ਕੌਮੀ ਮਾਰਗ ਦਾ ਨਿਰਮਾਣ ਵਿਚਾਲੇ ਛੱਡਣ ਕਾਰਨ ਹਾਦਸੇ
ਗੁਰਨੇਕ ਸਿੰਘ ਵਿਰਦੀ
ਕਰਤਾਰਪੁਰ, 30 ਮਾਰਚ
ਕੌਮੀ ਮਾਰਗ ’ਤੇ ਤਾਜਪੁਰ ਨੇੜੇ ਸੜਕ ਦਾ ਕੰਮ ਅਧੂਰਾ ਹੋਣ ਕਾਰਨ ਖਣਨ ਸਮੱਗਰੀ ਨਾਲ ਲੱਦਿਆ ਟਿੱਪਰ ਡਿਵਾਈਡਰ ਨਾਲ ਟਕਰਾ ਗਿਆ। ਹਾਦਸਾ ਇੰਨਾ ਭਿਆਨਕ ਸੀ ਕਿ ਵਾਹਨ ਬੁਰੀ ਤਰ੍ਹਾਂ ਨੁਕਸਾਨਿਆ ਗਿਆ। ਹਾਦਸੇ ਸਬੰਧੀ ਲਾਂਬੜਾ ਪੁਲੀਸ ਕੋਲ ਕੋਈ ਜਾਣਕਾਰੀ ਨਹੀਂ ਹੈ। ਚਾਲਕ ਕੁਲਦੀਪ ਸਿੰਘ ਵਾਸੀ ਸ਼ਾਹਕੋਟ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਜ਼ਿਕਰਯੋਗ ਹੈ ਕਿ ਬਾਦਸ਼ਾਹਪੁਰ ਸਰਕਾਰੀ ਸਕੂਲ ਨੇੜੇ ਸੜਕ ਦਾ ਅੱਧਾ ਹੀ ਟੋਟਾ ਬਣਿਆ ਹੋਇਆ ਹੈ ਅਤੇ ਬਾਕੀ ਹਿੱਸੇ ’ਤੇ ਵਿਭਾਗ ਨੇ ਮਿੱਟੀ ਸੁੱਟ ਕੇ ਰਸਤਾ ਰੋਕਿਆ ਹੋਇਆ ਹੈ। ਇਸ ਕਾਰਨ ਇੱਥੇ ਹਾਦਸੇ ਹੋਣ ਦਾ ਡਰ ਬਣਿਆ ਰਹਿੰਦਾ ਹੈ। ਹਾਦਸੇ ਕਾਰਨ ਨੁਕਸਾਨੇ ਗਏ ਟਿੱਪਰ ਨੂੰ ਸੜਕ ਸੁਰੱਖਿਆ ਫੋਰਸ ਦੇ ਕਰਮਚਾਰੀਆਂ ਨੇ ਸੜਕ ਦੇ ਕਿਨਾਰੇ ਕਰ ਦਿੱਤਾ ਹੈ। ਕੌਮੀ ਮਾਰਗ ਦੇ ਇਸ ਹਿੱਸੇ ਦੀ ਨਿਗਰਾਨੀ ਕਰਦੇ ਜੂਨੀਅਰ ਇੰਜਨੀਅਰ ਜਸਵਿੰਦਰ ਸਿੰਘ ਨੇ ਦੱਸਿਆ ਕਿ ਹਾਦਸੇ ਵਾਲੀ ਜਗ੍ਹਾ ਤੋਂ ਲਗਭਗ 150 ਮੀਟਰ ਤੱਕ ਸੜਕ ਬਣਾਉਣ ਦਾ ਕੰਮ ਅਧੂਰਾ ਪਿਆ ਹੈ। ਉਨ੍ਹਾਂ ਦੱਸਿਆ ਕਿ ਨੇੜਲੇ ਇੱਕ ਵਿਅਕਤੀ ਵੱਲੋਂ ਉਕਤ ਜ਼ਮੀਨ ਦੇ ਹਿੱਸੇ ਉੱਪਰ ਆਪਣੀ ਮਾਲਕੀ ਹੋਣ ਦਾ ਵਿਭਾਗ ਕੋਲ ਦਾਅਵਾ ਕੀਤਾ ਗਿਆ ਹੈ। ਇਸ ਕਰਕੇ ਇੱਥੇ ਸੜਕ ਬਣਾਉਣ ਦਾ ਮਾਮਲਾ ਪਿਛਲੇ ਕਾਫੀ ਸਮੇਂ ਤੋਂ ਲਟਕਿਆ ਹੋਇਆ ਹੈ। ਉਨ੍ਹਾਂ ਦੱਸਿਆ ਕਿ ਅਧੂਰੇ ਕੰਮ ਦਾ ਸੜਕ ਕਿਨਾਰੇ ਚਿਤਾਵਨੀ ਬੋਰਡ ਲਗਾ ਕੇ ਚਾਲਕਾਂ ਨੂੰ ਸੂਚਿਤ ਕੀਤਾ ਗਿਆ ਹੈ।
ਸੜਕ ਹਾਦਸੇ ਦੇ ਸਬੰਧ ’ਚ ਟਰੈਕਟਰ ਚਾਲਕ ਖ਼ਿਲਾਫ਼ ਕੇਸ ਦਰਜ
ਕਾਦੀਆਂ (ਸੁੱਚਾ ਸਿੰਘ ਪਸਨਾਵਾਲ): ਥਾਣਾ ਕਾਦੀਆਂ ਦੀ ਪੁਲੀਸ ਨੇ ਪਿੰਡ ਖਾਰਾ ਦੇ ਬਾਹਰਵਾਰ ਖੇਤਾਂ ਵਿੱਚ ਸਥਿਤ (ਬਹਿਕ ਸੋਨੀ ਸ਼ਾਹ) ਵਿੱਚ ਕੱਲ੍ਹ ਵਾਪਰੇ ਟਰੈਕਟਰ ਹਾਦਸੇ ’ਚ ਮਰੇ ਸੱਤ ਸਾਲਾ ਬੱਚੇ ਸਾਗਰ ਅਤੇ ਜ਼ਖ਼ਮੀ ਹੋਏ ਉਸ ਦੇ ਦੋ ਭਰਾਵਾਂ ਸ਼ਿਵ ਅਤੇ ਹੈਰੀ ਦੇ ਮਾਮਲੇ ਦੇ ਸਬੰਧ ’ਚ ਟਰੈਕਟਰ ਦੇ ਚਾਲਕ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਥਾਣਾ ਕਾਦੀਆਂ ਦੇ ਮੁਖੀ ਨਿਰਮਲ ਸਿੰਘ ਨੇ ਦੱਸਿਆ ਮ੍ਰਿਤਕ ਦੇ ਪਿਤਾ ਲੱਕੀ ਵਾਸੀ ਠੀਕਰੀਵਾਲ ਉੱਚਾ ਹਾਲ ਵਾਸੀ ਪਿੰਡ ਖਾਰਾ (ਬਹਿਕ ਸੋਨੀ ਸ਼ਾਹ) ਨੇ ਦੱਸਿਆ ਸੋਨੀ ਸ਼ਾਹ ਵਾਸੀ ਕਾਦੀਆਂ ਵਲੋਂ ਪਿੰਡ ਖਾਰਾ ਵਿੱਚ ਖਰੀਦੀ ਜ਼ਮੀਨ ਵਿੱਚ ਬਣੇ ਮਕਾਨ ਵਿੱਚ ਉਹ (ਲੱਕੀ) ਆਪਣੀ ਪਤਨੀ ਅਤੇ ਤਿੰਨ ਬੱਚਿਆਂ ਸਣੇ ਰਹਿੰਦਾ ਹੈ। ਜਿਥੇ ਸੈੱਡ ਵਿੱਚ ਪਈ ਆਪਣੀ ਤੂੜੀ ਲੈਣ ਲਈ ਬਲਦੇਵ ਸਿੰਘ ਪੁੱਤਰ ਪੂਰਨ ਚੰਦ ਵਾਸੀ ਭਗਤਪੁਰ ਕੱਲ੍ਹ ਬਾਅਦ ਦੁਪਹਿਰ ਟਰੈਕਟਰ-ਟਰਾਲੀ ਲੈ ਕੇ ਆਇਆ ਤਾਂ ਉਸ ਨੇ ਟਰਾਲੀ ਅੰਦਰ ਲਗਾ ਕੇ ਟਰੈਕਟਰ ਬਾਹਰ ਸੜਕ ’ਤੇ ਖੜ੍ਹਾ ਕਰ ਕੇ ਲਾਪਰਵਾਹੀ ਨਾਲ ਚਾਬੀ ਵਿੱਚ ਲੱਗੀ ਰਹਿਣ ਦਿੱਤੀ। ਇਸ ਮਗਰੋਂ ਇਹ ਹਾਦਸਾ ਵਾਪਰ ਗਿਆ। ਥਾਣਾ ਮੁਖੀ ਨੇ ਦੱਸਿਆ ਮ੍ਰਿਤਕ ਦੇ ਪਿਤਾ ਦੇ ਬਿਆਨਾਂ ’ਤੇ ਟਰੈਕਟਰ ਚਾਲਕ ਬਲਦੇਵ ਸਿੰਘ ਵਿਰੁੱਧ ਕੇਸ ਦਰਜ ਕਰ ਲਿਆ ਹੈ।