ਲੁੱਟਾਂ-ਖੋਹਾਂ ਤੇ ਚੋਰੀਆਂ ਦੇ ਦੋਸ਼ ਹੇਠ ਮੁਲਜ਼ਮ ਗ੍ਰਿਫ਼ਤਾਰ
ਨਿੱਜੀ ਪੱਤਰ ਪ੍ਰੇਰਕ
ਜਲੰਧਰ, 19 ਅਗਸਤ
ਪੁਲੀਸ ਕਮਿਸ਼ਨਰ ਸਵਪਨ ਸ਼ਰਮਾ ਦੀ ਅਗਵਾਈ ਹੇਠ ਜਲੰਧਰ ਕਮਿਸ਼ਨਰੇਟ ਪੁਲੀਸ ਨੇ ਚੋਰੀ ਅਤੇ ਲੁੱਟ-ਖੋਹ ਦੀਆਂ ਘਟਨਾਵਾਂ ਵਿੱਚ ਸ਼ਾਮਲ ਇੱਕ ਵਿਅਕਤੀ ਨੂੰ ਕਾਬੂ ਕੀਤਾ ਹੈ।
ਪੁਲੀਸ ਕਮਿਸ਼ਨਰ ਨੇ ਦੱਸਿਆ ਕਿ ਪੁਲੀਸ ਨੂੰ ਇਤਲਾਹ ਮਿਲੀ ਸੀ ਕਿ ਸ਼ਹਿਰ ’ਚ ਚੋਰੀ ਅਤੇ ਲੁੱਟ-ਖੋਹ ਦੀਆਂ ਘਟਨਾਵਾਂ ’ਚ ਸ਼ਾਮਿਲ ਇੱਕ ਵਿਅਕਤੀ ਘੁੰਮ ਰਿਹਾ ਹੈ। ਇਸ ਸੂਚਨਾ ਦੇ ਆਧਾਰ ’ਤੇ ਪੁਲੀਸ ਨੇ ਭਾਰਗੋ ਕੈਂਪ ਨੇੜੇ ਜਾਲ ਵਿਛਾ ਕੇ ਚੈਕਿੰਗ ਕੀਤੀ। ਸਵਪਨ ਸ਼ਰਮਾ ਨੇ ਦੱਸਿਆ ਕਿ ਪੁਲੀਸ ਨੇ ਇੱਕ ਨੌਜਵਾਨ ਨੂੰ ਚੌਕੀ ਵੱਲ ਆਉਂਦੇ ਦੇਖਿਆ। ਪੁਲੀਸ ਕਮਿਸ਼ਨਰ ਨੇ ਕਿਹਾ ਕਿ ਪੁਲੀਸ ਨੇ ਚੈਕਿੰਗ ਦੌਰਾਨ ਨੌਜਵਾਨ ਕੋਲੋਂ ਵੱਖ-ਵੱਖ ਮਾਰਕਾ ਦੇ 15 ਮੋਬਾਈਲ ਫ਼ੋਨ, ਤਿੰਨ ਗੈਸ ਸਿਲੰਡਰ ਅਤੇ ਇੱਕ ਮੋਟਰਸਾਈਕਲ ਬਰਾਮਦ ਕੀਤਾ ਹੈ। ਫੜੇ ਗਏ ਨੌਜਵਾਨ ਦੀ ਪਛਾਣ ਸਾਜਨ ਵਾਸੀ ਪਿੰਡ ਮੱਲਾਂਵਾਲਾ ਜ਼ਿਲ੍ਹਾ ਫਿਰੋਜ਼ਪੁਰ,ਹਾਲ ਵਾਸੀ ਦੁਸਹਿਰਾ ਗਰਾਊਂਡ ਬਸਤੀ ਸ਼ੇਖ ਜਲੰਧਰ ਵਜੋਂ ਹੋਈ ਹੈ।
ਖੋਹ ਦੇ ਮੋਬਾਈਲਾਂ ਸਣੇ ਕਾਬੂ
ਫਗਵਾੜਾ (ਪੱਤਰ ਪ੍ਰੇਰਕ): ਮਹਿਲਾ ਤੋਂ ਪਰਸ ਖੋਹ ਕੇ ਲੈ ਜਾਣ ਵਾਲੇ ਵਿਅਕਤੀ ਨੂੰ ਪੁਲੀਸ ਨੇ ਕਾਬੂ ਕਰ ਕੇ ਉਸ ਕੋਲੋਂ ਮੋਬਾਈਲ ਫ਼ੋਨ ਬਰਾਮਦ ਕੀਤੇ ਹਨ। ਐੱਸਪੀ ਰੁਪਿੰਦਰ ਕੌਰ ਭੱਟੀ ਨੇ ਦੱਸਿਆ ਕਿ ਕਾਬੂ ਕੀਤੇ ਵਿਅਕਤੀ ਦੀ ਪਛਾਣ ਸ਼ਿਵਾ ਵਾਸੀ ਮੁਹੱਲਾ ਰਾਜੀਮੰਡੀ ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਜਸਪ੍ਰੀਤ ਵਾਸੀ ਪਿੰਡ ਅੱਟਾ ਦੀ ਪਤਨੀ ਸਾਮਾਨ ਲੈਣ ਲਈ ਬਾਜ਼ਾਰ ਆਈ ਸੀ। ਇਸ ਦੌਰਾਨ ਬਾਜ਼ਾਰ ’ਚ ਭੀੜ ਹੋਣ ਕਰਕੇ ਕੋਈ ਵਿਅਕਤੀ ਉਸ ਦਾ ਪਰਸ ਖੋਹ ਕੇ ਭੱਜ ਗਿਆ ਸੀ ਜਿਸ ’ਚ 45 ਹਜ਼ਾਰ ਰੁਪਏ ਦੀ ਨਕਦੀ ਤੇ ਮੋਬਾਈਲ ਸੀ। ਉਨ੍ਹਾਂ ਦੱਸਿਆ ਕਿ ਪੁਲੀਸ ਨੇ ਉਕਤ ਵਿਅਕਤੀ ਨੂੰ ਕਾਬੂ ਕਰਕੇ ਉਸ ਪਾਸੋਂ ਖੋਹੇ ਹੋਏ ਦੋ ਮੋਬਾਈਲ ਬਰਾਮਦ ਕੀਤੇ ਹਨ ਤੇ ਉਸ ਦਾ ਪੁਲੀਸ ਰਿਮਾਂਡ ਹਾਸਲ ਕਰ ਕੇ ਪੁੱਛ-ਗਿੱਛ ਕੀਤੀ ਜਾ ਰਹੀ ਹੈ।