ਅਭਿਧਾ ਨੇ ਐੱਚਸੀਐੱਸ (ਜੁਡੀਸ਼ਲ) ਪ੍ਰੀਖਿਆ ਵਿੱਚ ਮਾਰੀ ਬਾਜ਼ੀ
ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 17 ਅਕਤੂਬਰ
ਸ਼ਹਿਰ ਲੁਧਿਆਣਾ ਦੀ ਧੀ ਅਭਿਧਾ ਗੁਪਤਾ ਨੇ ਹਰਿਆਣਾ ਸਿਵਲ ਸਰਵਿਸ (ਜੁਡੀਸ਼ਲ) ਵਿੱਚ ਪਹਿਲਾ ਸਥਾਨ ਹਾਸਲ ਕੀਤਾ ਹੈ। ਲੁਧਿਆਣਾ ਦੇ ਡਿਪਟੀ ਡਿਸਟ੍ਰਿਕਟ ਅਟਾਰਨੀ ਮੋਨਿਕਾ ਗੁਪਤਾ ਦੀ ਧੀ ਨੇ ਪਹਿਲੀ ਵਾਰ ਇਸ ਪ੍ਰੀਖਿਆ ਵਿੱਚ ਹਿੱਸਾ ਲਿਆ ਸੀ ਅਤੇ ਪਹਿਲੀ ਵਾਰ ਵਿੱਚ ਹੀ ਹਰਿਆਣਾ ਵਿੱਚੋਂ ਪਹਿਲਾ ਸਥਾਨ ਹਾਸਲ ਕੀਤਾ ਗਿਆ ਹੈ। ਪ੍ਰੀਖਿਆ ਵਿੱਚ ਆਏ ਇਸ ਸ਼ਾਨਦਾਰ ਨਤੀਜੇ ਤੋਂ ਬਾਅਦ ਗੁਪਤਾ ਪਰਿਵਾਰ ਵਾਲਿਆਂ ਨੂੰ ਵਧਾਈਆਂ ਦੇਣ ਵਾਲਿਆਂ ਦੀ ਭੀੜ ਲੱਗੀ ਹੋਈ ਹੈ।
ਇਸ ਪ੍ਰੀਖਿਆ ਵਿੱਚ ਟੌਪ ਕਰਨ ਵਾਲੀ ਅਭਿਧਾ ਗੁਪਤਾ ਨੇ ਦੱਸਿਆ ਕਿ ਉਸ ਲਾਅ ਦੀ ਪੜ੍ਹਾਈ ਕਰਨ ਤੋਂ ਬਾਅਦ ਪਿਛਲੇ ਸਾਲ ਹੀ ਚੰਡੀਗੜ੍ਹ ਵਿੱਚ ਗੁਰਿੰਦਰਪਾਲ ਸਰ ਕੋਲ ਪ੍ਰੀਖਿਆ ਦੀ ਕੋਚਿੰਗ ਲੈਣੀ ਸ਼ੁਰੂ ਕੀਤੀ ਸੀ। ਉਸ ਨੇ ਦੱਸਿਆ ਕਿ ਉਸਨੇ ਇਸ ਲਈ ਕਾਫ਼ੀ ਮਿਹਨਤ ਕੀਤੀ ਸੀ, ਪਰ ਉਸ ਨੂੰ ਇਹ ਨਹੀਂ ਸੀ ਕਿ ਪਤਾ ਉਸਦਾ ਪਹਿਲਾ ਰੈਂਕ ਆ ਜਾਵੇਗਾ। ਜਦੋਂ ਨਤੀਜੇ ਆਏ ਤਾਂ ਪਹਿਲੇ ਨੰਬਰ ’ਤੇ ਆਪਣਾ ਨਾਂ ਦੇਖ ਕੇ ਉਸਨੂੰ ਯਕੀਨ ਹੀ ਨਹੀਂ ਹੋ ਰਿਹਾ ਸੀ। ਉੱਧਰ, ਅਭਿਧਾ ਗੁਪਤਾ ਦੇ ਪਰਿਵਾਰਕ ਮੈਂਬਰ ਵੀ ਉਨ੍ਹਾਂ ਦੀ ਧੀ ਵੱਲੋਂ ਪਹਿਲਾ ਸਥਾਨ ਹਾਸਲ ਕਰਨ ’ਤੇ ਕਾਫ਼ੀ ਖੁਸ਼ ਹਨ। ਅਭਿਧਾ ਗੁਪਤਾ ਨੇ ਦੱਸਿਆ ਕਿ ਉਸਦੇ ਨਾਨਾ ਜੀ ਵੀ ਜੱਜ ਸਨ ਅਤੇ ਮਾਮਾ ਜੀ ਵੀ ਇਸ ਵੇਲੇ ਚੰਡੀਗੜ੍ਹ ਵਿੱਚ ਜੱਜ ਹਨ। ਉਸਦੇ ਮਾਤਾ ਮੋਨਿਕਾ ਗੁਪਤਾ ਲੁਧਿਆਣਾ ਵਿੱਚ ਡਿਪਟੀ ਡਿਸਟ੍ਰਿਕਟ ਅਟਾਰਨੀ ਹਨ।