ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਬਾਬਾ ਨਾਨਕ ਦੇ ਉਪਦੇਸ਼ਾਂ ਨੂੰ ਸਮਝਣ ਦਾ ਹੋਕਾ

09:10 AM Jul 30, 2023 IST

ਡਾ. ਸੁਖਦੇਵ ਸਿੰਘ ਝੰਡ

Advertisement

ਪੁਸਤਕ ਰੀਵਿਊ

ਉਂਕਾਰਪ੍ਰੀਤ ਪੰਜਾਬੀ ਕਵਿਤਾ ਦੇ ਖੇਤਰ ਵਿੱਚ ਜਾਣਿਆ-ਪਛਾਣਿਆ ਨਾਂ ਹੈ। ਉਹ ਖ਼ੂਬਸੂਰਤ ਕਵਿਤਾ ਤੇ ਗ਼ਜ਼ਲ ਲਿਖਦਾ ਹੈ ਜੋ ਪਾਠਕਾਂ ਦੇ ਮਨਾਂ ਨੂੰ ਧੂਹ ਪਾਉਂਦੀ ਹੈ। ਉਸ ਦੇ ਨਾਟਕਾਂ ਦੀਆਂ ਤਿੰਨ ਪੁਸਤਕਾਂ ਛਪ ਚੁੱਕੀਆਂ ਹਨ, ਪਰ ਉਹ ਜਾਣਿਆ ਬਹੁਤਾ ਕਵੀ ਵਜੋਂ ਹੀ ਜਾਂਦਾ ਹੈ। ਉਹ ਪਿਛਲੇ ਤਿੰਨ ਦਹਾਕਿਆਂ ਤੋਂ ਕਵਿਤਾ ਲਿਖਦਾ ਆ ਰਿਹਾ ਹੈ।
ਹਥਲੀ ਪੁਸਤਕ ‘ਅਣ-ਫਿਰਿਆ ਮੱਕਾ’ (ਚੇਤਨਾ ਪ੍ਰਕਾਸ਼ਨ, ਲੁਧਿਆਣਾ) ਵਿੱਚ ਉਂਕਾਰਪ੍ਰੀਤ ਗੁਰੂ ਨਾਨਕ ਦੇਵ ਜੀ ਵੱਲੋਂ ਆਪਣੀ ਚੌਥੀ ਉਦਾਸੀ ਦੌਰਾਨ ਮੱਕੇ ਜਾ ਕੇ ‘ਮੱਕਾ ਫੇਰਨ’ ਵਾਲੀ ਸਾਖੀ ਦੇ ਆਧਾਰ ’ਤੇ ਗੱਲ ਕਰਦਾ ਹੈ ਜਿਸ ਬਾਰੇ ਭਾਈ ਗੁਰਦਾਸ ਜੀ ਆਪਣੀ ਵਾਰ 1, ਪਉੜੀ 32 ਵਿੱਚ ‘ਫਿਰਿਆ ਮੱਕਾ ਕਲਾ ਦਿਖਾਰੀ’ ਕਹਿ ਕੇ ਜ਼ਿਕਰ ਕਰਦੇ ਹਨ। ਬਹੁਤੇਰੇ ਸਿੱਖਾਂ ਵਾਂਗ ਬਚਪਨ ਵਿੱਚ ਉਂਕਾਰਪ੍ਰੀਤ ਦੇ ਬਾਲ-ਮਨ ਵਿੱਚ ਵੀ ਇਹੀ ਆਇਆ ਕਿ ਜਦੋਂ ਜੀਵਨ ਕਾਜ਼ੀ ਵੱਲੋਂ ਗੁਰੂ ਨਾਨਕ ਨੂੰ ਲੱਤਾਂ ਤੋਂ ਫੜ ਕੇ ਉਨ੍ਹਾਂ ਦਾ ਮੂੰਹ ਉਲਟ ਦਿਸ਼ਾ ਵਿੱਚ ਕਰ ਦਿੱਤਾ ਗਿਆ ਹੋਵੇਗਾ ਤਾਂ ਗੁਰੂ ਨਾਨਕ ਦੇਵ ਜੀ ਨੇ ਉਸ ਸਮੇਂ ਕਲਾ ਵਿਖਾਈ ਹੋਵੇਗੀ ਜਿਸ ਨਾਲ ਮੱਕਾ ਘੁੰਮ ਕੇ ਫਿਰ ਗੁਰੂ ਜੀ ਦੇ ਪੈਰਾਂ ਵੱਲ ਆ ਗਿਆ ਹੋਵੇਗਾ। ਬਾਅਦ ਵਿੱਚ ਇਸ ਸਾਖੀ ਨੂੰ ਡੂੰਘਾਈ ਨਾਲ ਖੋਜਣ ਪਿੱਛੋਂ ਉਹ ਇਸ ਸਿੱਟੇ ’ਤੇ ਪਹੁੰਚਦਾ ਹੈ ਕਿ ਗੁਰੂ ਨਾਨਕ ਦੀ ‘ਕਲਾ’ ਮੱਕੇ ਨੂੰ ਆਪਣੀ ਜਗ੍ਹਾ ਤੋਂ ਘੁੰਮਾਉਣ ਦੀ ਨਹੀਂ ਸੀ ਸਗੋਂ ਅਸਲੀ ‘ਕਲਾ’ ਤਾਂ ਉਸ ਕਾਜ਼ੀ ਨੂੰ ਦਲੀਲ ਨਾਲ ਸਮਝਾਉਣ ਦੀ ਸੀ ਕਿ ‘ਕਾਅਬਾ’ ਜਾਂ ‘ਮੱਕਾ’ (ਪਰਮਾਤਮਾ) ਤਾਂ ਕਣ-ਕਣ ਵਿੱਚ ਮੌਜੂਦ ਹੈ। ਬੱਸ, ਉਸ ਨੂੰ ਵੇਖਣ ਵਾਲੀ ਨਜ਼ਰ ਦੀ ਲੋੜ ਹੈ। ਉਹ ਕਾਜ਼ੀ ਤਾਂ ਗੁਰੂ ਨਾਨਕ ਦੀ ਇਸ ਦਲੀਲ ਨਾਲ ਸਹਿਮਤ ਹੋ ਗਿਆ, ਪਰ ਗੁਰੂ ਜੀ ਦੇ ਸਿੱਖ ਇਸ ਨੂੰ ਸਹੀ ਪਰਿਪੇਖ ਵਿੱਚ ਅਜੇ ਵੀ ਮੰਨਣ ਲਈ ਤਿਆਰ ਨਹੀਂ ਹਨ।
ਇਸ ਪੁਸਤਕ ਵਿੱਚ ਉਂਕਾਰਪ੍ਰੀਤ ਨੇ ਆਪਣੀਆਂ 43 ਕਵਿਤਾਵਾਂ ਸ਼ਾਮਲ ਕੀਤੀਆਂ ਹਨ। ਇਸ ਦੀਆਂ ਪਹਿਲੀਆਂ 9 ਕਵਿਤਾਵਾਂ ਗੁਰੂ ਨਾਨਕ ਦੇਵ ਜੀ ਦੇ ਰਚੇ ‘ਮੂਲ ਮੰਤਰ’ ਨੂੰ ਸਮਰਪਿਤ ਹਨ ਅਤੇ ਇਸ ਦੀ ਹੀ ਵਿਆਖਿਆ ਕਰਦੀਆਂ ਹਨ। ਪਹਿਲੀ ਕਵਿਤਾ ‘ਇਕ ਓਅੰਕਾਰ’ ਵਿੱਚ ਉਹ ‘ਇਕ’ ਦੇ ਬਾਰੇ ਕਹਿੰਦਾ ਹੈ:
ਇਕ ਨੇ ਛੋਹਿਆ
ਦੂਜ ਪਲੋਇਆ
ਇੱਕੋ ਸ਼ੀਸ਼ਾ
ਕਣ ਕਣ ਹੋਇਆ
ਜਿਸ ਕਣ ਝਾਤਾਂ
ਇੱਕ ਸਮੋਇਆ।
... ਤੇ ਇਸ ਤੋਂ ਅੱਗੇ ‘ਸਤਿਨਾਮ’, ‘ਕਰਤਾ ਪੁਰਖ’ ਦਾ ਸਿਲਸਿਲਾ ‘ਗੁਰ ਪ੍ਰਸਾਦ’ ਤੱਕ ਨਿਰੰਤਰ ਚੱਲਦਾ ਹੈ। ਗੁਰੂ ਨਾਨਕ ਨੂੰ ਉਹ ‘ਤ੍ਰੇਲ-ਤੁਪਕੇ ਅੰਦਰਲੀ ਪਾਰਦਰਸ਼ ਸਮਾਧੀ’, ‘ਲਬਾ-ਲਬ ਦੁੱਧ ਛੰਨੇ ਤਰਦੀ ਚਮੇਲੀ’ ਅਤੇ ‘ਕਿਰਤ ’ਚ ਗੁੱਧੀ ਅੰਮ੍ਰਿਤ ਬੂੰਦ’ ਵਰਗੇ ਅਲੰਕਾਰਾਂ ਨਾਲ ਵਡਿਆਉਂਦਾ ਹੈ।
ਉਂਕਾਰਪ੍ਰੀਤ ਮੰਨਦਾ ਹੈ ਕਿ ਬਾਬਾ ਨਾਨਕ ਦੀ ਵਿਚਾਰਧਾਰਾ ਦੀ ਸਿਖ਼ਰ ਜੱਗ ’ਚੋਂ ਹਉਂ ਦੀ ਧੁੰਦ ਮਿਟਾਉਣ ਤੇ ‘ਤੇਰਾਂ ’ਚੋਂ ਤੇਰਾ’ ਦਰਸਾਉਣ ਵਿੱਚ ਨਹੀਂ ਹੈ ਅਤੇ ਨਾ ਹੀ ਇਹ ਪੋਥੀ ਪੜ੍ਹਨ, ਗੁੜ੍ਹਨ, ਸ਼ਬਦਾਂ ਸੰਗ ਸੁਰਤਾਂ ਰੁਸ਼ਨਾਉਣ ਵਿੱਚ ਹੈ ਸਗੋਂ ਇਹ ਸਿਖ਼ਰ ਤਾਂ ‘ਚਾਰੇ ਉਦਾਸੀਆਂ ਤੋਂ ਬਾਦ ਪੂਰਾ-ਸੂਰਾ ਘਰ ਮੁੜਨਾ, ਖੇਤਾਂ ਵਿੱਚ ਹਲ਼ ਵਾਹੁਣਾ ਤੇ ਕਿਰਸਾਨ ਹੋਣਾ’ ਹੈ।
ਉਦਾਸੀਆਂ ’ਤੇ ਜਾਣ ਤੋਂ ਇਸ ਦੀ ‘ਤਿਆਰੀ’ ਉਂਕਾਰਪ੍ਰੀਤ ਨੇ ਬਹੁਤ ਹੀ ਖ਼ੂਬਸੂਰਤ ਸ਼ਬਦਾਂ ਵਿੱਚ ਬਿਆਨ ਕੀਤੀ ਹੈ:
ਤੁਰਨ ਤੋਂ ਪਹਿਲੀ ਸ਼ਾਮ
ਬਾਬਾ ਤੇ ਮਰਦਾਨਾ
ਪਿੰਡੋਂ ਬਾਹਰ ਮਿਲੇ
ਇਕ ਦੂਏ ਦੇ ਸਨਮੁੱਖ ਬੈਠੇ
ਐਨ ਚੁੱਪ ਕਰੇ
ਆਪੋ ਆਪਣੇ ਘਰੀਂ ਪਰਤ ਗਏ...
‘ਬਾਬੇ ਨੂੰ ਖ਼ਤ’ ਦੇ ਸਿਰਲੇਖ ਵਾਲੀ ਕਵਿਤਾ ਵਿੱਚ ਉਹ ਕਹਿੰਦਾ ਹੈ:
ਉਂਜ, ਵੈਸੇ ਬਾਬਾ ਜੀ!
ਮਲਕ-ਭਾਗੋ ਹੁਣ ਖ਼ੁਦ ਸਪੌਂਸਰ ਕਰਦਾ ਹੈ
ਉਦਾਸੀਆਂ ਵੀ।
ਉਹਨਾਂ ਸ਼ਾਇਰਾਂ, ਚਿੰਤਕਾਂ ਦੇ ਵਾਸਤੇ
ਜੋ ‘ਮਲਕ’ ਦੀ ਕੰਪਨੀ ਦੀਆਂ ਬਣੀਆਂ
ਕਲਗੀਆਂ ਨੇ ਪਹਿਨਦੇ।
ਉਦਾਸੀਆਂ ਬਾਰੇ ਅਜੋਕੇ ਸਮੇਂ ਵਿੱਚ ਹੋ ਰਹੀ ਚਰਚਾ ਅਤੇ ਇਨ੍ਹਾਂ ਦੇ ਹਾਲਾਤ ਬਾਰੇ ਆਪਣੇ ਵਿਚਾਰ ਉਹ ਕਵਿਤਾ ‘ਹੁਣ’ ਵਿੱਚ ਪ੍ਰਗਟਾਉਂਦਾ ਹੈ:
ਚਾਰ-ਉਦਾਸੀਆਂ
ਉਧੇੜੀਆਂ ਜਾ ਰਹੀਆਂ ਹਨ।
‘ਚਹੁੰ ਵਰਨਾ ਕੋ’ ਸਾਂਝੇ
ਚਾਰ ਦਰਾਂ ਵਾਲੇ ਵਿਹੜੇ ਦੁਆਲੇ
ਹੋ ਚੁੱਕਾ ਹੈ ‘ਦਰਸ਼ਨੀ ਵਾਗਲਾ’
ਅਤੇ ਉਸ ਨੂੰ ਜਾਣ ਲਈ ਰਹਿ ਗਿਆ ਹੈ
ਇੱਕੋ ਸੰਗਮਰਮਰੀ ਰਾਹ।।
‘ਕੋਧਰੇ ਦੀ ਰੋਟੀ’ ਅਤੇ ‘ਪੂੜੀਆਂ’
ਦੋਹਾਂ ’ਚ ਨੇ
ਹੁਣ ਰਕਤ-ਬੂੰਦਾਂ ਗੁੱਧੀਆਂ
ਉਹ ਆਪਣੀ ਇੱਕ ਕਵਿਤਾ ਵਿੱਚ ਭਗਤ ਰਵਿਦਾਸ ਜੀ ਦੇ ‘ਬੇਗ਼ਮਪੁਰਾ’ ਵਰਗੀ ਸੋਚ ਦਾ ਜ਼ਿਕਰ ਕਰਦਾ ਹੈ।
ਪੁਸਤਕ ਦੀ ਅਖੀਰਲੀ ਕਵਿਤਾ ‘ਅਣ-ਫਿਰਿਆ ਮੱਕਾ’ ਦਾ ਸਿਰਲੇਖ ਇਸ ਪੁਸਤਕ ਦਾ ਸਰਵਰਕ ਵੀ ਹੈ। ਇਸ ਵਿੱਚ ਉਂਕਾਰਪ੍ਰੀਤ ‘ਮੱਕਾ ਫੇਰਨ’ ਵਾਲੀ ਸਾਖੀ ਦਾ ਜ਼ਿਕਰ ਕਰਦਾ ਹੈ। ਇਸ ਤਰ੍ਹਾਂ ਇਸ ਪੁਸਤਕ ਦੀਆਂ ਲਗਭਗ ਸਾਰੀਆਂ ਕਵਿਤਾਵਾਂ ਵਿੱਚ ਕਵੀ ਨੇ ਗੁਰੂ ਨਾਨਕ ਦੇਵ ਜੀ ਦੇ ਉਪਦੇਸ਼ਾਂ ਦਾ ਅਜੋਕੇ ਸੰਦਰਭ ਵਿੱਚ ਬਾਖ਼ੂਬੀ ਜ਼ਿਕਰ ਕੀਤਾ ਹੈ ਜੋ ਅਜੋਕੀ ਪੀੜ੍ਹੀ ਲਈ ਬੜੀਆਂ ਸਿੱਖਿਆਦਾਇਕ ਹਨ। ਇਸ ਲੇਖ ਵਿੱਚ ਟੂਕ-ਮਾਤਰ ਹੀ ਕੁਝ ਕਵਿਤਾਵਾਂ ਬਾਰੇ ਗੱਲ ਕੀਤੀ ਗਈ ਹੈ। ਸਾਰੀਆਂ ਕਵਿਤਾਵਾਂ ਪੜ੍ਹਨਯੋਗ ਅਤੇ ਮਾਣਨਯੋਗ ਹਨ।
ਸੰਪਰਕ: 647-567-9128

Advertisement

Advertisement