ਫਗਵਾੜਾ ਵਿੱਚ ਬਣੇਗਾ ‘ਆਪ’ ਦਾ ਮੇਅਰ: ਚੱਬੇਵਾਲ
ਜਸਬੀਰ ਚਾਨਾ
ਫਗਵਾੜਾ, 17 ਦਸੰਬਰ
ਨਗਰ ਨਿਗਮ ਚੋਣਾਂ ਲਈ ਆਮ ਆਦਮੀ ਪਾਰਟੀ ਵੱਲੋਂ ਵੱਖ ਵੱਖ ਥਾਵਾਂ ’ਤੇ ਚੋਣ ਰੈਲੀਆਂ ਕੀਤੀਆਂ ਗਈਆਂ। ਵਾਰਡ ਨੰਬਰ 48 ਤੋਂ ਪਾਰਟੀ ਉਮੀਦਵਾਰ ਜਤਿੰਦਰ ਨਾਹਰ ਦੇ ਹੱਕ ’ਚ ਚੋਣ ਮੀਟਿੰਗ ਕੀਤੀ ਗਈ।
ਇਸ ਮੌਕੇ ਸੰਸਦ ਮੈਂਬਰ ਡਾ. ਰਾਜ ਕੁਮਾਰ ਚੱਬੇਵਾਲ ਨੇ ਕਿਹਾ ਕਿ ਫਗਵਾੜਾ ਵਾਸੀਆਂ ਦਾ ਆਮ ਆਦਮੀ ਪਾਰਟੀ ਪ੍ਰਤੀ ਉਤਸ਼ਾਹ ਦੇਖ ਕੇ ਸਪੱਸ਼ਟ ਹੈ ਕਿ ਇਸ ਵਾਰ ਫਗਵਾੜਾ ’ਚ ਆਮ ਆਦਮੀ ਪਾਰਟੀ ਦਾ ਹੀ ਮੇਅਰ ਬਣੇਗਾ।
ਉਨ੍ਹਾਂ ਕਿਹਾ ਕਿ ਆਪ ਨੇ ਪਿਛਲੇ ਢਾਈ ਸਾਲ ’ਚ ਜੋ ਵਿਕਾਸ ਕਰਵਾਇਆ ਹੈ ਅਤੇ ਲੋਕ ਹਿਤ ’ਚ ਨੀਤੀਆਂ ਬਣਾ ਕੇ ਲਾਗੂ ਕੀਤੀਆਂ ਹਨ, ਉਸ ਨੂੰ ਦੇਖਦਿਆਂ ਫਗਵਾੜਾ ਦੇ ਵੋਟਰ ‘ਆਪ’ ਉਮੀਦਵਾਰਾਂ ਦੇ ਹੱਕ ’ਚ ਵੋਟਾਂ ਭੁਗਤਾਉਣਗੇ। ਡਾ. ਚੱਬੇਵਾਲ ਨੇ ਕਿਹਾ ਕਿ ‘ਆਪ’ ਫਗਵਾੜਾ ਨਿਗਮ ਚੋਣਾਂ ਜਿੱਤਣ ਤੋਂ ਬਾਅਦ ਇਸ ਉਦਯੋਗਿਕ ਸ਼ਹਿਰ ਦੇ ਵਿਕਾਸ ’ਚ ਕੋਈ ਕਸਰ ਬਾਕੀ ਨਹੀਂ ਛੱਡੇਗੀ।
ਇਸ ਦੌਰਾਨ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਮੈਡਮ ਲਲਿਤ ਸਕਲਾਨੀ, ਨਗਰ ਸੁਧਾਰ ਟਰੱਸਟ ਫਗਵਾੜਾ ਦੇ ਚੇਅਰਮੈਨ ਐਡਵੋਕੇਟ ਕਸ਼ਮੀਰ ਸਿੰਘ ਮੱਲ੍ਹੀ, ਮਾਰਕੀਟ ਕਮੇਟੀ ਫਗਵਾੜਾ ਦੇ ਚੇਅਰਮੈਨ ਤਵਿੰਦਰ ਰਾਮ, ਐੱਸਸੀ ਵਿੰਗ ਜਿਲ੍ਹਾ ਕਪੂਰਥਲਾ ਦੇ ਪ੍ਰਧਾਨ ਸੰਤੋਸ਼ ਕੁਮਾਰ ਗੋਗੀ ਤੇ ਜਸਪਾਲ ਸਿੰਘ ਪੰਡੋਰੀ ਆਦਿ ਸਣੇ ਵੱਡੀ ਗਿਣਤੀ ’ਚ ਸਮਰਥਕ ਸ਼ਾਮਿਲ ਸਨ।
ਵਿਧਾਇਕ ਇਸ਼ਾਂਕ ਕੁਮਾਰ ਵੱਲੋਂ ਘਰ-ਘਰ ਪ੍ਰਚਾਰ
ਫਗਵਾੜਾ (ਪੱਤਰ ਪ੍ਰੇਰਕ): ਚੱਬੇਵਾਲ ਦੇ ਵਿਧਾਇਕ ਡਾ. ਇਸ਼ਾਂਕ ਕੁਮਾਰ ਨੇ ਨਗਰ ਨਿਗਮ ਚੋਣਾਂ ਲਈ ਅੱਜ ਸ਼ਹਿਰ ਦੇ ਵੱਖ-ਵੱਖ ਵਾਰਡਾਂ ’ਚ ਚੋਣ ਪ੍ਰਚਾਰ ਕੀਤਾ। ਉਨ੍ਹਾਂ ਵੱਖ-ਵੱਖ ਵਾਰਡਾਂ ’ਚ ਜਾ ਕੇ ਲੋਕਾਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਪਾਰਟੀ ਦੀਆਂ ਨੀਤੀਆਂ ਤੋਂ ਜਾਣੂ ਕਰਵਾਇਆ। ਉਨ੍ਹਾਂ ਕਿਹਾ ਕਿ ਜੇਕਰ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਜਿੱਤ ਮਿਲਦੀ ਹੈ ਤਾਂ ਫਗਵਾੜਾ ਦੇ ਹਰ ਵਾਰਡ ’ਚ ਬੁਨਿਆਦੀ ਸਹੂਲਤਾਂ ਨੂੰ ਬਿਹਤਰ ਬਣਾਉਣ ਲਈ ਉਪਰਾਲੇ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਫਗਵਾੜਾ ਦੇ ਪਾਣੀ, ਬਿਜਲੀ, ਸਫ਼ਾਈ ਤੇ ਸੜਕਾਂ ਵਰਗੀਆਂ ਮੁਢਲੀਆਂ ਸਹੂਲਤਾਂ ਨੂੰ ਸੁਧਾਰਨ ਲਈ ਇੱਕ ਵਿਸ਼ੇਸ਼ ਰਣਨੀਤੀ ਤਿਆਰ ਕੀਤੀ ਗਈ ਹੈ। ਡਾ. ਇਸ਼ਾਂਕ ਨੇ ਵਾਰਡ ਨੰਬਰ 34 ਦੇ ਨਿਵਾਸੀਆਂ ਦੇ ਘਰ ਘਰ ਜਾ ਕੇ ਪਾਰਟੀ ਦੇ ਉਮੀਦਵਾਰ ਚਮਨ ਲਾਲ ਨੂੰ ਆਪਣਾ ਸਮਰਥਨ ਦੇ ਕੇ ਨਗਰ ਨਿਗਮ ’ਚ ਇੱਕ ਇਮਾਨਦਾਰ ਪ੍ਰਸ਼ਾਸਨ ਨੂੰ ਲਿਆਉਣ ’ਚ ਆਪਣੀ ਭਾਗੀਦਾਰੀ ਨਿਭਾਉਣ ਦੀ ਅਪੀਲ ਕੀਤੀ । ਇਸ ਦੌਰਾਨ ਉਨ੍ਹਾਂ ਲੋਕਾਂ ਦੀਆਂ ਸਮੱਸਿਆਵਾਂ ਵੀ ਸੁਣੀਆਂ।