ਪੁਲੀਸ ਮੁਕਾਬਲੇ ਦੌਰਾਨ ਗੋਲੀ ਲੱਗਣ ਕਾਰਨ ਮੁਲਜ਼ਮ ਹਲਾਕ
ਪੱਤਰ ਪ੍ਰੇਰਕ
ਨਵੀਂ ਦਿੱਲੀ, 24 ਨਵੰਬਰ
ਦਿੱਲੀ ਪੁਲੀਸ ਦੇ ਕਾਂਸਟੇਬਲ ਦੇ ਚਾਕੂ ਮਾਰਨ ਦੇ ਇੱਕ ਦਿਨ ਬਾਅਦ, ਦੱਖਣੀ ਦਿੱਲੀ ਦੇ ਸੰਗਮ ਵਿਹਾਰ ਖੇਤਰ ਵਿੱਚ ਪੁਲੀਸ ਨੇ ਮੁਕਾਬਲੇ ਦੌਰਾਨ ਮਾਮਲੇ ਦੇ ਮੁੱਖ ਮੁਲਜ਼ਮ ਨੂੰ ਗੋਲੀ ਮਾਰ ਦਿੱਤੀ। ਉਸ ਨੁੰ ਜ਼ਖ਼ਮੀ ਹਾਲਤ ਵਿੱਚ ਹਸਪਤਾਲ ਲਿਆਂਦਾ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਦਿੱਲੀ ਪੁਲੀਸ ਦੇ ਅਧਿਕਾਰੀਆਂ ਨੇ ਦੱਸਿਆ ਕਿ ਦੱਖਣ-ਪੂਰਬੀ ਦਿੱਲੀ ਦੇ ਗੋਵਿੰਦਪੁਰੀ ਖੇਤਰ ਵਿੱਚ ਰਾਤ ਦੀ ਗਸ਼ਤ ਡਿਊਟੀ ਦੌਰਾਨ ਸ਼ਨਿਚਰਵਾਰ ਨੂੰ ਕਾਂਸਟੇਬਲ ਕਿਰਨ ਪਾਲ ਦੀ ਤਿੰਨ ਵਿਅਕਤੀਆਂ ਨੇ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ ਸੀ। ਦੋ ਮੁਲਜ਼ਮਾਂ ਦੀਪਕ ਮੈਕਸ ਅਤੇ ਕ੍ਰਿਸ਼ ਗੁਪਤਾ ਨੂੰ ਉਸ ਦਿਨ ਗ੍ਰਿਫ਼ਤਾਰ ਕੀਤਾ ਗਿਆ ਸੀ। ਤੀਜਾ ਮੁਲਜ਼ਮ ਰਾਘਵ ਜਿਸ ਨੇ ਕਾਂਸਟੇਬਲ ਨੂੰ ਚਾਕੂ ਨਾਲ ਮਾਰਿਆ ਸੀ, ਉਹ ਸੰਗਮ ਵਿਹਾਰ ਵਿੱਚ ਲੁਕਿਆ ਹੋਇਆ ਸੀ। ਸੂਚਨਾ ’ਤੇ ਕਾਰਵਾਈ ਕਰਦੇ ਹੋਏ, ਸਪੈਸ਼ਲ ਸੈੱਲ ਦੇ ਐਨਡੀਆਰ ਅਤੇ ਦੱਖਣ ਪੂਰਬੀ ਜ਼ਿਲ੍ਹੇ ਦੇ ਨਾਰਕੋਟਿਕਸ ਸੈੱਲ ਦੀਆਂ ਟੀਮਾਂ ਸ਼ਨਿਚਰਵਾਰ ਦੇਰ ਰਾਤ ਸੰਗਮ ਵਿਹਾਰ ਅਤੇ ਸੂਰਜਕੁੰਡ ਰੋਡ ਨੂੰ ਜੋੜਨ ਵਾਲੇ ਖੇਤਰ ਵਿੱਚ ਘੇਰਾਬੰਦੀ ਕਰਕੇ ਕਾਰਵਾਈ ਨੂੰ ਅੰਜਾਮ ਦਿੱਤਾ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਜ਼ਖਮੀ ਨੂੰ ਤੁਰੰਤ ਓਖਲਾ ਦੇ ਈਐੱਸਆਈਸੀ ਹਸਪਤਾਲ ਲਿਆਂਦਾ ਗਿਆ, ਜਿੱਥੇ ਉਸ ਦੀ ਮੌਤ ਹੋ ਗਈ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਇਸ ਮੁਕਾਬਲੇ ਵਿੱਚ ਕੋਈ ਪੁਲੀਸ ਅਧਿਕਾਰੀ ਜ਼ਖਮੀ ਨਹੀਂ ਹੋਇਆ। ਇਸ ਦੌਰਾਨ ਪੁਲੀਸ ਨੂੰ ਇੱਕ ਪਿਸਤੌਲ ਅਤੇ ਦੋ ਕਾਰਤੂਸ ਬਰਾਮਦ ਹੋਏ ਹਨ। ਜ਼ਿਕਰਯੋਗ ਹੈ ਕਿ ਕਾਂਸਟੇਬਲ ਕਿਰਨ ਪਾਲ ਗੋਵਿੰਦਪੁਰੀ ਪੁਲੀਸ ਥਾਣੇ ਵਿੱਚ ਤਾਇਨਾਤ ਸੀ। ਉਹ ਰਾਤ ਦੀ ਗਸ਼ਤ ਕਰ ਰਿਹਾ ਸੀ। ਉਸ ਨੇ ਸ਼ਨਿਚਰਵਾਰ ਨੂੰ ਸਕੂਟਰੀ ’ਤੇ ਸਵਾਰ ਤਿੰਨ ਵਿਅਕਤੀਆਂ ਨੂੰ ਰੋਕਿਆ। ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮਾਂ ਨੇ ਗ੍ਰਿਫ਼ਤਾਰੀ ਤੋਂ ਬਚਣ ਲਈ ਕਾਂਸਟੇਬਲ ’ਤੇ ਪੱਥਰ ਸੁੱਟੇ ਪਰ ਕਾਂਸਟੇਬਲ ਨੇ ਆਪਣਾ ਮੋਟਰਸਾਈਕਲ ਉਨ੍ਹਾਂ ਦੀ ਸਕੂਟਰੀ ਅੱਗੇ ਫਸਾ ਦਿੱਤਾ ਤਾਂ ਜੋ ਉਹ ਭੱਜ ਨਾ ਸਕਣ। ਕਾਂਸਟੇਬਲ ਨੇ ਸਕੂਟਰੀ ਦੀ ਚਾਬੀ ਵੀ ਕੱਢ ਲਈ। ਉਹ ਤਿੰਨਾਂ ਤੋਂ ਪੁੱਛਗਿੱਛ ਕਰਨ ਲੱਗਿਆ। ਇਸੇ ਦੌਰਾਨ ਮੁਲਜ਼ਮਾਂ ਨੇ ਉਸ ’ਤੇ ਚਾਕੂ ਨਾਲ ਹਮਲਾ ਕਰ ਦਿੱਤਾ।