For the best experience, open
https://m.punjabitribuneonline.com
on your mobile browser.
Advertisement

‘ਆਪ’ ਦੇ ਟਰਾਂਸਜੈਂਡਰ ਵਿੰਗ ਵੱਲੋਂ ਭਾਜਪਾ ਖ਼ਿਲਾਫ਼ ਪ੍ਰਦਰਸ਼ਨ

09:04 AM Apr 30, 2024 IST
‘ਆਪ’ ਦੇ ਟਰਾਂਸਜੈਂਡਰ ਵਿੰਗ ਵੱਲੋਂ ਭਾਜਪਾ ਖ਼ਿਲਾਫ਼ ਪ੍ਰਦਰਸ਼ਨ
ਦਿੱਲੀ ਗੇਟ ਨੇੜੇ ਪ੍ਰਦਰਸ਼ਨ ਕਰਦੇ ਹੋਏ ‘ਆਪ’ ਦੇ ਟਰਾਂਸਜੈਂਡਰ ਵਿੰਗ ਦੇ ਕਾਰਕੁਨ।
Advertisement

ਪੱਤਰ ਪ੍ਰੇਰਕ
ਨਵੀਂ ਦਿੱਲੀ, 29 ਅਪਰੈਲ
ਆਮ ਆਦਮੀ ਪਾਰਟੀ ਦੇ ਟਰਾਂਸਜੈਂਡਰ ਵਿੰਗ ਨੇ ਅੱਜ ਦਿੱਲੀ ਗੇਟ ਨੇੜੇ ਭਾਜਪਾ ਖ਼ਿਲਾਫ਼ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨ ਦੀ ਅਗਵਾਈ ਕੌਂਸਲਰ ਬੌਬੀ ਕਿੰਨਰ ਤੇ ਵਿਧਾਇਕ ਦਲੀਪ ਪਾਂਡੇ ਨੇ ਕੀਤੀ। ਇਸ ਦੌਰਾਨ ਉਨ੍ਹਾਂ ‘ਆਪ’ ਦੇ ਪ੍ਰਚਾਰ ਗੀਤ ’ਤੇ ਪਾਬੰਦੀ ਲਾਉਣ ਦੀ ਨਿਖੇਧੀ ਕੀਤੀ।
ਇਸ ਦੌਰਾਨ ਬੌਬੀ ਕਿੰਨਰ ਨੇ ਕਿਹਾ ਕਿ ਟਰਾਂਸਜੈਂਡਰ ਭਾਈਚਾਰਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਨਾਲ ਖੜ੍ਹਾ ਹੈ। ਉਨ੍ਹਾਂ ਮੁੱਖ ਮੰਤਰੀ ਕੇਜਰੀਵਾਲ ਦੀ ਗ੍ਰਿਫਤਾਰੀ ਖ਼ਿਲਾਫ਼ ਲੋਕਾਂ ਨੂੰ ‘ਵੋਟਾਂ ਨਾਲ ਜਵਾਬ ਦੇਣ’ ਦੀ ਅਪੀਲ ਕੀਤੀ। ਇਸ ਦੌਰਾਨ ਵਿਧਾਇਕ ਦਲੀਪ ਪਾਂਡੇ ਨੇ ਕਿਹਾ ਕਿ ਲੋਕ ਸਭਾ ਚੋਣਾਂ ਲਈ ਹੁਣ ਤੱਕ ਹੋਈਆਂ ਦੋ ਪੜਾਵਾਂ ਦੀਆਂ ਵੋਟਾਂ ਤੋਂ ਸਪੱਸ਼ਟ ਹੋ ਗਿਆ ਹੈ ਕਿ ਭਾਜਪਾ ਹਾਰ ਰਹੀ ਹੈ। ਕੌਂਸਲਰ ਬੌਬੀ ਕਿੰਨਰ ਨੇ ਦਿੱਲੀ ਗੇਟ ਨੇੜੇ ‘ਜੇਲ੍ਹ ਕਾ ਜਵਾਬ ਵੋਟ ਸੇ’ ਮੁਹਿੰਮ ਤਹਿਤ ਜਾਗਰੂਕ ਕੀਤਾ। ਉਨ੍ਹਾਂ ਕਿਹਾ ਕਿ ਪੂਰੇ ਦੇਸ਼ ਦੀ ਜਨਤਾ ਭਾਰਤੀ ਜਨਤਾ ਪਾਰਟੀ ਦੀਆਂ ਸਾਜ਼ਿਸ਼ਾਂ ਨੂੰ ਸਮਝ ਚੁੱਕੀ ਹੈ। ਨਤੀਜਾ ਇਹ ਹੈ ਕਿ ਭਾਜਪਾ ਆਪਣੀ ਹਾਰ ਦੇ ਡਰ ਤੋਂ ਇੰਨੀ ਡਰ ਗਈ ਹੈ ਕਿ ਇਸ ਨੇ ਕੋਝੀਆਂ ਹਰਕਤਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਹਨ। ਭਾਜਪਾ ਨੇ ਦਲਿਤ ਭਾਈਚਾਰੇ ਦੇ ਪੁੱਤਰ ਨੂੰ ਮੇਅਰ ਬਣਨ ਤੋਂ ਰੋਕਿਆ। ਇਸ ਦੌਰਾਨ ਟਰਾਂਸਜੈਂਡਰ ਭਾਈਚਾਰੇ ਦੀ ਕਾਰਕੁਨ ਸੰਜਨਾ ਰੌਏ ਨੇ ਆਮ ਆਦਮੀ ਪਾਰਟੀ ਵੱਲੋਂ ਟਰਾਂਸਜੈਂਡਰ ਭਾਈਚਾਰੇ ਲਈ ਕੀਤੇ ਗਏ ਕੰਮਾਂ ਦੀ ਸ਼ਲਾਘਾ ਕੀਤੀ ਅਤੇ ਚੋਣਾਂ ਤੋਂ ਪਹਿਲਾਂ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਨੂੰ ਸਿਆਸੀ ਚਾਲ ਦੱਸਿਆ। ਉਨ੍ਹਾਂ ਕਿਹਾ, ‘‘ਅਸੀਂ ਉਨ੍ਹਾਂ (ਕੇਜਰੀਵਾਲ) ਦੀ ਰਿਹਾਈ ਲਈ ਇਕੱਠੇ ਹੋਏ ਹਾਂ। ਉਨ੍ਹਾਂ ਦੀ ਗ੍ਰਿਫਤਾਰੀ ਨਾਲ ਕੌਮੀ ਰਾਜਧਾਨੀ ਦੇ ਕਈ ਲੋਕਾਂ ਦੀ ਆਵਾਜ਼ ਬੰਦ ਹੋ ਗਈ ਹੈ। ਉਹ ਸਾਡੀ ਆਵਾਜ਼ ਹਨ।’’ ਉਨ੍ਹਾਂ ਕਿਹਾ, ‘‘ਚੋਣਾਂ ਲੋਕਤੰਤਰ ਦਾ ਤਿਉਹਾਰ ਹੈ ਅਤੇ ਹਰ ਪਾਰਟੀ ਨੂੰ ਇਸ ਨੂੰ ਮਨਾਉਣਾ ਚਾਹੀਦਾ ਹੈ। ਹਰ ਪਾਰਟੀ ਨੂੰ ਪ੍ਰਚਾਰ ਕਰਨ ਦਾ ਮੌਕਾ ਦਿੱਤਾ ਜਾਣਾ ਚਾਹੀਦਾ ਹੈ। ਅਜਿਹੇ ਅਹਿਮ ਸਮੇਂ ਦੌਰਾਨ ਪਾਰਟੀ ਦੇ ਮੁੱਖ ਆਗੂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।’’ ਦਲੀਪ ਪਾਂਡੇ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਆਪਣਾ ਪ੍ਰਚਾਰ ਗੀਤ ਲਾਂਚ ਕੀਤਾ ਸੀ ਪਰ ਭਾਜਪਾ ਦੇ ਇਸ਼ਾਰੇ ’ਤੇ ਆਮ ਆਦਮੀ ਪਾਰਟੀ ਦੇ ਇਸ ਪ੍ਰਚਾਰ ਗੀਤ ’ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਇਹ ਭਾਰਤੀ ਜਨਤਾ ਪਾਰਟੀ ਦੀ ਹਾਰ ਸਵੀਕਾਰ ਕਰਨ ਦੇ ਸੰਕੇਤ ਹਨ। ਦੇਸ਼ ਦੇ ਲੋਕ ਇਸ ਗੱਲ ਨੂੰ ਸਮਝ ਚੁੱਕੇ ਹਨ। ਦਿੱਲੀ ਅਤੇ ਦੇਸ਼ ਦੇ ਲੋਕ ਭਾਜਪਾ ਦੀ ਗੁੰਡਾਗਰਦੀ ਅਤੇ ਤਾਨਾਸ਼ਾਹੀ ਵਿਰੁੱਧ ਇਕਜੁੱਟ ਹੋ ਕੇ ਖੜ੍ਹੇ ਹਨ।

Advertisement

Advertisement
Author Image

Advertisement
Advertisement
×