ਨੀਟ ਨੂੰ ਖ਼ਤਮ ਕਰ ਕੇ ਪੁਰਾਣੀ ਵਿਵਸਥਾ ਬਹਾਲ ਕੀਤੀ ਜਾਵੇ: ਮਾਇਆਵਤੀ
ਲਖਨਊ:
ਬਹੁਜਨ ਸਮਾਜ ਪਾਰਟੀ ਦੀ ਪ੍ਰਧਾਨ ਅਤੇ ਉੱਤਰ ਪ੍ਰਦੇਸ਼ ਦੀ ਸਾਬਕਾ ਮੁੱਖ ਮੰਤਰੀ ਮਾਇਆਵਤੀ ਨੇ ਵਿਵਾਦਾਂ ਨਾਲ ਘਿਰੀ ਕੌਮੀ ਯੋਗਤਾ ਤੇ ਦਾਖਲਾ ਪ੍ਰੀਖਿਆ (ਨੀਟ) ਨੂੰ ਖ਼ਤਮ ਕਰ ਕੇ ਪੁਰਾਣੀ ਵਿਵਸਥਾ ਬਹਾਲ ਕਰਨ ਦੀ ਮੰਗ ਕੀਤੀ ਹੈ। ਮਾਇਆਵਤੀ ਨੇ ‘ਐਕਸ’ ਉੱਤੇ ਅੱਜ ਕਿਹਾ, ‘‘ਨੀਟ-ਯੂਜੀ ਮੈਡੀਕਲ ਪ੍ਰੀਖਿਆ ਵਿੱਚ ਹੋਈ ਗੜਬੜ ਨੂੰ ਲੈ ਕੇ ਇਹ ਮਾਮਲਾ ਸੜਕ ਤੋਂ ਲੈ ਕੇ ਸੰਸਦ ਤੱਕ ਅਤੇ ਸੁਪਰੀਮ ਕੋਰਟ ਤੱਕ ਭਖਿਆ ਰਿਹਾ। ਹੁਣ ਨਤੀਜਾ ਭਾਵੇਂ ਜੋ ਵੀ ਹੋਵੇ ਪਰ ਲੱਖਾਂ ਪ੍ਰੀਖਿਆਰਥੀਆਂ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਇਸ ਕਰ ਕੇ ਜੋ ਤਕਲੀਫ ਝੱਲਣੀ ਪਈ ਉਨ੍ਹਾਂ ਨੂੰ ਉਸ ਦਾ ਦੁੱਖ ਹਮੇਸ਼ਾ ਰਹੇਗਾ।’’ ਉਨ੍ਹਾਂ ਕਿਹਾ, ‘‘ਮੈਡੀਕਲ ਦੀ ਐਨੀ ਅਹਿਮ ਪ੍ਰੀਖਿਆ ਸਹੀ ਢੰਗ ਨਾਲ ਕਰਾਉਣ ਦੇ ਮਾਮਲੇ ਵਿੱਚ ਦੇਸ਼ ਨੂੰ ਸੰਤੁਸ਼ਟ ਕਰਨ ਵਿੱਚ ਕੇਂਦਰ ਹੁਣ ਤੱਕ ਅਸਫਲ ਰਿਹਾ ਹੈ ਜੋ ਕਿ ਸਮੱਸਿਆ ਨੂੰ ਹੋਰ ਗੰਭੀਰ ਬਣਾ ਰਿਹਾ ਹੈ। ਨੀਟ ਯੂਜੀ-ਪੀਜੀ ਪ੍ਰੀਖਿਆ ਨੂੰ ਖ਼ਤਮ ਕਰ ਕੇ ਪੁਰਾਣੀ ਵਿਵਸਥਾ ਬਹਾਲ ਕੀਤੀ ਜਾਵੇ।’’ ਤਾਮਿਲਨਾਡੂ ਤੇ ਪੱਛਮੀ ਬੰਗਾਲ ਦੀਆਂ ਸਰਕਾਰਾਂ ਨੇ ਵੀ ਨੀਟ ਦੀ ਜਗ੍ਹਾ ਪੁਰਾਣੀ ਵਿਵਸਥਾ ਬਹਾਲ ਕਰਨ ਦੀ ਮੰਗ ਕੀਤੀ ਹੈ। ਪੱਛਮੀ ਬੰਗਾਲ ਵਿਧਾਨ ਸਭਾ ਵਿੱਚ ਇਸ ਸਬੰਧ ’ਚ ਇਕ ਪ੍ਰਸਤਾਵ ਵੀ ਪਾਸ ਕੀਤਾ ਗਿਆ ਹੈ। ਪ੍ਰਸਤਾਵ ਵਿੱਚ ਕੌਮੀ ਟੈਸਟਿੰਗ ਏਜੰਸੀ ਦੀ ਆਜ਼ਾਦ ਤੇ ਨਿਰਪੱਖ ਪ੍ਰੀਖਿਆ ਕਰਵਾਉਣ ਵਿੱਚ ਕਥਿਤ ਅਸਮਰੱਥਾ ਦੀ ਨਿਖੇਧੀ ਕੀਤੀ ਗਈ ਹੈ ਅਤੇ ਸੂਬੇ ਵਿੱਚ ਸਾਂਝੀ ਦਾਖਲਾ ਪ੍ਰੀਖਿਆ ਕਰਾਉਣ ਦੀ ਅਪੀਲ ਕੀਤੀ ਗਈ ਹੈ। -ਪੀਟੀਆਈ