ਤਿਰੰਗਾ ਯਾਤਰਾ ਰਾਹੀਂ ‘ਆਪ’ ਅੱਜ ਤੋਂ ਜੀਂਦ ਵਿੱਚ ਸ਼ੁਰੂ ਕਰੇਗੀ ਚੋਣ ਪ੍ਰਚਾਰ
ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 7 ਜੂਨ
ਆਮ ਆਦਮੀ ਪਾਰਟੀ ਨੇ ਦਿੱਲੀ ਤੇ ਪੰਜਾਬ ਵਿੱਚ ਜਿੱਤ ਹਾਸਲ ਕਰਨ ਤੋਂ ਬਾਅਦ ਹਰਿਆਣਾ ‘ਚ ਵੀ ਸਿਆਸੀ ਜ਼ਮੀਨ ਨੂੰ ਮਜ਼ਬੂਤ ਕਰਨ ਲਈ ਤਿਆਰੀ ਸ਼ੁਰੂ ਕਰ ਦਿੱਤੀ ਹੈ। ਇਸੇ ਲਈ ‘ਆਪ’ ਵੱਲੋਂ ਜੀਂਦ ਵਿੱਚ ਤਿਰੰਗਾ ਯਾਤਰਾ ਰਾਹੀਂ ਸਾਲ 2024 ਦੀ ਚੋਣਾਂ ਲਈ ਪ੍ਰਚਾਰ ਮੁਹਿੰਮ ਸ਼ੁਰੂ ਕੀਤੀ ਜਾਵੇਗੀ। ਇਹ ਤਿਰੰਗਾ ਯਾਤਰਾ 8 ਜੂਨ ਨੂੰ ਕੱਢੀ ਜਾ ਰਹੀ ਹੈ, ਜਿਸ ਵਿੱਚ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਣੇ ਪਾਰਟੀ ਦੇ ਸੀਨੀਅਰ ਆਗੂ ਸ਼ਾਮਲ ਹੋ ਰਹੇ ਹਨ। ਇਸ ਗੱਲ ਦਾ ਪ੍ਰਗਟਾਵਾ ‘ਆਪ’ ਹਰਿਆਣਾ ਦੇ ਪ੍ਰਧਾਨ ਡਾ. ਸੁਸ਼ੀਲ ਗੁਪਤਾ, ਸੀਨੀਅਰ ਮੀਤ ਪ੍ਰਧਾਨ ਅਨੁਰਾਗ ਢਾਂਡਾ, ਸੂਬਾ ਪ੍ਰਚਾਰ ਕਮੇਟੀ ਦੇ ਪ੍ਰਧਾਨ ਅਸ਼ੋਕ ਤੰਵਰ ਤੇ ਮੀਤ ਪ੍ਰਧਾਨ ਚਿੱਤਰਾ ਸਰਵਾਰਾ ਨੇ ਅੱਜ ਚੰਡੀਗੜ੍ਹ ਪ੍ਰੈੱਸ ਕਲੱਬ ਵਿੱਚ ਕੀਤਾ। ਡਾ. ਗੁਪਤਾ ਨੇ ਕਿਹਾ ਕਿ ਭਾਜਪਾ ਦੇ ਰਾਜ ਦੌਰਾਨ ਹਰਿਆਣਾ ‘ਚ ਭ੍ਰਿਸ਼ਟਾਚਾਰ, ਅਪਰਾਧ ਤੇ ਨਸ਼ਿਆਂ ਦਾ ਪਸਾਰ ਲਗਾਤਾਰ ਵਧਦਾ ਜਾ ਰਿਹਾ ਹੈ। ‘ਆਪ’ ਵੱਲੋਂ ਤਿਰੰਗਾ ਯਾਤਰਾ ਰਾਹੀ ਭ੍ਰਿਸ਼ਟਾਚਾਰ, ਅਪਰਾਧ ਤੇ ਨਸ਼ਿਆਂ ਦਾ ਪਿੰਡਦਾਨ ਕੀਤਾ ਜਾਵੇਗਾ। ਹਰਿਆਣਾ ‘ਚ ਵਿੱਚ ਦਿੱਲੀ ਤੇ ਪੰਜਾਬ ਦੀ ਤਰਜ਼ ‘ਤੇ ਸਿਹਤ ਤੇ ਸਿੱਖਿਆ ਖੇਤਰ ਦਾ ਸੁਧਾਰ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨੇ ਕਿਸਾਨ ਅੰਦੋਲਨ ਦੌਰਾਨ ਐੱਮਐੱਸਪੀ ‘ਤੇ ਕਾਨੂੰਨੀ ਗਾਰੰਟੀ ਦੇਣ ਦਾ ਵਾਅਦਾ ਕੀਤਾ ਸੀ, ਪਰ ਅੱਜ ਤੱਕ ਐੱਮਐੱਸਪੀ ‘ਤੇ ਕਾਨੂੰਨੀ ਗਾਰੰਟੀ ਨਹੀਂ ਦਿੱਤੀ ਜਾ ਸਕੀ ਹੈ। ਦੂਜੇ ਪਾਸੇ ਕੁਰੂਕਸ਼ੇਤਰ ‘ਚ ਸੂਰਜਮੁਖੀ ‘ਤੇ ਐੱਮਐੱਸਪੀ ਦੀ ਮੰਗ ਕਰ ਰਹੇ ਕਿਸਾਨਾਂ ‘ਤੇ ਲਾਠੀਚਾਰਜ ਕੀਤਾ ਜਾ ਰਿਹਾ ਹੈ। ਸੀਨੀਅਰ ਮੀਤ ਪ੍ਰਧਾਨ ਅਨੁਰਾਗ ਢਾਂਡਾ ਨੇ ਕਿਹਾ ਕਿ ਹਰਿਆਣਾ ‘ਚ ਭਾਜਪਾ ਨੇ ਕਿਸਾਨਾਂ ਨਾਲ ਵਾਅਦਾਖ਼ਿਲਾਫ਼ੀ ਕੀਤੀ ਹੈ। ਪ੍ਰਚਾਰ ਕਮੇਟੀ ਦੇ ਪ੍ਰਧਾਨ ਅਸ਼ੋਕ ਤੰਵਰ ਨੇ ਕਿਹਾ ਕਿ ‘ਆਪ’ ਦੀ ਸਰਕਾਰ ਬਣਨ ‘ਤੇ ਸਾਰੇ ਵਰਗਾਂ ਦਾ ਵਿਕਾਸ ਕੀਤਾ ਜਾਵੇਗਾ।
ਹਰ ਸੂਬੇ ਨੂੰ ਪਾਣੀ ਮਿਲਣਾ ਚਾਹੀਦਾ: ਡਾ. ਗੁਪਤਾ
‘ਆਪ’ ਹਰਿਆਣਾ ਦੇ ਪ੍ਰਧਾਨ ਡਾ. ਸੁਸ਼ੀਲ ਗੁਪਤਾ ਨੇ ਕਿਹਾ ਕਿ ਦੇਸ਼ ਦੇ ਹਰੇਕ ਸੂਬੇ ਨੂੰ ਪਾਣੀ ਮਿਲਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪਾਣੀਆਂ ਦੀ ਵੰਡ ਬਾਰੇ ਫੈਸਲਾ ਕੇਂਦਰ ਸਰਕਾਰ ਨੇ ਲੈਣਾ ਹੈ। ਇਸ ਲਈ ਕੇਂਦਰ ਸਰਕਾਰ ਖੁਦ ਫ਼ੈਸਲਾ ਲਵੇ ਅਤੇ ਸੂਬਿਆਂ ਨੂੰ ਲੜਾਉਣਾ ਬੰਦ ਕਰੇ। ਉਨ੍ਹਾਂ ਕਿਹਾ ਕਿ ਸੁਪਰੀਮ ਕੋਰਟ ਨੇ ਵੀ ਕੇਂਦਰ ਸਰਕਾਰ ਨੂੰ ਪਾਣੀਆਂ ਦੇ ਮਾਮਲੇ ਦਾ ਹੱਲ ਕੱਢਣ ਦੇ ਆਦੇਸ਼ ਦਿੱਤੇ ਹਨ।