ਅਬਲਾ ਨਾ ਸਮਝ ਬੈਠੀਂ
ਗੁਰਦੀਸ਼ ਕੌਰ ਗਰੇਵਾਲ
ਮੈਂ ਤਾਂ ਪਿਤਾ ਦਸ਼ਮੇਸ਼ ਦੀ ਹਾਂ ਬੱਚੀ,
ਮੈਨੂੰ ਮੋਮ ਦੀ ਗੁੱਡੀ ਨਾ ਜਾਣ ਬੀਬਾ।
ਮੈਨੂੰ ਭੁੱਲ ਕੇ ਅਬਲਾ ਨਾ ਸਮਝ ਬੈਠੀਂ,
ਮੇਰੀ ਸ਼ਕਤੀ ਤੋਂ ਹੈਂ ਅਣਜਾਣ ਬੀਬਾ।
ਕਦੇ ਮਾਂ ਗੁਜਰੀ, ਕਦੇ ਬਣੀ ਭਾਨੀ,
ਮਾਈ ਭਾਗੋ ਦਾ ਬਣੀ ਕਿਰਦਾਰ ਹਾਂ ਮੈਂ।
ਕਦੇ ਸ਼ਰਨ ਕੌਰ ਬਣ, ਢੋਅ ਲਾਸ਼ਾਂ,
ਸ਼ਹੀਦ ਸਿੰਘਾਂ ਦਾ ਕਰਦੀ ਸਸਕਾਰ ਹਾਂ ਮੈਂ।
ਮੇਰਾ ਮਨ ਨੀਵਾਂ ਐਪਰ ਮੱਤ ਉੱਚੀ,
ਕਿਹੜੀ ਮੈਂ ਪੜ੍ਹਾਈ ਨਹੀਂ ਪੜ੍ਹ ਸਕਦੀ।
ਲੋੜ ਪਏ ਤਾਂ ਮੋਢੇ ਨਾਲ ਜੋੜ ਮੋਢਾ,
ਮੈਂ ਤਾਂ ਜੰਗ ਮੈਦਾਨੇ ਵੀ ਖੜ੍ਹ ਸਕਦੀ।
ਰਹੀ ਯੁਗਾਂ ਤੋਂ ਮਮਤਾ ਦੀ ਹਾਂ ਮੂਰਤ,
ਜਿਹੜੀ ਘਰ ਸੰਸਾਰ ਵਸਾ ਸਕਦੀ।
ਲੋੜ ਪਏ ਤਾਂ ਸਿੱਖੀ ਤੋਂ ਵਾਰ ਮਮਤਾ,
ਟੋਟੇ ਜਿਗਰ ਦੇ ਟੋਟੇ ਕਰਵਾ ਸਕਦੀ।
ਕੀ ਕਰੇਂਗਾ ਮਹਿਲਾਂ ਚੁਬਾਰਿਆਂ ਨੂੰ,
ਮੇਰੇ ਬਾਝੋਂ ਇਹ ਘਰ ਮਕਾਨ ਰਹਿਣੈ।
’ਕੱਲਾ ਨਹੀਂ ਤੂੰ ਦੁਨੀਆ ਵਸਾ ਸਕਦਾ,
ਮੇਰੀ ਹੋਂਦ ਦੇ ਨਾਲ ਜਹਾਨ ਰਹਿਣੈ।
ਸਾਂਭ ਰੱਖਿਆ ਘਰ ਪਰਿਵਾਰ ਤੇਰਾ,
ਤੇਰੀ ਸ਼ਕਤੀ ਤੇ ਤੇਰਾ ਪਿਆਰ ਹਾਂ ਮੈਂ।
ਮੇਰੇ ਕਾਰਨ ਉਡਾਰੀਆਂ ਲਾਈ ਜਾਵੇਂ,
ਤੇਰੇ ਘਰ ਦਾ ਬਣੀ ਸ਼ਿੰਗਾਰ ਹਾਂ ਮੈਂ।
ਮੈਂ ਤਾਂ ਜਨਮ ਦਾਤੀ ਰਾਜੇ ਰਾਣਿਆਂ ਦੀ,
ਬਾਬੇ ਨਾਨਕ ਨੇ ਮੈਨੂੰ ਖਿਤਾਬ ਦਿੱਤਾ।
ਤੂੰ ਤਾਂ ਪੈਰ ਦੀ ਜੁੱਤੀ ਹੀ ਸਮਝ ਛੱਡਿਆ,
ਮੈਨੂੰ ਪੈਰਾਂ ’ਚ ਰੋਲ਼ ਜਨਾਬ ਦਿੱਤਾ।
ਭਾਵੇਂ ਸਬਰ ਸੰਤੋਖ ਦੀ ‘ਦੀਸ਼’ ਮੂਰਤ,
ਲੇਕਿਨ ਫੁੱਲ ਹੀ ਨਹੀਂ ਫੌਲਾਦ ਹਾਂ ਮੈਂ।
ਲਿਖਿਆ ਪਿੱਠ ਤੇ ਗਿਆ ਇਤਿਹਾਸ ਮੇਰਾ,
ਸਾਹਿਬ ਕੌਰ ਦੀ ਨੇਕ ਔਲਾਦ ਹਾਂ ਮੈਂ।
ਸੰਪਰਕ: +91-98728-60488 (ਵੱਟਸਐਪ)
* * *
ਪਾਂਧੀ ਅਣਡਿੱਠੇ ਰਾਹਾਂ ਦੇ
ਦੀਪਿਕਾ ਅਰੋੜਾ
ਜੋ ਬੀਤ ਗਈ ਸੋ ਬਾਤ ਗਈ
ਗੂੜ੍ਹੀ ਕਾਲੀ ਉਹ ਰਾਤ ਗਈ
ਹੁਣ ਧੁੰਦ ਦੇ ਬੱਦਲ ਛਟਣੇ ਨੇ
ਫਿਰ ਸੂਰਜ ਫੇਰਾ ਪਾਉਣਾ ਏ
ਸੀ ਨ੍ਹੇਰ ਪਸਰਿਆ ਜਿਸ ਵਿਹੜੇ
ਚਾਨਣ ਰਿਸ਼ਮਾਂ ਰੁਸ਼ਨਾਉਣਾ ਏ
ਪਾਂਧੀ ਅਣਡਿੱਠੇ ਰਾਹਾਂ ਦੇ
ਬਸ ਹਰ ਪਲ ਤੁਰਦੇ ਜਾਣਾ ਏ
ਤਕਦੀਰ ਦੀ ਬੁੱਕਲ ਦੇ ਹੰਝੂ
ਹਰਗ਼ਿਜ਼ ਮੈਨੂੰ ਮਨਜ਼ੂਰ ਨਹੀਂ
ਸੋਗ ਮਨਾਉਣਾ ਹਾਰਨ ’ਤੇ
ਜ਼ਿੰਦਗੀ ਦਾ ਦਸਤੂਰ ਨਹੀਂ
ਤਦਬੀਰ ਔਕੜਾਂ ’ਤੇ ਭਾਰੂ
ਖ਼ੁਦੀ ਨੂੰ ਵੀ ਅਜ਼ਮਾਉਣਾ ਏ
ਪਾਂਧੀ ਅਣਡਿੱਠੇ ਰਾਹਾਂ ਦੇ
ਬਸ ਹਰ ਪਲ ਤੁਰਦੇ ਜਾਣਾ ਏ
ਮੈਂ ਘੜਾ ਹਾਂ ਕੱਚੀ ਮਿੱਟੀ ਦਾ
ਹਾਲੇ ਭੱਠ ਤਜਰਬੇ ਪੱਕਣਾ ਏ
ਦਸਾਂ ਨਹੁੰਆਂ ਦੀ ਕਿਰਤ ਕਰਕੇ
ਆਪਣਾ ਅਸਮਾਨ ਸਿਰਜਣਾ ਏ
ਇੱਕ ਨਵੇਂ ਸਫ਼ਰ ਨੇ ਕਦਮ ਧਰੇ
ਹਾਲੇ ਆਪਣਾ ਰਾਹ ਬਣਾਉਣਾ ਏ
ਪਾਂਧੀ ਅਣਡਿੱਠੇ ਰਾਹਾਂ ਦੇ
ਬਸ ਹਰ ਪਲ ਤੁਰਦੇ ਜਾਣਾ ਏ
ਸੰਪਰਕ: 90411-60739
* * *
ਚੋਣਾਂ ਦਾ ਬਿਗਲ
ਸੁਖਵਿੰਦਰ ਸਿੰਘ ਮੁੱਲਾਂਪੁਰ
ਬਿਗਲ ਚੋਣਾਂ ਦਾ ਵੱਜ ਚੁੱਕਾ ਸਭ ਪਾਸੇ,
ਲੀਡਰਾਂ ਆਪੋ ਆਪਣੇ ਹਥਿਆਰ ਚੁੱਕੇ।
ਖੜ੍ਹ ਕੇ ਸਟੇਜਾਂ ਉੱਤੇ ਕਰਨ ਤਕਰੀਰਾਂ,
ਬਣਦੇ ਸਾਫ਼ ਇਨਸਾਨ ਦਿਲ ਦੇ ਸੁੱਚੇ।
ਨਿਮਰਤਾ ਨਾਲ ਕਰਦੇ ਨੇ ਉਹ ਵੀ ਗੱਲਾਂ,
ਸੁਭਾਅ ਜਿਨ੍ਹਾਂ ਨੇ ਬਣਾ ਲਏ ਸੀ ਰੁੱਖੇ।
ਕਈ ਲੀਡਰ ਪਾਰਟੀ ਬਦਲੀ ਕਰਨ ਲੱਗੇ,
ਭੁੱਲ ਗਏ ਈਮਾਨ ਬਣ ਸੱਤਾ ਦੇ ਭੁੱਖੇ।
ਫੰਡ ਇਕੱਠੇ ਕਰਨ ਨੂੰ ਜੇਬ੍ਹਾਂ ਵੱਲ ਤੱਕਣ,
ਜਿਵੇਂ ਬੱਕਰੀ ਤੱਕਦੀ ਕਿੱਕਰਾਂ ਦੇ ਤੁੱਕੇ।
ਜਦ ਹੋ ਜਾਵੇ ਵੋਟਾਂ ਦੀ ਸ਼ੁਰੂ ਗਿਣਤੀ,
ਵੇਖਣ ਵਾਲੇ ਹੁੰਦੇ ਸਾਹ ਇਨ੍ਹਾਂ ਦੇ ਸੁੱਕੇ।
ਮੁੱਲਾਂਪੁਰ ਜਾਣਨਾ ਵੱਸ ਦਾ ਰੋਗ ਨਹੀਂ,
ਜਿਹੜੇ ਨਿਕਲਣ ਡੱਡੂ ਬਰਸਾਤ ਰੁੱਤੇ।
* * *
ਬੌਧਿਕ ਕੰਗਾਲੀ
ਹਰਮੀਤ ਸਿਵੀਆਂ
ਹਾਲਤ ਕਿਸੇ ਦੀ ਵੀ ਮਾਲੀ ਮਾੜੀ ਐ।
ਉਸ ਤੋਂ ਵੀ ਬੌਧਿਕ ਕੰਗਾਲੀ ਮਾੜੀ ਐ।
ਮਾੜਾ ਹੈ ਕਿਸੇ ਦੇ ਨਾਲ ਮਾੜਾ ਕਰਨਾ,
ਮਾੜੇ ਸਮੇਂ ਵਿੱਚ ਜੇਬ੍ਹ ਖਾਲੀ ਮਾੜੀ ਐ।
ਜੂਏ ਦੀ ਆਦਤ ਸਦਾ ਮਾੜੀ ਹੁੰਦੀ ਐ,
ਰੱਖਣੀ ਕਰੰਸੀ ਵੀ ਜਾਅਲੀ ਮਾੜੀ ਐ।
ਪ੍ਰਾਹੁਣਾ ਤੇ ਫੁੱਫੜ ਸੌਖੇ ਨਹੀਓਂ ਸਾਂਭਣੇ,
ਸ਼ੱਕੀ ਦੀ ਅਮਾਨਤ ਸੰਭਾਲੀ ਮਾੜੀ ਐ।
ਕੁਝ ਵੀ ਨਾਜਾਇਜ਼ ਹੈ ਮਾੜਾ ਰੱਖਣਾ,
ਦੁੱਧ ਦੀ ਬਿੱਲੇ ਤੋਂ ਰਖਵਾਲੀ ਮਾੜੀ ਐ।
ਰਿਸ਼ਤੇਦਾਰੀ ਤਾਂ ਆਪੋ ਆਪਣੀ ਜਗ੍ਹਾ,
ਸਾਂਢੂ ਦੀ ਵਪਾਰ ਭਾਈਵਾਲੀ ਮਾੜੀ ਐ।
ਈਰਖਾ ਸਾੜਾ ਤੇ ਸਦਾ ਗੁੱਸਾ ਮਾੜਾ ਹੈ,
ਗੁੱਸੇ ਨਾਲ ਅੱਖ ਵਿੱਚ ਲਾਲੀ ਮਾੜੀ ਐ।
ਕੀਮਤੀ ਸ਼ੈਆਂ ਨੂੰ ਰੱਖੋ ਸਾਂਭ ‘ਸਿਵੀਆਂ’,
ਚਾਬੀ ਤੇ ਬੰਦੂਕ ਜੰਗਾਲੀ ਮਾੜੀ ਐ।
ਸੰਪਰਕ: 80547-57806
* * *
ਅਮਲ
ਸੁਖਦੇਵ ਸਿੱਘ ‘ਭੁੱਲੜ’
ਵੈਦ-ਵੈਦ ਆਖਿਆਂ ਨਾ ਰੋਗ ਕਦੇ ਮਿਟਦਾ,
ਜਿੰਨਾ ਚਿਰ ਦੱਸੀ ਹੋਈ ਦਵਾਈ ਬੰਦਾ ਖਾਏ ਨਾ।
ਖੰਡ-ਖੰਡ ਕਹਿਣ ਨਾਲ ਮੂੰਹ ਮਿੱਠਾ ਹੁੰਦਾ ਨਹੀਂ,
ਜਦ ਤੱਕ ਫੱਕਾ ਖੰਡ ਮੂੰਹ ਵਿੱਚ ਪਾਏ ਨਾ।
ਰੋਟੀ-ਰੋਟੀ ਆਖਿਆਂ ਨਾ ਭਰਦਾ ਏ ਢਿੱਡ ਕਦੇ,
ਜਦ ਤੱਕ ਛੇ-ਸੱਤ ਰੋਟੀਆਂ ਚਬਾਏ ਨਾ।
ਰੱਬ-ਰੱਬ ਕੀਤਿਆਂ ਨਾ ਰੱਬ ਕਦੇ ਮਿਲਦਾ,
ਜਿੰਨਾ ਚਿਰ ਜ਼ਿੰਦਗੀ ’ਚ ਅਮਲ ਕਮਾਏ ਨਾ।
ਗੱਲਾਂ ਨਾਲ ‘ਭੁੱਲੜਾ’ ਮੁਕਤੀ ਨਾ ਮਿਲੇ ਕਦੇ,
ਜਿੰਨਾ ਚਿਰ ਬੰਦਾ ਸਤਿ-ਸੰਗਤ ’ਚ ਜਾਏ ਨਾ।
ਸੰਪਰਕ: 94170-46117
* * *
ਗ਼ਜ਼ਲ
ਹਰਮਿੰਦਰ ਸਿੰਘ ਕੋਹਾਰਵਾਲਾ
ਹਾਕਮ ਤਾਂ ਹੀ ਹਰ ਵਾਅਦੇ ਤੋਂ ਫਿਰਦਾ ਹੈ।
ਲਾਰੇ ’ਤੇ ਹੀ ਸਾਡਾ ਕੁਨਬਾ ਵਿਰਦਾ ਹੈ।
ਤਨ ’ਤੇ ਚਿੱਟੇ ਬਸਤਰ ਸ਼ੋਭਾ ਦਿੰਦੇ ਨਹੀਂ,
ਜੇਕਰ ਕਾਲ਼ੇ ਕੰਮ ਤੇ ਮੈਲਾ ਹਿਰਦਾ ਹੈ।
ਪੈਰੀਂ ਧਰਿਆ ਕੌਡੀਉਂ ਖੋਟਾ ਹੋ ਜਾਂਦਾ,
ਪੈਂਦਾ ਮੁੱਲ ਤਲ਼ੀ ’ਤੇ ਰੱਖੇ ਸਿਰ ਦਾ ਹੈ।
ਆਸ ਕਰੋ ਨਾ ਸੁਧਰੂ ਹਾਲ ਗ਼ਰੀਬਾਂ ਦਾ,
ਏਥੇ ਸ਼ਾਸਨ ਜਦ ਧਨੀਆਂ ਦੀ ਧਿਰ ਦਾ ਹੈ।
ਤੰਦਰੁਸਤੀ ਦੇ ਗਲ਼ ਵਿੱਚ ਤੰਦੀ ਵੇਖ ਰਿਹਾਂ,
ਜਲ ਜ਼ਹਿਰੀਲਾ ਗਰਦੋਗੋਰ ਚੌਗਿਰਦਾ ਹੈ।
ਭੀੜ ਪਈ ਤੋਂ ਛੱਡਣਾ ਪੈਂਦਾ ਘਰ ਉਸ ਨੂੰ,
ਥੋੜ੍ਹੀ ਕੀਤੇ ਕਦ ਇਹ ਹੰਝੂ ਕਿਰਦਾ ਹੈ।
ਇੱਕ ਦਿਨ ਹੱਥ ਵਿਖਾਉਣੇ ਹੀ ਸਨ ਥੁੜਿਆਂ ਨੇ
ਅੰਦਰ ਰੋਹ ਤਾਂ ਰਿਝਦਾ ਕਾਫ਼ੀ ਚਿਰ ਦਾ ਹੈ।
ਸੰਪਰਕ: 98768-73735
* * *
ਗ਼ਜ਼ਲ
ਬਲਵਿੰਦਰ ਸਿੰਘ ਮੋਹੀ
ਵਧਦਾ ਜਾਵੇ ਕੂੜ ਪਸਾਰਾ ਦਿਨ ਪੁਰ ਦਿਨ।
ਕਰਦਾ ਜਾਵੇ ਸੱਚ ਕਿਨਾਰਾ ਦਿਨ ਪੁਰ ਦਿਨ।
ਖਿੱਚੋਤਾਣ ਨਜ਼ਰ ਆਵੇ ਹਰ ਥਾਂ ਉੱਤੇ,
ਘਟਦਾ ਜਾਵੇ ਭਾਈਚਾਰਾ ਦਿਨ ਪੁਰ ਦਿਨ।
ਜਾਣਦਿਆਂ ਨਾ ਮਿਲਣਾ ਵਕ਼ਤ ਸਮੇਟਣ ਦਾ,
ਪਾਈ ਜਾਵਾਂ ਫੇਰ ਖਿਲਾਰਾ ਦਿਨ ਪੁਰ ਦਿਨ।
ਐਸੀ ਭਟਕੀ ਕਿਸ਼ਤੀ ਮੇਰੇ ਜੀਵਨ ਦੀ,
ਹੋਈ ਜਾਵੇ ਦੂਰ ਕਿਨਾਰਾ ਦਿਨ ਪੁਰ ਦਿਨ।
ਆਪਣੇ ਅੰਦਰ ਦੀ ਮੈਂ ਨੂੰ ਜੇਕਰ ਮਾਰ ਲਵੇਂ,
ਦੇਖੀਂ ਆਉਂਦਾ ਫੇਰ ਨਜ਼ਾਰਾ ਦਿਨ ਪੁਰ ਦਿਨ।
ਘਰ ਨੂੰ ਮੂਧਾ ਮਾਰੇ ਆਦੀ ਨਸ਼ਿਆਂ ਦਾ,
ਹੋਈ ਜਾਵੇ ਆਪ ਨਕਾਰਾ ਦਿਨ ਪੁਰ ਦਿਨ।
ਬਿਰਧ ਘਰਾਂ ਦਾ ਵਧਣਾ ‘ਮੋਹੀ’ ਲਾਜ਼ਿਮ ਹੈ,
ਕਰਦੇ ਨੇ ਹਾਲਾਤ ਇਸ਼ਾਰਾ ਦਿਨ ਪੁਰ ਦਿਨ।
ਸੰਪਰਕ: 99881-17274
* * *
ਹਥਿਆਰ
ਗੁਰਿੰਦਰ ਸਿੰਘ ਕਲਸੀ
ਇੱਕ ਹਥਿਆਰ ਬਣਾ ਰਿਹਾ ਹਾਂ
ਥੋੜ੍ਹੀ ਥੋੜ੍ਹੀ ਮਿਹਨਤ
ਹਰ ਰੋਜ਼ ਕਰਦਾ ਹਾਂ
ਵਹਾਉਂਦਾ ਹਾਂ ਪਸੀਨਾ
ਕਦੇ ਤਪਾਉਂਦਾ ਹਾਂ
ਈਰਖਾ ਦੀ ਤਿੱਖੀ ਅੱਗ ਵਿੱਚ
ਕਦੇ ਚੰਡਦਾ ਹਾਂ
ਵਿਕਰਾਲ ਗੁੱਸੇ ਦੇ ਹਥੌੜੇ ਨਾਲ
ਰਗੜਦਾ ਹਾਂ ਬਦਲੇ ਦੀ
ਸਖ਼ਤ ਰੇਤੀ ਨਾਲ
ਇੱਕ ਹਥਿਆਰ ਬਣਾ ਰਿਹਾ ਹਾਂ
ਪਰ ਇਹ ਕੀ ਹੋ ਗਿਆ ਹੈ ਮੈਨੂੰ
ਮੇਰੀ ਮਿਹਨਤ ਮੇਰੇ ਵੱਸ ਤੋਂ ਬਾਹਰ ਜਾ ਰਹੀ
ਬੇਕਾਰ ਜਾ ਰਿਹਾ ਪਸੀਨਾ
ਈਰਖਾ ਦੀ ਅੱਗ ਬਲਦਾ ਹਾਂ
ਪਿਆਰ ਬਰਸਾਤ ਬਣ ਕੇ
ਵਰ੍ਹ ਪੈਂਦਾ
ਸਖ਼ਤ ਰੇਤੀ ਚੁੱਕਦਾ ਹਾਂ
ਤਾਂ ਹੱਥ ’ਚ ਆ ਜਾਂਦੀਆਂ
ਨਰਮ ਹਰੀਆਂ ਪੱਤੀਆਂ
ਹਥੌੜਾ ਚੁੱਕਦਾ ਹਾਂ
ਤਾਂ ਹੱਥ ’ਚ ਆ ਜਾਂਦੀਆਂ
ਫੁੱਲਾਂ ਦੀਆਂ ਡੰਡੀਆਂ
ਕਦੇ ਭਰ ਜਾਂਦਾ ਅੱਖਾਂ ’ਚ
ਹਮਦਰਦੀ ਦਾ ਪਾਣੀ
ਯਾਦ ਆ ਜਾਂਦਾ
ਭਾਰੇ ਪੱਲੜਿਆਂ ਦਾ ਝੁਕ ਜਾਣਾ
ਇਹ ਕੀ ਹੋ ਗਿਆ ਹੈ ਮੈਨੂੰ
ਕਿ ਮੈਂ ਜੋ ਬਣਾ ਰਿਹਾ ਸੀ
ਇੱਕ ਤਿੱਖਾ ਬਰਛਾ
ਪਥਰੀਲੀਆਂ ਹੱਡੀਆਂ ਨੂੰ ਵੀ
ਚੀਰ ਦੇਣ ਵਾਲਾ
ਮੇਰੇ ਹੱਥੋਂ ਬਣਦਾ ਜਾ ਰਿਹਾ ਹੈ
ਫੁੱਲਾਂ ਦਾ ਇੱਕ ਗੁਲਦਸਤਾ।
ਸੰਪਰਕ: 98881-39135
* * *
ਨਾਜ਼ੁਕ ਦਿਲ
ਪ੍ਰੋ. ਨਵ ਸੰਗੀਤ ਸਿੰਘ
ਕੋਮਲ, ਨਾਜ਼ੁਕ ਦਿਲ ਹੈ ਮੇਰਾ,
ਵੇਖੀਂ ਕਿਧਰੇ ਤੋੜੀਂ ਨਾ।
ਦਿਲ ਵਿੱਚ ਇਸ਼ਕ ਲਾਟ ਜਗਾ ਕੇ,
ਦਰ ਤੋਂ ਖਾਲੀ ਮੋੜੀਂ ਨਾ।
ਇਸ਼ਕ ਸਮੁੰਦਰ ਬਹੁਤ ਡੂੰਘੇਰਾ,
ਵਿਰਲਾ ਪਾਰ ਕਰੇਂਦਾ ਹੈ।
ਦਿਲ ਦੀ ਧੜਕਣ ਵਧਦੀ ਜਾਂਦੀ,
ਪਿਆਰਾ ਪਾਰ ਵਸੇਂਦਾ ਹੈ।
ਪੱਥਰ-ਦਿਲ ਨਾਲ ਨਿਹੁੰ ਲਗਾ ਕੇ,
ਮੈਂ ਤਾਂ ਏਹੋ ਜਾਣ ਲਿਆ।
ਬਿਰਹੋਂ ਅਤੇ ਵਿਛੋੜੇ ਦਾ ਦੁੱਖ,
ਕੀ ਹੁੰਦਾ ਹੈ ਮਾਣ ਲਿਆ।
ਹਰ ਦਿਲ ਵਿੱਚ ਖ਼ੁਦਾ ਦਾ ਵਾਸਾ,
ਕਦੇ ਏਸ ਨੂੰ ਤੋੜੋ ਨਾ।
ਆਇਆ ਦਰ ’ਤੇ ਕੋਈ ਸਵਾਲੀ,
ਖ਼ਾਲੀ ਉਹਨੂੰ ਮੋੜੋ ਨਾ।
ਸ਼ੀਸ਼ਾ ਤੇ ਦਿਲ ਇੱਕੋ ਜਿਹੇ,
ਅਕਸਰ ਹੀ ਟੁੱਟ ਜਾਂਦੇ ਨੇ।
ਬੜੇ ਬੇਦਰਦ ਲੁਟੇਰੇ ਜਿਹੜੇ,
ਦਿਲ ਨੂੰ ਲੈ ਲੁੱਟ ਜਾਂਦੇ ਨੇ।
ਸੰਪਰਕ: 94176-92015
* * *
ਸ਼ਾਂਤੀ ਦੀ ਭਾਲ ’ਚ
ਮੁਸਕਾਨ
ਸ਼ਾਂਤੀ ਦੀ ਭਾਲ ’ਚ ਮੈਂ ਚੱਲੀ ਜਾਵਾਂ,
ਦੂਰ ਕਿਤੇ ਕੁਦਰਤ ਦੇ ਸਾਹਵੇਂ ਹੋਵਾਂ,
ਬਸ ਚੱਲੀ ਜਾਵਾਂ, ਮੈਂ ਚੱਲੀ ਜਾਵਾਂ।
ਠਕ ਠੱਕ ਠਕ ਠੱਕ,
ਸੁੱਚਾਂ ਦੀ ਆਵਾਜ਼,
ਧਮ ਧਮ ਧਮ,
ਮਸ਼ੀਨ ਕਰੀ ਜਾਵੇ,
ਕਿੱਥੇ ਆ ਗਏ, ਮੈਂ ਸੋਚੀ ਜਾਵਾਂ ,
ਦੂਰ ਕਿਤੇ ਕੁਦਰਤ ਦੇ ਸਾਹਵੇਂ ਹੋਵਾਂ,
ਬਸ ਚੱਲੀ ਜਾਵਾਂ, ਮੈਂ ਚੱਲੀ ਜਾਵਾਂ।
ਚਹੁੰ ਪਾਸੇ ਇਮਾਰਤਾਂ ਹੀ ਇਮਾਰਤਾਂ!
ਛੋਟੇ ਛੋਟੇ ਹੱਥਾਂ ਵਿੱਚ ਇੱਟਾਂ!
ਪਸੀਨੇ ਨਾਲ ਨਹਾਉਂਦਾ ਪਰਿਵਾਰ!
ਭੁੱਖ ਨੂੰ ਲੁਕਾਉਂਦਾ ਮਾਂ ਬਾਪ!
ਦੂਰ ਕਿਤੇ ਕੁਦਰਤ ਦੇ ਸਾਹਵੇਂ ਹੋਵਾਂ,
ਬਸ ਚੱਲੀ ਜਾਵਾਂ, ਮੈਂ ਚੱਲੀ ਜਾਵਾਂ।
ਇੰਨੇ ਨੂੰ ਨਜ਼ਰਾਂ ਨੇ ਝਾਤੀ ਜ਼ਰਾ ਲੰਬੀ ਮਾਰੀ,
ਉਹ ਦੇਖ ਜਿੱਥੇ ਰੁੱਖ ਦਿਸਦੇ,
ਬੱਚਿਆਂ ਲਾਗੇ ਫੁੱਲ ਪਏ ਖਿੜਦੇ,
ਚੱਲ ਓਸੇ ਤਾਂਘ ’ਚ ਪੈਰ ਮੈਂ ਪੁੱਟੀ ਜਾਵਾਂ,
ਦੂਰ ਕਿਤੇ ਕੁਦਰਤ ਦੇ ਸਾਹਵੇਂ ਹੋਵਾਂ,
ਬਸ ਚੱਲੀ ਜਾਵਾਂ, ਮੈਂ ਚੱਲੀ ਜਾਵਾਂ।
ਫਾਸਲਾ ਹੁਣ ਕੁਝ ਹੀ ਦੂਰੀ ਦਾ ਸੀ,
ਨੱਚ ਰਹੀ ਨਸ ਹੁਣ ਥਮ ਰਹੀ ਸੀ,,
ਖ਼ਿਆਲੀ ਮਹਿਕ ਮੇਰਾ ਮਨ ਛੂਹ ਰਹੀ ਸੀ,
ਦੂਰ ਕਿਤੇ ਕੁਦਰਤ ਦੇ ਸਾਹਵੇਂ ਹੋਵਾਂ,
ਬਸ ਚੱਲੀ ਜਾਵਾਂ, ਮੈਂ ਚੱਲੀ ਜਾਵਾਂ।
ਖਿੜ ਖਿੜ ਕਰਦਾ ਉਹ ਹਾਸਾ,
ਕੁਝ ਪੁਲਾਂਘਾਂ ਪੁੱਟੀਆਂ ਤੇ ਉਹ ਢਾਂਚਾ,
ਫਿਰ ਮੇਰੀ ਅੱਖਾਂ ਮੂਹਰੇ ਆ ਗਿਆ,
ਦੋ-ਦੋ, ਸ਼ੀਸ਼ੇ ਜੜੀ ਨਿਆਣੇ ਬੈਠੇ ਸੀ,
ਖਿੜੇ ਫੁੱਲਾਂ ਦੀ ਥਾਂ ਫ਼ੋਨ ਲੈ ਕੇ ਬੈਠੇ ਸੀ,
ਦੂਰ ਕਿਤੇ ਕੁਦਰਤ ਦੇ ਸਾਹਵੇਂ ਹੋਵਾਂ,
ਬਸ ਚੱਲੀ ਜਾਵਾਂ, ਮੈਂ ਚੱਲੀ ਜਾਵਾਂ।
ਬਾਈਕ ਦੀ ਆਵਾਜ਼ ਸੁਣ ਉਨ੍ਹਾਂ ਉੱਪਰ ਝਾਕਿਆ,
ਅੱਖਾਂ ਥੱਲੇ ਕਾਲੇ ਘੇਰਿਆਂ ਮੈਨੂੰ ਤੱਕਿਆ,
ਇੰਨੀ ਚੁੱਪ ਪਸਰੀ ਦੇਖ ਮੇਰਾ ਮਨ ਡੋਲ ਗਿਆ!
ਉੱਚੀਆਂ ਇਮਾਰਤਾਂ ਵਿੱਚ ਬੈਠੇ ਦੇਖ,
ਮੇਰਾ ਸਾਹ ਘੁਟ ਗਿਆ।
ਦੂਰ ਕਿਤੇ ਕੁਦਰਤ ਦੇ ਸਾਹਵੇਂ ਹੋਵਾਂ,
ਬਸ ਚੱਲੀ ਜਾਵਾਂ, ਮੈਂ ਚੱਲੀ ਜਾਵਾਂ...।