ਖ਼ਾਲਸਾ ਸਾਜਨਾ ਦਿਵਸ ਦਾ ਚਸ਼ਮਦੀਦ ਬਿਰਤਾਂਤਕਾਰ ਅਬੂ-ਉਲ-ਤੁਰਾਨੀ
ਪ੍ਰਿੰ. ਕੁਲਵੰਤ ਸਿੰਘ ਅਣਖੀ
ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਿਰਮਲ ਪੰਥ ਨੂੰ ਨਿਆਰਾ ਰੂਪ ਦੇਣ ਅਤੇ ‘ਸਿਰੁ ਧਰਿ ਤਲੀ ਗਲੀ ਮੇਰੀ ਆਉ’ ਦੇ ਉਪਦੇਸ਼ ਅਤੇ ਦ੍ਰਿੜ ਨਿਸ਼ਚੇ ਸਹਿਤ ਵਿਚਰਦਿਆਂ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇੱਕ ਵਿਸਾਖ ਸੰਮਤ 1756 ਦਿਹਾੜੇ ਅਜਬ ਕੌਤਕ ਵਰਤਾ ਦਿੱਤਾ। ਦੂਰ ਦੁਰਾਡੇ ਦੀਆਂ ਸਿੱਖ ਸੰਗਤਾਂ ਨੂੰ ਪਾਤਸ਼ਾਹ ਨੇ ਵਿਸਾਖੀ ਦੇ ਦਿਹਾੜੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਸ੍ਰੀ ਕੇਸਗੜ੍ਹ ਸਾਹਿਬ ਦੇ ਵਿਸ਼ੇਸ਼ ਦੀਵਾਨ ਵਿੱਚ ਹਾਜ਼ਰੀ ਭਰਨ ਲਈ ਪ੍ਰੇਮ-ਪ੍ਰਵਾਨੇ ਭੇਜ ਕੇ ਸੱਦਿਆ।
ਦਿੱਲੀ ਤਖ਼ਤ ਦੇ ਬਾਦਸ਼ਾਹ ਔਰੰਗਜ਼ੇਬ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀਆਂ ਸਰਗਰਮੀਆਂ ਦੀ ਪੁਖ਼ਤਾ ਜਾਣਕਾਰੀ ਹਾਸਲ ਕਰਨ ਲਈ ਜਾਸੂਸ ਅਬੂ-ਉਲ-ਤੁਰਾਨੀ ਨੂੰ ਆਨੰਦਪੁਰ ਸਾਹਿਬ ਭੇਜਿਆ ਸੀ। ਇਤਿਹਾਸਕਾਰਾਂ ਮੁਤਾਬਿਕ ਅਬੂ-ਉਲ-ਤੁਰਾਨੀ ਨੇ 1699 ਦੀ ਵਿਸਾਖੀ ਤੋਂ ਤਕਰੀਬਨ ਦੋ ਸਾਲ ਪਹਿਲਾਂ ਹੀ ਆਨੰਦਪੁਰ ਸਾਹਿਬ ਵਿਖੇ ਪਹੁੰਚ ਕੇ ‘ਪਰਮ ਪੁਰਖ ਦੇ ਦਾਸ’ ਵੱਲੋਂ ਮਾਨਵੀ ਸੁਤੰਤਰਤਾ ਦੀ ਢਾਲ ਬਣ ਧਾਰਮਿਕ ਮਰਿਆਦਾਵਾਂ ਨੂੰ ਬੁਲੰਦੀਆਂ ’ਤੇ ਪੁਚਾਉਣ, ਸੰਤਾਂ ਮਹਾਂ ਪੁਰਸ਼ਾਂ ਦੀ ਸੰਗਤ ਅਤੇ ਉਨ੍ਹਾਂ ਦੀ ਸੋਭਾ ਕੀਰਤੀ ਕਰਨ, ਰਣਜੀਤ ਨਗਾਰੇ ਦੀਆਂ ਧਮਕਾਂ ਨਾਲ ਪਹਾੜੀਆਂ ਵਿੱਚ ਗੂੰਜਾਂ ਪਾਉਣ, ਸਿਰਮੌਰ ਕਵੀਆਂ ਅਤੇ ਵਿਦਵਾਨਾਂ ਨੂੰ ਇਨਾਮਾਂ, ਸੁਗਾਤਾਂ, ਤੋਹਫਿ਼ਆਂ ਅਤੇ ਖਿ਼ਲਅਤਾਂ ਸਹਿਤ ਨਿਵਾਜਣ, ਫੁਰਤੀਲੇ ਘੋੜਿਆਂ ’ਤੇ ਸਵਾਰ ਤਿਆਰ-ਬਰ-ਤਿਆਰ ਸ਼ਸਤਰਧਾਰੀ ਸਿੰਘਾਂ ਦੀਆਂ ਜੰਗਜੂ ਖੇਡਾਂ ਦੇ ਕਰਤੱਬ ਸਜਾਉਣ ਆਦਿ ਕਾਰਜਾਂ ਦੀ ਵਿਸਥਾਰਤ ਸੂਚਨਾ ਗੁਪਤ ਰਹਿ ਕੇ ਭੇਜਦਾ ਸੀ। ਇਤਿਹਾਸਕ ਹਵਾਲਿਆਂ ਦੇ ਪ੍ਰਬੀਨ ਵਿਦਵਾਨਾਂ ਮੁਤਾਬਕ ਉਹ ਆਨੰਦਪੁਰ ਸਾਹਿਬ ਵਿਖੇ ਬ੍ਰਾਹਮਣ ਦੇ ਭੇਸ ਵਿੱਚ ਵਿਚਰਦਾ ਸੀ ਅਤੇ ਗੁਲਾਬੇ ਮਾਲੀ ਕੋਲ ਰਹਿ ਕੇ ਸਮਾਂ ਬਸਰ ਕਰਦਾ ਸੀ। ਉਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਜਾਸੂਸੀ ਕਰ ਕੇ ਤਕਰੀਬਨ ਹਰ ਰੋਜ਼ ਰਿਪੋਰਟ ਔਰੰਗਜ਼ੇਬ ਨੂੰ ਭੇਜਦਾ ਸੀ। ਆਪਣੀ ਇਤਲਾਹ-ਪਤ੍ਰਿਕਾ ਵਿੱਚ ਉਹ ਇਸਲਾਮੀ ਸੱਭਿਆਚਾਰਕ ਭਾਸ਼ਾ ਦਾ ਇਸਤੇਮਾਲ ਕਰਦਾ ਹੋਇਆ ਦਸਮੇਸ਼ ਪਿਤਾ ਜੀ ਨੂੰ ‘ਕਾਫ਼ਰਾਂ ਦਾ ਗੁਰੂ’ ਲਿਖਦਾ ਸੀ। ‘ਜਗਤ ਤਮਾਸ਼ਾ ਵੇਖਣ ਆਏ ਅਗੰਮੀ ਅਵਤਾਰ’ ਅਬੂ-ਉਲ-ਤੁਰਾਨੀ ਦੇ ਗੁੱਝੇ ਮਨਸੂਬਿਆਂ ਨੂੰ ਪੂਰੀ ਤਰ੍ਹਾਂ ਸਮਝਦੇ ਸਨ ਪਰ ਉਸ ਮੀਸਣੇ ਜਾਸੂਸ ਦੇ ਅਕੀਦਿਆਂ ਨੂੰ ਤਾੜ ਕੇ ਮੰਦ-ਮੰਦ ਮੁਸਕਰਾ ਛੱਡਦੇ। ਅਬੂ-ਉਲ-ਤੁਰਾਨੀ ਨੇ ਆਖ਼ਰੀ ਜਾਸੂਸੀ ਖ਼ਬਰ ਦੀ ਇਤਲਾਹ-ਪਤ੍ਰਿਕਾ, ਸ੍ਰੀ ਗੁਰੂ ਗੋਬਿੰਦ (ਸਿੰਘ) ਜੀ ਵੱਲੋਂ ਅੰਮ੍ਰਿਤ ਦਾਨ ਦੇ ਕੇ ਪੰਜ ਪਿਆਰਿਆਂ ਦੀ ਸਾਜਨਾ ਅਤੇ ਫਿਰ ਆਪ, ਆਪਣੇ ਵੱਲੋਂ ਹੀ ਸਾਜੇ ਹੋਏ ਪੰਜ ਪਿਆਰਿਆਂ ਕੋਲੋਂ ਅੰਮ੍ਰਿਤ ਦੀ ਦਾਤ ਪ੍ਰਾਪਤ ਕਰ ਕੇ ਸ੍ਰੀ ਗੋਬਿੰਦ ਰਾਏ ਤੋਂ ਸ੍ਰੀ ਗੁਰੂ ਗੋਬਿੰਦ ਸਿੰਘ ਬਣਨ ਸਬੰਧੀ ਭੇਜੀ। ਇਸ ਤੋਂ ਬਾਅਦ ਉਸ ਨੇ ਕੋਈ ਗੁਪਤ ਇਤਲਾਹ-ਪਤ੍ਰਿਕਾ ਨਹੀਂ ਭੇਜੀ। ਭਾਈ ਵੀਰ ਸਿੰਘ ਰਚਿਤ ਸ੍ਰੀ ਕਲਗੀਧਰ ਚਮਤਕਾਰ ਵਿੱਚ ਦਰਜ ਹੈ, “ਇਸ ਦਿਨ ਔਰੰਗਜ਼ੇਬ ਦੇ ਅਖ਼ਬਾਰ ਨਵੀਸ ਨੇ ਜੋ ਖ਼ਬਰ ਔਰੰਗਜ਼ੇਬ ਨੂੰ ਭੇਜੀ, ਉਸ ਵਿੱਚ ਉਸ ਨੇ ਲਿਖਿਆ ਕਿ 20000 ਸਿੱਖਾਂ ਨੇ ਉਸ ਦਿਨ ਗੁਰੂ ਕੀ ਆਗਿਆ ਪ੍ਰਵਾਨ ਕਰ ਲਈ, ਅਰਥਾਤ ਅੰਮ੍ਰਿਤ ਛਕਿਆ।”
ਅਬੂ-ਉਲ-ਤੁਰਾਨੀ ਦੀ ਗੁਪਤ ਇਤਲਾਹ ਮੁਤਾਬਕ ਇਹ ਦਿਨ ਸਿੱਖਾਂ ਦਾ ਯਾਦਗਾਰੀ ਇਤਿਹਾਸਕ ਦਿਨ ਸੀ। ਇਸ ਮੁਬਾਰਕ ਦਿਹਾੜੇ ਮੁਗਲ ਸਾਮਰਾਜ ਦੇ ਦਿੱਲੀ, ਆਗਰਾ, ਲਾਹੌਰ ਅਤੇ ਕਲਾਨੌਰ, ਚਾਰੇ ਤਖ਼ਤਾਂ ਦੇ ਜਲਵੇ ਨੂੰ ਆਨੰਦਪੁਰ ਸਾਹਿਬ ਦੀ ਪਹਾੜੀ ’ਤੇ ਸਜਿਆ ਸ੍ਰੀ ਕੇਸਗੜ੍ਹ ਸਾਹਿਬ ਦੇ ਤਖ਼ਤ ਦਾ ਜਲੌਅ ਮਾਤ ਪਾ ਰਿਹਾ ਸੀ। ਪੂਰੇ ਹਿੰਦੋਸਤਾਨ ਵਿੱਚੋਂ ਸੰਗਤਾਂ ਸ੍ਰੀ ਆਨੰਦਪੁਰ ਸਾਹਿਬ ਵਿਖੇ ਆਣ ਢੁਕੀਆਂ ਸਨ। ਪੂਰੇ ਪੰਡਾਲ ਵਿੱਚ ਸੰਗਤਾਂ ਦਾ ਠਾਠਾਂ ਮਾਰਦਾ ਸਮੁੰਦਰ ਸੀ, ਕਿਤੇ ਤਿਲ ਸੁੱਟਣ ਲਈ ਥਾਂ ਨਹੀਂ ਸੀ। ਅਕਾਲ ਪੁਰਖ ਦੀ ਮੌਜ ਸਹਿਤ ਖ਼ਾਲਸਾ ਪ੍ਰਗਟ ਕਰਦੇ ਸਮੇਂ ਕਲਗੀਆਂ ਵਾਲੇ ਪਾਤਸ਼ਾਹ ਦਾ ਲਿਬਾਸ ਅਤੇ ਚਿਹਰੇ ਦਾ ਨੂਰ, ਜਲਾਲ, ਤੇਜ਼ ਪ੍ਰਤਾਪ ਝੱਲਿਆ ਨਹੀਂ ਸੀ ਜਾਂਦਾ। ਮਾਨੋ ਬੈਕੁੰਠ ਵਿੱਚੋਂ ਅਕਾਲ ਪੁਰਖ ਜੀ ਖ਼ੁਦ ਸਾਖਸ਼ਾਤ ਮਾਨਵੀ ਜਾਮਾ ਧਾਰ ਇਸ ਲੋਕਾਈ ਦੀਆਂ ਪੀੜਾਂ ਹਰਨ ਅਤੇ ਆਪਣੀ ਝੋਲੀ ਪਾਉਣ ਲਈ ਇਸ ਧਰਤੀ ’ਤੇ ਪ੍ਰਗਟ ਹੋ ਗਿਆ ਹੋਵੇ। ਤੇਜਸਵੀ ਚਿਹਰੇ ਤੇ ਅਨੂਠੇ ਤੇਜ਼ ਪ੍ਰਤਾਪ ਸਹਿਤ ਭਰੇ ਦੀਵਾਨ ਵਿੱਚ ਮਾਂ ਗੁਜਰੀ ਦੇ ਲਾਲ ਨੇ ਮਿਆਨ ਵਿਚੋਂ ਕਿਰਪਾਨ ਕੱਢ ਕੇ ਲਹਿਰਾਈ ਅਤੇ ਖੱਬੇ ਹੱਥ ਦੀ ਇੱਕ ਉਂਗਲੀ ਖੜ੍ਹੀ ਕਰ ਕੇ ਬੁਲੰਦ ਆਵਾਜ਼ ਵਿੱਚ ਸੀਸ ਦੀ ਮੰਗ ਕਰਦੀ ਲਲਕਾਰ ਨਾਲ ਹਜ਼ਾਰਾਂ ਦੀ ਸੰਗਤ ਵਿੱਚ ਸਨਸਨੀ, ਘਬਰਾਹਟ ਤੇ ਹੈਰਾਨੀ ਪੈਦਾ ਕਰ ਦਿੱਤੀ। ਗੁਰੂ ਪਾਤਸ਼ਾਹ ਜੀ ਦੀ ਅਲੋਕਾਰ ਮੰਗ ’ਤੇ ਫੁੱਲ ਚੜ੍ਹਾਉਦਿਆਂ ਹੋਇਆਂ ਸਭ ਤੋਂ ਪ੍ਰਥਮ ਲਾਹੌਰ ਦੇ ਭਾਈ ਦਯਾ ਰਾਮ ਜੀ ਨਿਮਰਤਾ ਸਹਿਤ ਹੱਥ ਜੋੜੀ, ਗੁਰੂ ਚਰਨਾਂ ਵਿੱਚ ਸੀਸ ਭੇਟ ਕਰਨ ਲਈ ਹਾਜ਼ਰ ਹੋਏ। ਗੁਰੂ ਜੀ ਭਾਈ ਸਾਹਿਬ ਨੂੰ ਬਾਂਹ ਤੋਂ ਫੜ ਦੁੱਧ ਚਿੱਟੇ ਤੰਬੂ ਵਿੱਚ ਲੈ ਗਏ। ਕਿਰਪਾਨ ਦੇ ਵਾਰ ਦੀ ਆਵਾਜ਼ ਭਰੇ ਦੀਵਾਨ ਵਿੱਚ ਹਾਜ਼ਰ ਸੰਗਤ ਨੇ ਸੁਣੀ। ਲਹੂ ਨੁੱਚੜਦੀ ਕਿਰਪਾਨ ਲੈ ਕੇ ਗੁਰਦੇਵ ਫਿਰ ਦੀਵਾਨ ਵਿੱਚ ਆਏ ਤੇ ਫਿਰ ਬੁਲੰਦ ਆਵਾਜ਼ ਵਿੱਚ ਇੱਕ ਹੋਰ ਸੀਸ ਭੇਟ ਕਰਨ ਲਈ ਕਿਹਾ। ਇਸ ਵਾਰ ਗੁਰੂ ਜੀ ਦੀ ਆਗਿਆ ਦਾ ਪਾਲਣ ਕਰਦਿਆਂ ਹੋਇਆਂ ਹਸਤਨਾਪੁਰ ਦਾ ਭਾਈ ਧਰਮ ਚੰਦ ਸੀਸ ਭੇਟ ਕਰਨ ਲਈ ਗੁਰੂ ਜੀ ਦੇ ਚਰਨੀਂ ਹਾਜ਼ਰ ਹੋ ਗਏ। ਇਨ੍ਹਾਂ ਤੋਂ ਬਾਅਦ ਜਗਨ ਨਾਥ ਪੁਰੀ ਦੇ ਭਾਈ ਹਿੰਮਤ ਰਾਇ, ਫਿਰ ਦਵਾਰਕਾ ਦੇ ਭਾਈ ਮੋਹਕਮ ਚੰਦ ਅਤੇ ਪੰਜਵੀਂ ਵਾਰ ਬਿਦਰ ਦੇ ਭਾਈ ਸਾਹਿਬ ਚੰਦ ਜੀ ਗੁਰੂ ਚਰਨਾਂ ਵਿੱਚ ਸੀਸ ਭੇਟ ਕਰਨ ਲਈ ਹਾਜ਼ਰ ਹੋਏ। ਇਸ ਚੋਜ਼ ਨੇ ਅਜਿਹੀ ਹੈਰਾਨੀ ਵਰਤਾ ਦਿੱਤੀ ਕਿ ਹਜ਼ਾਰਾਂ ਦੀ ਸੰਖਿਆ ਵਿੱਚ ਜੁੜੀ ਸੰਗਤ ਦੇ ਸਾਹ ਦੀ ਆਵਾਜ਼ ਵੀ ਨਹੀਂ ਸੀ ਸੁਣ ਰਹੀ। ਕੁਝ ਇੱਕ ਨੇ ਤਾਂ ਮਾਤਾ ਗੁਜਰੀ ਜੀ ਪਾਸ ਜਾ ਕੇ ਇਸ ਅਨੋਖੇ ਵਰਤਾਰੇ ਨੂੰ ਰੋਕਣ ਦੀ ਦੁਹਾਈ ਵੀ ਪਾਈ।
ਦਸਮੇਸ਼ ਪਿਤਾ ਜੀ ਪੰਜ ਕਕਾਰ ਪਹਿਨੀ ਸੀਸ ਭੇਟ ਕਰਨ ਵਾਲੇ ਪੰਜ ਸਿੰਘਾਂ ਨੂੰ ਨਵੇਂ ਬਸਤਰਾਂ ਸਹਿਤ ਦੀਵਾਨ ਵਿੱਚ ਸਜ ਗਏ। ਗੁਰੂ ਜੀ ਨੇ ਸਰਬਲੋਹ ਦੇ ਬਾਟੇ (ਜਿਸ ਨੂੰ ਅਬੂ-ਉਲ-ਤੁਰਾਨੀ ਕੁੰਡਿਆਂ ਤੋਂ ਬਗੈਰ ਕੜਾਹੀ ਲਿਖਦਾ ਹੈ) ਵਿੱਚ ਸਤਲੁਜ ਦਰਿਆ ਦਾ ਨਿਰਮਲ ਜਲ ਪਾ ਕੇ ਖੰਡਾ ਫੇਰਦੇ ਹੋਏ ਬਾਣੀ ਦਾ ਉਚਾਰਨ ਕਰਦਿਆਂ ਅੰਮ੍ਰਿਤ (ਆਬ-ਏ-ਹਯਾਤ) ਤਿਆਰ ਕੀਤਾ। ਮਾਤਾ ਜੀਤੋ ਜੀ ਨੇ ਤਿਆਰ ਕੀਤੇ ਜਾ ਰਹੇ ਅੰਮ੍ਰਿਤ ਵਿੱਚ ਪਤਾਸੇ ਰਲਾਉਣ ਦੀ ਸੇਵਾ ਨਿਭਾਈ। ਗੁਰੂ ਜੀ ਨੇ ਇਨ੍ਹਾਂ ਪੰਜਾਂ ਮਰਜੀਵੜਿਆਂ ਨੂੰ ‘ਪੰਜ ਪਿਆਰੇ’ ਕਹਿ ਕੇ ਨਿਵਾਜਿਆ ਤੇ ਸਾਰਿਆਂ ਦੇ ਨਾਂ ਨਾਲ ਸਿੰਘ ਜੋੜ ਕੇ ਅਸੀਮ ਆਤਮਿਕ ਬਲ ਬਖਸ਼ਣ ਦੀ ਰਹਿਮਤ ਕੀਤੀ। ਗੁਰੂ ਜੀ ਨੇ ਆਪਣੇ ਕਰ-ਕਮਲਾਂ ਨਾਲ ਵੀਰਾਸਨ ਬੈਠਾਏ ਪੰਜਾਂ ਪਿਆਰਿਆਂ ਨੂੰ ਪੰਜ-ਪੰਜ ਚੂਲੇ ਅੰਮ੍ਰਿਤ ਦੇ ਛਕਾਏ, ਉਨ੍ਹਾਂ ਦੇ ਨੇਤਰਾਂ ਅਤੇ ਕੇਸਾਂ ’ਤੇ ਵੀ ਪੰਜ-ਪੰਜ ਚੂਲੇ ਅੰਮ੍ਰਿਤ ਦੇ ਛਿੜਕੇ। ਹਰੇਕ ਚੂਲੇ ਨਾਲ ਬੁਲੰਦ ਆਵਾਜ਼ ਵਿੱਚ ‘ਬੋਲ ਵਾਹਿਗੁਰੂ ਜੀ ਕਾ ਖਾਲਸਾ॥ ਵਾਹਿਗੁਰੂ ਜੀ ਕੀ ਫਤਿਹ॥ ਗਜਾਈ ਗਈ। ਗੁਰੂ ਜੀ ਨੇ ਅਜਬ ਕੌਤਕ ਵਰਤਾਉਂਦਿਆਂ ਹੋਇਆਂ ਪੰਜਾਂ ਪਿਆਰਿਆਂ ਕੋਲੋਂ ਮੰਗ ਕੇ ਇਸੇ ਜੁਗਤ ਨਾਲ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ ਤੇ ਗੁਰੂ ਗੋਬਿੰਦ ਰਾਏ ਤੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਹੋ ਗਏ। ‘ਆਪੇ ਗੁਰ ਚੇਲਾ’ ਦਾ ਕ੍ਰਾਂਤੀਕਾਰੀ ਸੰਕਲਪ ਘੜਿਆ ਤੇ ਸੰਸਾਰ ਸਾਹਵੇਂ ਪੇਸ਼ ਕੀਤਾ। ਉਪਰੰਤ ਕੜਾਹ ਪ੍ਰਸ਼ਾਦ ਦੀ ਦੇਗ਼ ਵਰਤਾਈ ਗਈ।
ਖ਼ਾਲਸਾ ਸਾਜਣ ਦੇ ਇਸ ਨਿਵੇਕਲੇ, ਵਿਲੱਖਣ ਅਤੇ ਕ੍ਰਾਂਤੀਕਾਰੀ ਸਮਾਗਮ ਦੀ ਖਾਸੂਸੀ ਇਤਲਾਹ-ਪਤ੍ਰਿਕਾ ਦੇ ਨਾਲ ਉਸ ਨੇ ਆਪਣਾ ਅਸਤੀਫ਼ਾ ਵੀ ਰਵਾਨਾ ਕਰਦਿਆਂ ਹੋਇਆਂ ਔਰੰਗਜ਼ੇਬ ਨੂੰ ਤਾੜਨਾ ਭਰੇ ਲਹਿਜੇ ਵਿੱਚ ਆਗਾਹ ਕਰ ਦਿੱਤਾ ਕਿ ਉਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨਾਲ ਮੱਥਾ ਨਾ ਲਾਵੇ। ਜੇ ਔਰੰਗਜ਼ੇਬ ਨੇ ਉਸ ਦੀ ਨੇਕ-ਸਲਾਹ ’ਤੇ ਅਮਲ ਨਹੀਂ ਫ਼ਰਮਾਇਆ ਤਾਂ ਉਸ ਦਾ ਖਾਨਦਾਨ ਅਤੇ ਮੁਗਲ ਸਾਮਰਾਜ ਢਹਿ-ਢੇਰੀ ਹੋ ਜਾਵੇਗਾ।
ਇਸ ਕਰਤਾਰੀ ਅਤੇ ਨੂਰਾਨੀ ਚੋਜ਼ ਨੂੰ ਅਬੂ-ਉਲ-ਤੁਰਾਨੀ ਨੇ ਆਤਮਿਕ ਤੌਰ ’ਤੇ ਗੜੂੰਦ ਹੋ ਕੇ ਮਾਣਿਆ। ਗੁਰੂ ਜੀ ਅਤੇ ਗੁਰੂ ਜੀ ਦੇ ਸਿੰਘਾਂ ਦੀ ਖ਼ਾਲਸ ਜੀਵਨ ਮਰਿਆਦਾ ਨੂੰ ਤਾਂ ਉਹ ਦੋ ਸਾਲਾਂ ਤੋਂ ਅੰਤਰੀਵ ਲੋਚਨਾ ਸੰਗ ਮਾਣ ਰਿਹਾ ਸੀ ਤੇ ਉਸ ਦਾ ਆਤਮਿਕ ਪੁਨਰ-ਜਨਮ ਹੋ ਚੁੱਕਾ ਸੀ। ਹਜ਼ਾਰਾਂ ਗੁਰਸਿੱਖਾਂ ਨੇ ਅੰਮ੍ਰਿਤ ਦੀ ਦਾਤ ਪ੍ਰਾਪਤ ਕਰ ਕੇ ਤਿਆਰ-ਬਰ-ਤਿਆਰ ਸਿੰਘ ਸਜ ਗਏ। ਗੁਰੂ ਜੀ ਦੁਆਰਾ ਅੰਮ੍ਰਿਤ ਦੀ ਦਾਤ ਬਖਸ਼ਣ ਦੇ ਅਧਿਆਤਮਿਕ ਸਮਾਗਮ ਨੇ ਤਾਂ ਉਸ ਦੀ ਬਿਰਤੀ ਦਾ ਕਾਇਆ ਕਲਪ ਕਰ ਦਿੱਤਾ। ਉਸ ਦਾ ਹਿਰਦਾ ਤਰਲ ਹੋ ਦੀਦਿਆਂ ਥਾਣੀਂ ਵਹਿ ਤੁਰਿਆ। ਪਛਤਾਵੇ ਦੀ ਮਾਨਸਿਕ ਪੀੜਾ ਨਾਲ ਵਿੰਨ੍ਹਿਆ ਅਬੂ-ਉਲ-ਤੁਰਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ ’ਤੇ ਸੀਸ ਟਿਕਾ ਕੇ ਅੰਮ੍ਰਿਤ ਦੀ ਦਾਤ ਦਾ ਮੁਤਲਾਸ਼ੀ ਬਣ ਗਿਆ। ਦਿਲਾਂ ਦੀਆਂ ਰਮਜ਼ਾਂ ਜਾਨਣ ਵਾਲੇ ਗੁਰਦੇਵ ਪਾਤਸ਼ਾਹ ਜੀ ਨੇ ਉਸ ਨੂੰ ਥਾਪੜਾ ਦੇ ਕੇ ਅਸ਼ੀਰਵਾਦ ਦਿੱਤੀ ਤੇ ਅੰਮ੍ਰਿਤ ਦੀ ਦਾਤ ਬਖਸ਼ ਕੇ ‘ਅਜਮੇਰ ਸਿੰਘ’ ਬਣਾ ਦਿੱਤਾ। ਦੋ ਸਾਲਾਂ ਤੋਂ ਗੁਰੂ ਜੀ ਦੀ ਅਨੂਠੀ ਅਤੇ ਅਗੰਮੀ ਸ਼ਖ਼ਸੀਅਤ ਦੇ ਪ੍ਰਭਾਵ ਹੇਠ ਵਿਚਰਦਾ ਹੋਇਆ ਉਹ ਉਨ੍ਹਾਂ ਦੇ ਚਰਨਾਂ ਦਾ ਮੁਰੀਦ ਹੋ ਚੁੱਕਾ ਸੀ। ਉਸ ਨੂੰ ਜੀਵਨ ਦੀ ਅਸਲ ਮੰਜਿ਼ਲ ਹਾਸਿਲ ਹੋ ਚੁੱਕੀ ਸੀ। ਉਹ ਗੁਰੂ ਜੀ ਦੀ ਫ਼ੌਜ ਵਿੱਚ ਭਰਤੀ ਹੋ ਗਿਆ ਤੇ ਜੰਗਾਂ ਵਿੱਚ ਗੁਰੂ-ਬਖ਼ਸ਼ੀ ਸ਼ਕਤੀ ਦੇ ਜੌਹਰ ਦਿਖਾਉਂਦਾ ਹੋਇਆ ਜੀਵਨ ਗੁਰਾਂ ਦੇ ਲੇਖੇ ਲਾ ਗਿਆ।
ਸੰਪਰਕ: 98158-40755