬੰਧੀ ਮਹਿਲਾ ਨੇ ਪੁਲੀਸ ਕਮਿਸ਼ਨਰ ਲੁਧਿਆਣਾ ਨੂੰ ਸ਼ਿਕਾਇਤ ਦਰਜ ਕਰਵਾਈ। ਇਸ ਵਿੱਚ ਉਸ ਨੇ ਦੱਸਿਆ ਹੈ ਕਿ ਉਸ ਦੇ ਭਰਾ ਦੀਪਕ ਦੀ ਕੁੱਟਮਾਰ ਮਾਮਲੇ ’ਚ ਸਹਾਇਕ ਥਾਣੇਦਾਰ ਰਣਧੀਰ ਸਿੰਘ ਬਿਆਨ ਦਰਜ ਕਰਨ ਲਈ ਆਇਆ ਤਾਂ ਉਸਨੇ 5 ਹਜ਼ਾਰ ਰੁਪਏ ਰਿਸ਼ਵਤ ਲਈ ਅਤੇ ਥਾਣੇ ਆ ਕੇ ਮਿਲਣ ਲਈ ਕਿਹਾ। ਸ਼ਿਕਾਇਤਕਰਤਾ ਅਨੁਸਾਰ ਜਦੋਂ ਉਹ ਥਾਣਾ ਕੂੰਮਕਲਾਂ ਗਈ ਤਾਂ ਉੱਥੇ ਮੁੱਖ ਮੁਨਸ਼ੀ ਹਰਦੀਪ ਸਿੰਘ ਨੇ ਵਿਰੋਧੀ ਪਾਰਟੀ ਵਿਰੁੱਧ ਕਾਰਵਾਈ ਕਰਨ ਲਈ ਉਸ ਤੋਂ 50 ਹਜ਼ਾਰ ਰੁਪਏ ਰਿਸ਼ਵਤ ਦੀ ਮੰਗ ਕੀਤੀ। ਮਹਿਲਾ ਮੁਤਾਬਕ ਉਸਨੇ 20 ਹਜ਼ਾਰ ਮੁੱਖ ਮੁਨਸ਼ੀ ਨੂੰ ਥਾਣੇ ਵਿੱਚ ਜਾ ਕੇ ਦੇ ਦਿੱਤੇ ਸਨ ਤੇ 30 ਹਜ਼ਾਰ ਰੁਪਏ ਸਹਾਇਕ ਥਾਣੇਦਾਰ ਰਣਧੀਰ ਸਿੰਘ ਧੀਰਾ ਨੂੰ ਦਿੱਤੇ ਸਨ। ਏਕਤਾ ਨੇ ਪੁਲੀਸ ਕਮਿਸ਼ਨਰ ਨੂੰ ਇੱਕ ਹੋਰ ਸ਼ਿਕਾਇਤ ਦੇ ਕੇ ਥਾਣਾ ਕੂੰਮਕਲਾਂ ਦੇ ਕਰਮਚਾਰੀ ਤੇ ਅਧਿਕਾਰੀ ਖ਼ਿਲਾਫ਼ ਧਮਕੀਆਂ ਦੇਣ ਦੇ ਦੋਸ਼ ਵੀ ਲਾਏ ਹਨ। ਥਾਣਾ ਮੁਖੀ ਪਰਮਜੀਤ ਸਿੰਘ ਨੇ ਕਿਹਾ ਕਿ ਰਿਸ਼ਵਤ ਦੇ ਮਾਮਲੇ ਵਿਚ ਸ਼ਿਕਾਇਤ ਦੇਣ ਵਾਲੀ ਏਕਤਾ ਤੋਂ ਉਨ੍ਹਾਂ ਨੇ ਕੋਈ ਵੀ ਪੈਸਾ ਨਹੀਂ ਲਿਆ ਅਤੇ ਉਸ ਉੱਪਰ ਜੋ ਦੋਸ਼ ਲਗਾਏ ਜਾ ਰਹੇ ਹਨ ਉਹ ਬੇਬੁਨਿਆਦ ਹਨ। ਉਨ੍ਹਾਂ ਕਿਹਾ ਕਿ ਸ਼ਿਕਾਇਤਕਰਤਾ ਏਕਤਾ ਨੇ ਆਪਣੀ ਲਿਖਤ ਸ਼ਿਕਾਇਤ ਵਿੱਚ ਇਹ ਦੋਸ਼ ਲਗਾਏ ਹਨ ਕਿ ਉਸਨੇ ਰਿਸ਼ਵਤ ਦੇ ਪੈਸੇ ਤਾਇਨਾਤ ਮੁਨਸ਼ੀ ਅਤੇ ਸਹਾਇਕ ਥਾਣੇਦਾਰ ਨੂੰ ਦਿੱਤੇ ਹਨ ਜਿਸਦੀ ਉੱਚ ਅਧਿਕਾਰੀਆਂ ਵਲੋਂ ਜਾਂਚ ਕੀਤੀ ਜਾ ਰਹੀ ਹੈ। ਇਸ ਸਬੰਧੀ ਮੁਨਸ਼ੀ ਦਾ ਪੁਲੀਸ ਲਾਈਨ ਵਿੱਚ ਤਬਾਦਲਾ ਵੀ ਕਰ ਦਿੱਤਾ ਗਿਆ ਹੈ।