ਮੁਲਜ਼ਮ 45 ਲੱਖ ਦੀ ਡਰੱਗ ਮਨੀ ਸਣੇ ਕਾਬੂ
ਪੱਤਰ ਪ੍ਰੇਰਕ
ਅਟਾਰੀ, 28 ਫਰਵਰੀ
ਪੁਲੀਸ ਥਾਣਾ ਘਰਿੰਡਾ ਵੱਲੋਂ 45 ਲੱਖ ਰੁਪਏ ਸਣੇ ਇੱਕ ਵਿਅਕਤੀ ਨੂੰ ਕਾਬੂ ਕੀਤਾ ਗਿਆ। ਥਾਣਾ ਘਰਿੰਡਾ ਵੱਲੋਂ ਇਹ ਕਾਰਵਾਈ ਹੈਰੋਇਨ ਦੀ ਤਸਕਰੀ ਦੇ ਦੋਸ਼ ਹੇਠ ਕਾਬੂ ਕੀਤੇ ਤਸਕਰਾਂ ਦੀ ਨਿਸ਼ਾਨਦੇਹੀ ’ਤੇ ਕੀਤੀ ਗਈ ਹੈ। ਹਿਰਾਸਤ ਵਿੱਚ ਲਏ ਮੁਲਜ਼ਮ ਦੀ ਪਛਾਣ ਰਮਨ ਕੁਮਾਰ ਪੁੱਤਰ ਰਾਮੇਸ਼ ਕੁਮਾਰ ਵਾਸੀ ਅੰਮ੍ਰਿਤਸਰ ਵਜੋਂ ਹੋਈ ਹੈ। ਉਸ ਕੋਲੋਂ ਪੁਲੀਸ ਨੇ 45,37,920 ਹਵਾਲਾ ਰਕਮ ਅਤੇ ਇੱਕ ਸਕੂਟਰ ਬਰਾਮਦ ਕੀਤਾ ਹੈ। ਇਹ ਵੀ ਜਾਣਕਾਰੀ ਮਿਲੀ ਹੈ ਕਿ ਮੁਲਜ਼ਮ ਕਾਫ਼ੀ ਸਮੇਂ ਤੋਂ ਹਵਾਲੇ ਦਾ ਗੋਰਖਧੰਦਾ ਕਰ ਰਿਹਾ ਸੀ।
ਇਸ ਮੌਕੇ ਐਸਪੀ (ਡੀ) ਹਰਿੰਦਰ ਸਿੰਘ ਨੇ ਦੱਸਿਆ ਕਿ ਪਿਛਲੇ ਦਿਨੀਂ ਰੋਸ਼ਨ ਸਿੰਘ ਉੁਰਫ ਰੋਸ਼ੀ ਪੁੱਤਰ ਨਿਰਮਲ ਸਿੰਘ ਵਾਸੀ ਰੋੜਾਂਵਾਲਾ ਨੂੰ ਘਰਿੰਡਾ ਪੁਲੀਸ ਨੇ 500 ਗ੍ਰਾਮ ਹੈਰੋਇਨ ਅਤੇ ਮੋਟਰਸਾਈਕਲ ਸਣੇ ਕਾਬੂ ਕੀਤਾ ਸੀ। ਉਸ ਦੀ ਨਿਸ਼ਾਨਦੇਹੀ ’ਤੇ ਪੁਲੀਸ ਨੂੰ ਹੋਰ ਵੱਡੀ ਕਾਮਯਾਬੀ ਮਿਲੀ ਜਦੋਂ ਉਨ੍ਹਾਂ ਨੇ ਗੁਰਜੀਤ ਸਿੰਘ ਉਰਫ ਗੋਪੀ ਨੂੰ 500 ਗ੍ਰਾਮ ਹੈਰੋਇਨ ਅਤੇ 50 ਹਜ਼ਾਰ ਦੀ ਡਰੱਗ ਮਨੀ ਸਣੇ ਹਿਰਾਸਤ ਵਿੱਚ ਲਿਆ। ਉਨ੍ਹਾਂ ਦੱਸਿਆ ਕਿ ਜਦੋਂ ਤਸਕਰ ਗੁਰਜੀਤ ਸਿੰਘ ਕੋਲੋਂ ਪੁੱਛਗਿੱਛ ਦੌਰਾਨ ਉਨ੍ਹਾਂ ਦੇ ਤਸਕਰਾਂ ਨਾਲ ਸਬੰਧਾਂ ਬਾਰੇ ਰਿਕਾਰਡ ਖੰਘਾਲਿਆ ਗਿਆ ਤਾਂ ਸਾਹਮਣੇ ਆਇਆ ਕਿ ਹੈਰੋਇਨ ਤੋਂ ਪ੍ਰਾਪਤ ਪੈਸਿਆਂ ਨੂੰ ਰਮਨ ਕੁਮਾਰ ਪੁੱਤਰ ਰਮੇਸ਼ ਕੁਮਾਰ ਵਾਸੀ ਅੰਮ੍ਰਿਤਸਰ ਹਵਾਲਾ ਕਾਰੋਬਾਰੀਆਂ ਨੂੰ ਦਿੰਦਾ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਤਸਕਰਾਂ ਹੁਣ ਤੱਕ ਇੱਕ ਕਿਲੋ ਹੈਰੋਇਨ, 45,87,920 ਰੁਪਏ ਦੀ ਡਰੱਗ ਮਨੀ, ਇੱਕ ਐਕਟਿਵਾ ਅਤੇ ਇੱਕ ਮੋਟਰਸਾਈਕਲ ਬਰਾਮਦ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਤਸਕਰਾਂ ਕੋਲੋਂ ਪੁੱਛ-ਪੜਤਾਲ ਜਾਰੀ ਹੈ ਤੇ ਕਈ ਹੋਰ ਵੱਡੇ ਖ਼ੁਲਾਸੇ ਹੋਣ ਦੀ ਉਮੀਦ ਹੈ।