For the best experience, open
https://m.punjabitribuneonline.com
on your mobile browser.
Advertisement

‘ਆਪ’ ਦੇ ਸੰਜੈ ਸਿੰਘ ਰਾਜ ਸਭਾ ’ਚੋਂ ਮੁਅੱਤਲ

08:39 AM Jul 25, 2023 IST
‘ਆਪ’ ਦੇ ਸੰਜੈ ਸਿੰਘ ਰਾਜ ਸਭਾ ’ਚੋਂ ਮੁਅੱਤਲ
ਰਾਜ ਸਭਾ ਚੇਅਰਮੈਨ ਜਗਦੀਪ ਧਨਖੜ ‘ਆਪ’ ਆਗੂ ਸੰਜੈ ਸਿੰਘ ਨੂੰ ਆਪਣੀ ਸੀਟ ’ਤੇ ਵਾਪਸ ਜਾਣ ਲਈ ਕਹਿੰਦੇ ਹੋਏ। -ਫੋਟੋ: ਪੀਟੀਆਈ
Advertisement

ਨਵੀਂ ਦਿੱਲੀ, 24 ਜੁਲਾਈ
ਮਨੀਪੁਰ ਮੁੱਦੇ ’ਤੇ ਸੰਸਦ ਦੇ ਦੋਵੇਂ ਸਦਨਾਂ ’ਚ ਅੱਜ ਵੀ ਜ਼ੋਰਦਾਰ ਹੰਗਾਮਾ ਹੋਇਆ। ਵਿਰੋਧੀ ਧਿਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਬਿਆਨ ਤੋਂ ਬਾਅਦ ਮਨੀਪੁਰ ’ਚ ਜਾਰੀ ਹਿੰਸਾ ਦੇ ਮੁੱਦੇ ’ਤੇ ਸੰਸਦ ’ਚ ਚਰਚਾ ਲਈ ਅੜੀ ਹੋਈ ਹੈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਲੋਕ ਸਭਾ ’ਚ ਭਰੋਸਾ ਦਿੱਤਾ ਕਿ ਸਰਕਾਰ ਇਸ ਮੁੱਦੇ ’ਤੇ ਚਰਚਾ ਕਰਵਾਏਗੀ। ਉਧਰ ਰਾਜ ਸਭਾ ’ਚ ‘ਆਪ’ ਮੈਂਬਰ ਸੰਜੈ ਸਿੰਘ ’ਤੇ ‘ਮਾੜੇ ਵਤੀਰੇ’ ਦਾ ਦੋਸ਼ ਲਾਉਂਦਿਆਂ ਉਨ੍ਹਾਂ ਨੂੰ ਪੂਰੇ ਮੌਨਸੂਨ ਇਜਲਾਸ ਲਈ ਸਦਨ ’ਚੋਂ ਮੁਅੱਤਲ ਕਰ ਦਿੱਤਾ ਗਿਆ। ਵਿਰੋਧੀ ਧਿਰਾਂ ਨੇ ਸਰਕਾਰ ਦੇ ਇਸ ਰਵੱਈਏ ਦਾ ਵਿਰੋਧ ਕੀਤਾ ਹੈ।

Advertisement

ਸੰਸਦੀ ਕੰਪਲੈਕਸ ’ਚ ਧਰਨਾ ਦਿੰਦੇ ਹੋਏ ਸੰਜੈ ਸਿੰਘ ਅਤੇ ਹੋਰ ਆਗੂ। -ਫੋਟੋ: ਮਾਨਸ ਰੰਜਨ ਭੂਈ

ਲੋਕ ਸਭਾ ਦੀ ਕਾਰਵਾਈ ਵਿੱਚ ਦੋ ਵਾਰ ਅੜਿੱਕਾ ਪੈਣ ਮਗਰੋਂ ਜਦੋਂ ਦੁਪਹਿਰ ਢਾਈ ਵਜੇ ਸਦਨ ਮੁੜ ਜੁੜਿਆ ਤਾਂ ਵਿਰੋਧੀ ਧਿਰਾਂ ਨੇ ਨਾਅਰੇਬਾਜ਼ੀ ਜਾਰੀ ਰੱਖੀ ਜਿਸ ’ਤੇ ਸਪੀਕਰ ਓਮ ਬਿਰਲਾ ਨੇ ਉਨ੍ਹਾਂ ਨੂੰ ਸ਼ਾਂਤ ਕਰਾਉਣ ਦੀ ਕੋਸ਼ਿਸ਼ ਕੀਤੀ। ਜਦੋਂ ਮੈਂਬਰ ਸ਼ਾਂਤ ਨਾ ਹੋਏ ਤਾਂ ਲੋਕ ਸਭਾ ਨੂੰ ਮੰਗਲਵਾਰ ਸਵੇਰੇ 11 ਵਜੇ ਤੱਕ ਲਈ ਮੁਲਤਵੀ ਕਰ ਦਿੱਤਾ ਗਿਆ। ਇਸ ਤੋਂ ਪਹਿਲਾਂ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਲੋਕ ਸਭਾ ਵਿਚ ਕਿਹਾ ਕਿ ਉਹ ਮਨੀਪੁਰ ਮਸਲੇ ’ਤੇ ਵਿਚਾਰ ਚਰਚਾ ਲਈ ਤਿਆਰ ਹਨ। ਉਨ੍ਹਾਂ ਕਿਹਾ, ‘‘ਮੈਂ ਵਿਰੋਧੀ ਧਿਰ ਦੇ ਆਗੂਆਂ ਨੂੰ ਅਪੀਲ ਕਰਦਾ ਹਾਂ ਕਿ ਉਹ ਸੰਸਦ ਵਿਚ ਵਿਚਾਰ ਵਟਾਂਦਰਾ ਹੋਣ ਦੇਣ ਕਿਉਂਕਿ ਮਨੀਪੁਰ ਮੁੱਦੇ ਨੂੰ ਲੈ ਕੇ ਸੱਚ ਦੇਸ਼ ਸਾਹਮਣੇ ਲਿਆਉਣਾ ਬਹੁਤ ਅਹਿਮ ਹੈ।’’ ਉਨ੍ਹਾਂ ਵਿਰੋਧੀ ਧਿਰਾਂ ’ਤੇ ਚਰਚਾ ਤੋਂ ਭੱਜਣ ਦਾ ਦੋਸ਼ ਲਾਇਆ ਅਤੇ ਕਿਹਾ ਕਿ ਜਦੋਂ ਸਰਕਾਰ ਚਰਚਾ ਲਈ ਰਾਜ਼ੀ ਹੈ ਤਾਂ ਪਤਾ ਨਹੀਂ ਵਿਰੋਧੀ ਧਿਰ ਸੰਸਦ ਨੂੰ ਕਿਉਂ ਨਹੀਂ ਚੱਲਣ ਦੇਣਾ ਚਾਹੁੰਦੀ ਹੈ। ਸਵੇਰੇ ਸਦਨ ਦੀ ਕਾਰਵਾਈ 12 ਵਜੇ ਤੱਕ ਮੁਲਤਵੀ ਕਰਨ ਮਗਰੋਂ ਸਦਨ ਮੁੜ ਜੁੜਿਆ ਤਾਂ ਵਿਰੋਧੀ ਧਿਰਾਂ ਵੱਲੋਂ ਕੀਤੀ ਨਾਅਰੇਬਾਜ਼ੀ ਦਰਮਿਆਨ ਹੀ ਸਰਕਾਰ ਨੇ ਤਿੰਨ ਬਿੱਲ ਕੌਮੀ ਡੈਂਟਲ ਕਮਿਸ਼ਨ ਬਿੱਲ 2023, ਨੈਸ਼ਨਲ ਨਰਸਿੰਗ ਐਂਡ ਮਿਡਵਾਈਫਰੀ ਕਮਿਸ਼ਨ ਬਿੱਲ 2023 ਅਤੇ ਕੰਸਟੀਚਿਊਸ਼ਨ (ਅਨੁਸੂਚਿਤ ਜਾਤਾਂ) ਆਰਡਰ (ਸੋਧ) ਬਿੱਲ 2023 ਪੇਸ਼ ਕੀਤੇ ਜਦਕਿ ਇਕ ਬਿੱਲ ਡੀਐੱਨਏ ਤਕਨਾਲੋਜੀ (ਵਰਤੋਂ ਤੇ ਐਪਲੀਕੇਸ਼ਨ) ਰੈਗੂਲੇਸ਼ਨ ਬਿੱਲ 2019 ਵਾਪਸ ਲੈ ਲਿਆ। ਉਂਜ ਸਦਨ ਦੀ ਕਾਰਵਾਈ ਜਦੋਂ ਸਵੇਰੇ 11 ਵਜੇ ਸ਼ੁਰੂ ਹੋਈ ਤਾਂ ਕਾਂਗਰਸ, ਡੀਐੱਮਕੇ, ਖੱਬੀਆਂ ਪਾਰਟੀਆਂ ਤੇ ਹੋਰਨਾਂ ਨੇ ਮਨੀਪੁਰ ਮੁੱਦੇ ’ਤੇ ਚਰਚਾ ਕਰਵਾਉਣ ਦੀ ਆਪਣੀ ਮੰਗ ਨੂੰ ਲੈ ਕੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਸਪੀਕਰ ਓਮ ਬਿਰਲਾ ਨੇ ਕਾਂਗਰਸ ਆਗੂ ਅਧੀਰ ਰੰਜਨ ਚੌਧਰੀ ਨੂੰ ਬੋਲਣ ਦੀ ਇਜਾਜ਼ਤ ਦਿੱਤੀ। ਚੌਧਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਮਨੀਪੁਰ ਬਾਰੇ ਸੰਸਦ ਵਿੱਚ ਬਿਆਨ ਦੇਣ। ਬਿਰਲਾ ਨੇ ਕਿਹਾ ਕਿ ਸਦਨ ਮਨੀਪੁਰ ਹਿੰਸਾ ’ਤੇ ਚਰਚਾ ਲਈ ਤਿਆਰ ਹੈ, ਪਰ ਵਿਚਾਰ ਚਰਚਾ 12 ਵਜੇ ਤੋਂ ਬਾਅਦ ਹੀ ਸ਼ੁਰੂ ਹੋ ਸਕਦੀ ਹੈ ਕਿਉਂਕਿ 11 ਵਜੇ ਦਾ ਸਮਾਂ ਪ੍ਰਸ਼ਨਕਾਲ ਲਈ ਨਿਰਧਾਰਿਤ ਹੈ ਤੇ ਇਸ ਨਾਲ ਛੇੜਖਾਨੀ ਨਹੀਂ ਕੀਤੀ ਜਾ ਸਕਦੀ ਕਿਉਂਕਿ ਮੈਂਬਰਾਂ ਨੇ ਕਈ ਅਹਿਮ ਮੁੱਦਿਆਂ ’ਤੇ ਸਰਕਾਰ ਤੋਂ ਜਵਾਬ ਲੈਣੇ ਹੁੰਦੇ ਹਨ। ਉਧਰ ਸੰਸਦੀ ਮਾਮਲਿਆਂ ਬਾਰੇ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਕਿਹਾ ਕਿ ਸਰਕਾਰ ਵਿਚਾਰ ਚਰਚਾ ਲਈ ਤਿਆਰ ਹੈ ਜਦੋਂਕਿ ਵਿਰੋਧੀ ਧਿਰ ਹੀ ਚਰਚਾ ਤੋਂ ਭੱਜ ਰਹੀ ਹੈ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਵੀ ਕਿਹਾ ਕਿ ਸਰਕਾਰ ਮਨੀਪੁਰ ਹਿੰਸਾ ’ਤੇ ਚਰਚਾ ਲਈ ਤਿਆਰ ਹੈ। ਵਿਰੋਧੀ ਧਿਰਾਂ ਦੇ ਮੈਂਬਰਾਂ ਨੇ ‘ਇੰਡੀਆ ਮਨੀਪੁਰ ਹਿੰਸਾ ਬਾਰੇ ਚਰਚਾ ਚਾਹੁੰਦਾ ਹੈ’ ਅਤੇ ‘ਇੰਡੀਆ ਫਾਰ ਮਨੀਪੁਰ’ ਜਿਹੇ ਨਾਅਰੇ ਲਿਖੀਆਂ ਤਖ਼ਤੀਆਂ ਫੜੀਆਂ ਹੋਈਆਂ ਸਨ। ਉਧਰ ਰਾਜ ਸਭਾ ’ਚ ‘ਆਪ’ ਸੰਸਦ ਮੈਂਬਰ ਸੰਜੈ ਸਿੰਘ ਨੂੰ ‘ਮਾੜੇ ਵਤੀਰੇ’ ਲਈ ਮੌਨਸੂਨ ਇਜਲਾਸ ਦੇ ਬਾਕੀ ਰਹਿੰਦੇ ਅਰਸੇ ਲਈ ਮੁਅੱਤਲ ਕਰ ਦਿੱਤਾ ਗਿਆ। ਰਾਜ ਸਭਾ ਵਿੱਚ ਸਦਨ ਦੇ ਆਗੂ ਪਿਊਸ਼ ਗੋਇਲ ਨੇ ਸੰਜੈ ਸਿੰਘ ਨੂੰ ਮੁਅੱਤਲ ਕਰਨ ਦਾ ਮਤਾ ਰੱਖਿਆ, ਜਿਸ ਨੂੰ ਸਦਨ ਨੇ ਜ਼ੁਬਾਨੀ ਵੋਟਾਂ ਨਾਲ ਸਵੀਕਾਰ ਕਰ ਲਿਆ। ਉਂਜ ਮਤਾ ਰੱਖਣ ਤੋਂ ਪਹਿਲਾਂ ਰਾਜ ਸਭਾ ਦੇ ਚੇਅਰਮੈਨ ਜਗਦੀਪ ਧਨਖੜ ਨੇ ‘ਮਾੜੇ ਰਵੱਈਏ’ ਲਈ ਸੰਜੈ ਸਿੰਘ ਦਾ ਨਾਮ ਲਿਆ ਤੇ ਉਨ੍ਹਾਂ ਨੂੰ ਖ਼ਬਰਦਾਰ ਵੀ ਕੀਤਾ ਸੀ। ਮਨੀਪੁਰ ਬਾਰੇ ਚਰਚਾ ਕਰਾਉਣ ਦੀ ਮੰਗ ਕਰਦਿਆਂ ਸੰਜੈ ਸਿੰਘ ਚੇਅਰ ਵੱਲ ਇਸ਼ਾਰਾ ਕਰਦਿਆਂ ਚੇਅਰਮੈਨ ਦੀ ਕੁਰਸੀ ਅੱਗੇ ਆ ਗਏ ਸਨ। ਬਾਅਦ ’ਚ ਵਿਰੋਧੀ ਮੈਂਬਰਾਂ ਨੇ ਇਹ ਮੁੱਦਾ ਚੇਅਰਮੈਨ ਕੋਲ ਉਠਾਇਆ ਅਤੇ ਸੰਜੈ ਸਿੰਘ ਦੀ ਮੁਅੱਤਲੀ ਵਾਪਸ ਲੈਣ ਦੀ ਅਪੀਲ ਕੀਤੀ। ਕਾਂਗਰਸ ਆਗੂ ਦਿਗਵਿਜੈ ਸਿੰਘ ਨੇ ਕਿਹਾ ਕਿ ਸੰਜੈ ਸਿੰਘ ਨੂੰ ਮੁਅੱਤਲ ਕਰਨਾ ਠੀਕ ਨਹੀਂ ਹੈ। ਉਨ੍ਹਾਂ ਇਸ ਫ਼ੈਸਲੇ ਦੀ ਨਿਖੇਧੀ ਕੀਤੀ। ‘ਆਪ’ ਦੇ ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਕਿਹਾ ਕਿ ਸੰਜੈ ਸਿੰਘ ਮਨੀਪੁਰ ਮੁੱਦੇ ’ਤੇ ਚਰਚਾ ਲਈ ਵਿਰੋਧੀ ਧਿਰ ਦੀ ਮੰਗ ਚੁੱਕਣ ਲਈ ਚੇਅਰਮੈਨ ਤੋਂ ਇਜਾਜ਼ਤ ਦੀ ਬੇਨਤੀ ਕਰ ਰਹੇ ਸਨ। ਜਦੋਂ ਚੇਅਰਮੈਨ ਨੇ ਵਿਰੋਧੀ ਧਿਰ ਵੱਲ ਨਾ ਦੇਖਿਆ ਤਾਂ ਸੰਜੈ ਸਿੰਘ ਉਨ੍ਹਾਂ ਦੀ ਚੇਅਰ ਵੱਲ ਗਏ ਸਨ। ‘ਜੇਕਰ ਲੋਕਤੰਤਰ ’ਚ ਵਿਰੋਧੀ ਧਿਰ ਅਤੇ ਸਰਕਾਰ ਸੰਸਦ ’ਚ ਬਹਿਸ ਕਰਨ ਦੇ ਅਸਮਰੱਥ ਹਨ ਤਾਂ ਫਿਰ ਲੋਕਤੰਤਰ ਦਾ ਕੀ ਮਤਲਬ ਹੈ? ਮਨੀਪੁਰ ’ਤੇ ਚਰਚਾ ਦੀ ਮੰਗ ਕਰਨਾ ਕੀ ਜੁਰਮ ਹੈ? ਜੇਕਰ ਇਹ ਜੁਰਮ ਹੈ ਤਾਂ ਫਿਰ ਸੰਜੈ ਸਿੰਘ ਹੀ ਨਹੀਂ ਸਗੋਂ ਪੂਰੀ ਵਿਰੋਧੀ ਧਿਰ ਨੂੰ ਮੁਅੱਤਲ ਕੀਤਾ ਜਾਣਾ ਚਾਹੀਦਾ ਹੈ। ਅਸੀਂ ਉਨ੍ਹਾਂ ਦੀ ਮੁਅੱਤਲੀ ਦਾ ਵਿਰੋਧ ਕਰਦਿਆਂ ਚੇਅਰਮੈਨ ਨੂੰ ਬੇਨਤੀ ਕਰਦੇ ਹਾਂ ਕਿ ਉਹ ਆਪਣੇ ਫ਼ੈਸਲੇ ’ਤੇ ਵਿਚਾਰ ਕਰਨ।’ ਸ਼ਿਵ ਸੈਨਾ (ਯੂਬੀਟੀ) ਆਗੂ ਪ੍ਰਿਯੰਕਾ ਚਤੁਰਵੇਦੀ ਨੇ ਕਿਹਾ ਕਿ ਜਦੋਂ ਤੋਂ ‘ਇੰਡੀਆ’ ਗੱਠਜੋੜ ਬਣਿਆ ਹੈ, ਸਰਕਾਰ ਨੂੰ ਚਿੰਤਾ ਹੋ ਗਈ ਹੈ ਅਤੇ ਉਹ ਅਜਿਹਾ ਮਾਹੌਲ ਪੈਦਾ ਕਰਨਾ ਚਾਹੁੰਦੀ ਹੈ ਜਿਥੇ ਵਿਰੋਧੀ ਆਗੂਆਂ ਦੀ ਆਵਾਜ਼ ਨੂੰ ਦਬਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਇਹ ਸੋਚੀ-ਸਮਝੀ ਯੋਜਨਾ ਤਹਿਤ ਹੋ ਰਿਹਾ ਹੈ। -ਪੀਟੀਆਈ

Advertisement

ਰਾਜ ਸਭਾ ’ਚ ਜਮੂਦ ਤੋੜਨ ਲਈ ਧਨਖੜ ਵੱਲੋਂ ਮੀਟਿੰਗ
ਨਵੀਂ ਦਿੱਲੀ: ਰਾਜ ਸਭਾ ’ਚ ਮਨੀਪੁਰ ਹਿੰਸਾ ਦੇ ਮੁੱਦੇ ’ਤੇ ਵਿਰੋਧੀ ਧਿਰ ਵੱਲੋਂ ਲਗਾਤਾਰ ਕੀਤੇ ਜਾ ਰਹੇ ਵਿਰੋਧ ਮਗਰੋਂ ਸਦਨ ਦੀ ਕਾਰਵਾਈ ਸੁਚਾਰੂ ਢੰਗ ਨਾਲ ਚਲਾਉਣ ਲਈ ਚੇਅਰਮੈਨ ਜਗਦੀਪ ਧਨਖੜ ਨੇ ਸੋਮਵਾਰ ਨੂੰ ਵੱਖ ਵੱਖ ਪਾਰਟੀਆਂ ਦੇ ਆਗੂਆਂ ਨਾਲ ਮੀਟਿੰਗ ਕੀਤੀ। ਮੀਟਿੰਗ ’ਚ ਕਾਂਗਰਸ ਦੇ ਜੈਰਾਮ ਰਮੇਸ਼, ਬੀਆਰਐੱਸ ਦੇ ਕੇ ਕੇਸ਼ਵ ਰਾਓ, ਬੀਜੇਡੀ ਦੇ ਸਸਮਿਤ ਪਾਤਰਾ, ‘ਆਪ’ ਦੇ ਰਾਘਵ ਚੱਢਾ, ਸਦਨ ਦੇ ਆਗੂ ਪਿਯੂਸ਼ ਗੋਇਲ ਅਤੇ ਸੰਸਦੀ ਮਾਮਲਿਆਂ ਦੇ ਮੰਤਰੀ ਪ੍ਰਹਿਲਾਦ ਜੋਸ਼ੀ ਹਾਜ਼ਰ ਸਨ। ਉਪ ਰਾਸ਼ਟਰਪਤੀ ਸਕੱਤਰੇਤ ਨੇ ਟਵੀਟ ਕਰਕੇ ਕਿਹਾ ਕਿ ਧਨਖੜ ਨੇ ਸਦਨ ਦੀ ਕਾਰਵਾਈ ਸੁਚਾਰੂ ਢੰਗ ਨਾਲ ਚਲਾਉਣ ਲਈ ਆਗੂਆਂ ਤੋਂ ਸਹਿਯੋਗ ਮੰਗਿਆ।‘ਆਪ’ ਸੰਸਦ ਮੈਂਬਰ ਸੰਜੇ ਸਿੰਘ ਦੇ ਰਾਜ ਸਭਾ ਵਿਚੋਂ ਮੁਅੱਤਲ ਹੋਣ ’ਤੇ ਚੇਅਰਮੈਨ ਜਗਦੀਪ ਧਨਖੜ ਨੇ ਕਿਹਾ ਕਿ ਕਈ ਵਾਰ ਅਨੁਸ਼ਾਸਨ ਤੇ ਸ਼ਿਸ਼ਟਾਚਾਰ ਲਾਗੂ ਕਰਨ ਲਈ ‘ਸਖ਼ਤ ਫ਼ੈਸਲੇ’ ਲੈਣੇ ਪੈਂਦੇ ਹਨ। ਉਨ੍ਹਾਂ ਕਿਹਾ, ‘ਰਾਜ ਸਭਾ ਦੇ ਚੇਅਰਮੈਨ ਵਜੋਂ ਮੈਂ ਇਸ ਢੰਗ ਨਾਲ ਕੰਮ ਕਰਦਾ ਹਾਂ ਕਿ ਮੇਰੇ ਦਾਇਰੇ ਵਿਚ ਆਉਂਦੀ ਹਰ ਚੀਜ਼ ਨਾਲ ਲੋਕਤੰਤਰ ਦੇ ਇਸ ਮੰਦਰ ਦਾ ਸ਼ਿਸ਼ਟਾਚਾਰ ਤੇ ਅਨੁਸ਼ਾਸਨ ਕਾਇਮ ਰਹੇ।’ -ਪੀਟੀਆਈ

ਸੰਜੈ ਸਿੰਘ ਦੇ ਹੱਕ ’ਚ ‘ਇੰਡੀਆ’ ਨੇ ਲਾਏ ਸੰਸਦੀ ਕੰਪਲੈਕਸ ’ਚ ਡੇਰੇ
ਨਵੀਂ ਦਿੱਲੀ: ‘ਆਪ’ ਆਗੂ ਸੰਜੈ ਸਿੰਘ ਖ਼ਿਲਾਫ਼ ਹੋਈ ਕਾਰਵਾਈ ਦੇ ਵਿਰੋਧ ’ਚ ਵਿਰੋਧੀ ਧਿਰਾਂ ਦੇ ਗੱਠਜੋੜ ‘ਇੰਡੀਆ’ ਨੇ ਸੰਸਦੀ ਕੰਪਲੈਕਸ ’ਚ ਰਾਤ ਭਰ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਹੈ। ਸੀਨੀਅਰ ਆਗੂਆਂ ਨੇ ਕਿਹਾ ਕਿ ਮਹਾਤਮਾ ਗਾਂਧੀ ਦੇ ਬੁੱਤ ਨੇੜੇ ਵਾਰੀ-ਵਾਰੀ ਆਗੂ ਰੋਸ ਵਜੋਂ ਪੂਰੀ ਰਾਤ ਪ੍ਰਦਰਸ਼ਨ ਕਰਨਗੇ ਅਤੇ ਇਹ ਪ੍ਰਦਰਸ਼ਨ ਮੰਗਲਵਾਰ ਵੀ ਜਾਰੀ ਰਹਿਣਗੇ। ਪਿਛਲੇ ਸਾਲ ਜੁਲਾਈ ’ਚ ਰਾਜ ਸਭਾ ’ਚੋਂ 20 ਮੈਂਬਰਾਂ ਨੂੰ ਮੁਅੱਤਲ ਕਰਨ ’ਤੇ ਵਿਰੋਧੀ ਧਿਰ ਦੇ ਆਗੂਆਂ ਨੇ ਸੰਸਦੀ ਕੰਪਲੈਕਸ ਅੰਦਰ 50 ਘੰਟਿਆਂ ਤੱਕ ਪ੍ਰਦਰਸ਼ਨ ਕੀਤਾ ਸੀ। ਰਾਜ ਸਭਾ ਤੋਂ ਪੂਰੇ ਮੌਨਸੂਨ ਇਜਲਾਸ ਲਈ ਮੁਅੱਤਲ ਕੀਤੇ ਗਏ ਸੰਜੈ ਸਿੰਘ ਪੂਰੀ ਰਾਤ ਧਰਨੇ ’ਤੇ ਬੈਠੇ ਰਹਿਣਗੇ ਅਤੇ ਉਨ੍ਹਾਂ ਦੀ ਪਤਨੀ ਨੇ ਲੋੜੀਂਦਾ ਸਾਮਾਨ ਪਹਿਲਾਂ ਹੀ ਉਥੇ ਪਹੁੰਚਾ ਦਿੱਤਾ ਹੈ। ਇਕ ਸੀਨੀਅਰ ਆਗੂ ਨੇ ਕਿਹਾ ਕਿ ਉਨ੍ਹਾਂ ਦੀ ਮੰਗ ’ਚ ਪ੍ਰਧਾਨ ਮੰਤਰੀ ਵੱਲੋਂ ਸੰਸਦ ’ਚ ਮਨੀਪੁਰ ਬਾਰੇ ਭਾਸ਼ਨ ਦੇਣਾ ਵੀ ਸ਼ਾਮਲ ਹੈ। ‘ਇੰਡੀਆ’ ਦੇ ਆਗੂ ਇਸ ਗੱਲ ’ਤੇ ਅੜੇ ਹੋਏ ਹਨ ਕਿ ਪ੍ਰਧਾਨ ਮੰਤਰੀ ਮਨੀਪੁਰ ਹਿੰਸਾ ਬਾਰੇ ਚਰਚਾ ਦੀ ਸ਼ੁਰੂਆਤ ਆਪਣੇ ਭਾਸ਼ਨ ਨਾਲ ਕਰਨ। ਸੂਤਰਾਂ ਨੇ ਕਿਹਾ ਕਿ ਰੱਖਿਆ ਮੰਤਰੀ ਅਤੇ ਲੋਕ ਸਭਾ ਦੇ ਉਪ ਨੇਤਾ ਰਾਜਨਾਥ ਸਿੰਘ ਨੇ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ, ਡੀਐੱਮਕੇ ਆਗੂ ਟੀ ਆਰ ਬਾਲੂ ਅਤੇ ਟੀਐੱਮਸੀ ਆਗੂ ਸੁਦੀਪ ਬੰਦੋਪਾਧਿਆਏ ਨਾਲ ਗੱਲ ਕਰਕੇ ਉਨ੍ਹਾਂ ਨੂੰ ਸਰਕਾਰ ਦੇ ਮਨੀਪੁਰ ਬਾਰੇ ਵਿਚਾਰ ਵਟਾਂਦਰੇ ਦੇ ਇਰਾਦੇ ਤੋਂ ਜਾਣੂ ਕਰਵਾ ਦਿੱਤਾ ਹੈ। ਉਂਜ ਕੋਈ ਵੀ ਆਗੂ ਆਪਣੀ ਮੰਗ ਤੋਂ ਪਿੱਛੇ ਨਹੀਂ ਹਟਿਆ ਹੈ। ‘ਇੰਡੀਆ’ ਗੱਠਜੋੜ ਦੇ ਆਗੂਆਂ ਨੇ ਕਿਹਾ ਕਿ ਉਨ੍ਹਾਂ ਮੌਨਸੂਨ ਇਜਲਾਸ ਸ਼ੁਰੂ ਹੋਣ ਤੋਂ ਚਾਰ ਦਨਿ ਪਹਿਲਾਂ ਹੀ ਭਾਜਪਾ ਨੂੰ ਦੱਸ ਦਿੱਤਾ ਸੀ ਕਿ ਪ੍ਰਧਾਨ ਮੰਤਰੀ ਨੂੰ ਮਨੀਪੁਰ ਹਿੰਸਾ ਦੇ ਮੁੱਦੇ ’ਤੇ ਸੰਸਦ ’ਚ ਬਿਆਨ ਦੇਣਾ ਚਾਹੀਦਾ ਹੈ। -ਪੀਟੀਆਈ

ਵਿਰੋਧੀ ਧਿਰ ਵੱਲੋਂ ਮਹਾਤਮਾ ਗਾਂਧੀ ਦੇ ਬੁੱਤ ਅੱਗੇ ਪ੍ਰਦਰਸ਼ਨ

ਮਹਾਤਮਾ ਗਾਂਧੀ ਦੇ ਬੁੱਤ ਨੇੜੇ ਪ੍ਰਦਰਸ਼ਨ ਕਰਦੇ ਹੋਏ ਿਵਰੋਧੀ ਧਿਰਾਂ ਦੇ ਆਗੂ। -ਫੋਟੋ: ਮਾਨਸ ਰੰਜਨ ਭੂਈ

ਨਵੀਂ ਦਿੱਲੀ: ਮਨੀਪੁਰ ਮੁੱਦੇ ’ਤੇ ਸੰਸਦ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਬਿਆਨ ਲਈ ਅੜੀ ਵਿਰੋਧੀ ਧਿਰ ਨੇ ਅੱਜ ਸੰਸਦੀ ਕੰਪਲੈਕਸ ’ਚ ਮਹਾਤਮਾ ਗਾਂਧੀ ਦੇ ਬੁੱਤ ਅੱਗੇ ਰੋਸ ਪ੍ਰਦਰਸ਼ਨ ਕੀਤਾ। ਵਿਰੋਧੀ ਧਿਰਾਂ ਦੇ ਆਗੂਆਂ ਨੇ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਕਰਦਿਆਂ ਨਾਅਰੇਬਾਜ਼ੀ ਵੀ ਕੀਤੀ। ਇਸ ਦੌਰਾਨ ਭਾਜਪਾ ਆਗੂਆਂ ਨੇ ਵੀ ਮਹਾਤਮਾ ਗਾਂਧੀ ਦੇ ਬੁੱਤ ਅੱਗੇ ਪ੍ਰਦਰਸ਼ਨ ਕੀਤਾ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਾਜ ਸਭਾ ’ਚ ਵਿਰੋਧੀ ਧਿਰ ਦੇ ਆਗੂ ਮਲਿਕਾਰਜੁਨ ਖੜਗੇ ਨੇ ਕਿਹਾ ਕਿ ਮਨੀਪੁਰ ਹਿੰਸਾ ਬਾਰੇ ਸੰਸਦ ’ਚ ਬਿਆਨ ਦੇਣਾ ਪ੍ਰਧਾਨ ਮੰਤਰੀ ਦਾ ਫਰਜ਼ ਬਣਦਾ ਹੈ। ਕਾਂਗਰਸ ਆਗੂ ਨੇ ਕਿਹਾ,‘‘ਇਹ ਸ਼ਰਮ ਵਾਲੀ ਗੱਲ ਹੈ ਕਿ ਪ੍ਰਧਾਨ ਮੰਤਰੀ ਜਦੋਂ ਸੰਸਦ ਦਾ ਸੈਸ਼ਨ ਚੱਲ ਰਿਹਾ ਹੈ ਤਾਂ ਉਹ ਸਦਨ ਦੇ ਬਾਹਰ ਬਿਆਨ ਦੇ ਰਹੇ ਹਨ। ਮਨੀਪੁਰ ਹਿੰਸਾ ਬਾਰੇ ਸੰਸਦ ਅੰਦਰ ਬਿਆਨ ਦੇਣਾ ਪ੍ਰਧਾਨ ਮੰਤਰੀ ਦਾ ਫਰਜ਼ ਬਣਦਾ ਹੈ। ਅਸੀਂ ਰਾਜ ਸਭਾ ਦੇ ਚੇਅਰਮੈਨ ਅਤੇ ਲੋਕ ਸਭਾ ਦੇ ਸਪੀਕਰ ਨੂੰ ਬੇਨਤੀ ਕਰ ਰਹੇ ਹਾਂ ਕਿ ਪ੍ਰਧਾਨ ਮੰਤਰੀ ਨੂੰ ਮਨੀਪੁਰ ਦੇ ਹਾਲਾਤ ਬਾਰੇ ਬਿਆਨ ਦੇਣਾ ਚਾਹੀਦਾ ਹੈ। ਅਸੀਂ ਨੇਮ 167 ਤਹਿਤ ਚਰਚਾ ਚਾਹੁੰਦੇ ਹਾ ਪਰ ਮੋਦੀ ਸਰਕਾਰ ਨੇਮ 176 ਤਹਿਤ ਸਿਰਫ਼ ਅੱਧੇ ਘੰਟੇ ਦੀ ਚਰਚਾ ਚਾਹੁੰਦੀ ਹੈ। ਅਸੀਂ ਮੰਗ ਕਰਦੇ ਹਾਂ ਕਿ ਨੇਮ 267 ਤਹਿਤ ਚਰਚਾ ਹੋਵੇ ਜਿਸ ’ਚ ਵੋਟਿੰਗ ਵੀ ਕਰਵਾਈ ਜਾ ਸਕਦੀ ਹੈ।’’ ਖੜਗੇ ਨੇ ਕਿਹਾ ਕਿ ਮੋਦੀ ਸਰਕਾਰ ਅਤੇ ਭਾਜਪਾ ਮਨੀਪੁਰ ਬਾਰੇ ਆਪਣੇ ਸੰਵਿਧਾਨਕ ਫਰਜ਼ ਤੇ ਜਵਾਬਦੇਹੀ ਤੋਂ ਨਹੀਂ ਭੱਜ ਸਕਦੀ ਹੈ। ਸਰਕਾਰ ਥੋੜ੍ਹੇ ਸਮੇਂ ਲਈ ਮਨੀਪੁਰ ਮੁੱਦੇ ’ਤੇ ਚਰਚਾ ਕਰਾਉਣ ਲਈ ਰਾਜ਼ੀ ਹੈ ਅਤੇ ਉਸ ਦਾ ਜਵਾਬ ਵੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇਣਗੇ ਪਰ ਵਿਰੋਧੀ ਧਿਰ ਇਸ ਗੱਲ ’ਤੇ ਅੜੀ ਹੋਈ ਹੈ ਕਿ ਪ੍ਰਧਾਨ ਮੰਤਰੀ ਪਹਿਲਾਂ ਬਿਆਨ ਦੇਣ। ਕਾਂਗਰਸ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਕਿਹਾ ਕਿ ਵਿਰੋਧੀ ਧਿਰਾਂ ਮਨੀਪੁਰ ਦੇ ਲੋਕਾਂ ਅਤੇ ਦੇਸ਼ ਦੀਆਂ ਭਾਵਨਾਵਾਂ ਨੂੰ ਦਰਸਾ ਰਹੀਆਂ ਹਨ। ਜੈਰਾਮ ਰਮੇਸ਼ ਨੇ ਟਵੀਟ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਸਦਨ ਅੰਦਰ ਬੋਲਣ ਤੋਂ ਕਿਉਂ ਭੱਜ ਰਹੇ ਹਨ। -ਪੀਟੀਆਈ

Advertisement
Author Image

Advertisement