ਸ਼ਹਿਰੀ ਵਿਕਾਸ ਅਥਾਰਿਟੀ ’ਤੇ ਅਲਾਟੀਆਂ ਨੂੰ ਪ੍ਰੇਸ਼ਾਨ ਕਰਨ ਦੇ ਦੋਸ਼ ਲਗਾਏ
ਪੱਤਰ ਪ੍ਰੇਰਕ
ਪੰਚਕੂਲਾ, 29 ਜੁਲਾਈ
ਰੈਜ਼ੀਡੈਂਟ ਵੈੱਲਫੇਅਰ ਐਸੋਸੀਏਸ਼ਨ ਸੈਕਟਰ 20 ਪੰਚਕੂਲਾ ਦੇ ਪ੍ਰਧਾਨ ਕੇਕੇ ਜਿੰਦਲ ਅਤੇ ਜਨਰਲ ਸਕੱਤਰ ਅਵਿਨਾਸ਼ ਮਲਿਕ ਨੇ ਅਦਾਲਤ ਦੇ ਹੁਕਮਾਂ ਅਨੁਸਾਰ ਪਿਛਲੇ 25 ਸਾਲਾਂ ਤੋਂ ਵਾਧੇ ਦੇ ਮੁੱਦੇ ਨੂੰ ਹੱਲ ਨਾ ਕਰਨ ਲਈ ਹਰਿਆਣਾ ਸ਼ਹਿਰੀ ਵਿਕਾਸ ਅਥਾਰਿਟੀ ਖਿਲਾਫ ਨਾਅਰੇਬਾਜ਼ੀ ਕੀਤੀ ਅਤੇ ਉਨ੍ਹਾਂ ਦੇ ਵਿਵਹਾਰ ਨੂੰ ਲੋਕਾਂ ਦੇ ਧਿਆਨ ਵਿੱਚ ਲਿਆਂਦਾ। ਉਨ੍ਹਾਂ ਹੁੱਡਾ ਦੀ ਨਿਖੇਧੀ ਕਰਦਿਆਂ ਦੋਸ਼ ਲਾਇਆ ਕਿ ਇਹ ਅਦਾਰਾ ਪਿਛਲੇ 25 ਸਾਲਾਂ ਤੋਂ ਆਪਣੀ ਹੀ ਮੁੱਢਲੀ ਨੀਤੀ ਵਿੱਚ ਦਰਜ ਸ਼ਰਤਾਂ ਵਿੱਚ ਵਾਧਾ ਕਰ ਕੇ ਅਲਾਟੀਆਂ ਨੂੰ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਕਰ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸਮੂਹ ਹਾਊਸਿੰਗ ਸੁਸਾਇਟੀਆਂ ਨੇ ਪੰਚਕੂਲਾ ਦੇ ਸੈਕਟਰ-20 ਵਿੱਚ ਜ਼ਮੀਨ ਲਈ ਅਰਜ਼ੀ ਦਿੱਤੀ ਸੀ। ਹੁੱਡਾ ਨੇ ਗਰੁੱਪ ਹਾਊਸਿੰਗ ਸਕੀਮ 1990 ਵਿੱਚ ਜ਼ਿਕਰ ਕੀਤਾ ਸੀ ਕਿ ਜ਼ਮੀਨ ਬਿਨਾ ਕਿਸੇ ਲਾਭ ਜਾਂ ਨੁਕਸਾਨ ਦੇ ਆਧਾਰ ’ਤੇ ਅਲਾਟ ਕੀਤੀ ਜਾਵੇਗੀ ਅਤੇ ਸਾਰੀਆਂ ਬੁਨਿਆਦੀ ਸਹੂਲਤਾਂ ਮੁਹੱਈਆ ਕੀਤੀਆਂ ਜਾਣਗੀਆਂ। ਸਕੀਮ ਵਿੱਚ ਇਹ ਵੀ ਦੱਸਿਆ ਗਿਆ ਸੀ ਕਿ ਜੇਕਰ ਸੁਸਾਇਟੀ ਕ੍ਰਮਵਾਰ ਤਿੰਨ ਸਾਲ ਅਤੇ ਚਾਰ ਸਾਲਾਂ ਵਿੱਚ ਉਸਾਰੀ ਮੁਕੰਮਲ ਕਰਦੀ ਹੈ ਤਾਂ ਹੱਡਾ ਜ਼ਮੀਨ ਦੀ ਕੀਮਤ ’ਤੇ 20 ਫੀਸਦ ਅਤੇ 10 ਫੀਸਦ ਦੀ ਛੋਟ ਦੇਵੇਗਾ। ਉਨ੍ਹਾਂ ਕਿਹਾ ਕਿ ਅਦਾਲਤ ਦੇ ਹੁਕਮਾਂ ਅਤੇ ਨਿਯਮਾਂ ਦੀ ਪਾਲਣਾ ਕਰਦੇ ਹੋਏ ਹੁੱਡਾ ਸੜਕਾਂ ਤੇ ਪਾਰਕਾਂ ਆਦਿ ਦੇ ਸੁਧਾਰ ਦੀ ਮੰਗ ਕਰ ਰਿਹਾ ਹੈ ਜੋ ਕਿ ਪੂਰੀ ਤਰ੍ਹਾਂ ਅਣਉਚਿਤ ਹੈ। ਐਸੋਸੀਏਸ਼ਨ ਵੱਲੋਂ ਮੁੱਖ ਮੰਤਰੀ ਨੂੰ ਇਸ ਸਬੰਧੀ ਪੱਤਰ ਲਿਖਿਆ ਗਿਆ ਹੈ।