For the best experience, open
https://m.punjabitribuneonline.com
on your mobile browser.
Advertisement

ਜਲੰਧਰ ਵਿੱਚ ‘ਆਪ’ ਵੱਲੋਂ ਮੇਅਰ ਬਣਾਉਣ ਲਈ ਜੋੜ-ਤੋੜ ਸ਼ੁਰੂ

04:10 AM Dec 23, 2024 IST
ਜਲੰਧਰ ਵਿੱਚ ‘ਆਪ’ ਵੱਲੋਂ ਮੇਅਰ ਬਣਾਉਣ ਲਈ ਜੋੜ ਤੋੜ ਸ਼ੁਰੂ
ਜਲੰਧਰ ਵਿੱਚ ਜਿੱਤ ਦੀ ਖੁਸ਼ੀ ਮਨਾਉਦੇ ਹੋਏ ‘ਆਪ’ ਵਰਕਰ।
Advertisement

ਹਤਿੰਦਰ ਮਹਿਤਾ
ਜਲੰਧਰ, 22 ਦਸੰਬਰ
ਜਲੰਧਰ ਨਗਰ ਨਿਗਮ ਦੀ ਚੋਣ ਵਿੱਚ ਕਿਸੇ ਪਾਰਟੀ ਨੂੰ ਸਪੱਸ਼ਟ ਬਹੁਮਤ ਨਾ ਮਿਲਣ ਕਾਰਨ ‘ਆਪ’ ਵੱਲੋਂ ਜੋੜ-ਤੋੜ ਸ਼ੁਰੂ ਕਰ ਕੇ ਮੇਅਰ ਬਣਾਉਣ ਦੀ ਕੋਸ਼ਿਸ਼ ਸ਼ੁਰੂ ਕੀਤੀ ਜਾ ਰਹੀ ਹੈ ਕਿਉਂਕਿ ‘ਆਪ’ 85 ਵਿੱਚੋਂ 38 ਸੀਟਾਂ ਲੈ ਕੇ ਸਭ ਤੋਂ ਵੱਡੀ ਪਾਰਟੀ ਬਣੀ ਹੈ। ਇਸੇ ਤਰ੍ਹਾਂ ਕਾਂਗਰਸ ਨੇ 25, ਬੀਜੇਪੀ ਨੇ 19, ਆਜ਼ਾਦ ਨੇ 2 ਅਤੇ ਬਸਪਾ ਨੇ 1 ਸੀਟ ’ਤੇ ਜਿੱਤ ਪ੍ਰਾਪਤ ਕੀਤੀ ਹੈ। ‘ਆਪ’ ਵੱਲੋਂ ਦੂਜੀ ਪਾਰਟੀਆਂ ਤੋਂ ਛੱਡ ਕੇ ਆਏ ਆਗੂਆਂ ਨੂੰ ਟਿਕਟ ਦੇਣੀ ਮਹਿੰਗੀ ਪਈ ਹੈ। ਜਿਵੇਂ ਕਾਂਗਰਸ ਨੂੰ ਛੱਡ ਕੇ ਆਏ ਸਾਬਕਾ ਮੇਅਰ ਜਗਦੀਸ਼ ਰਾਜਾ ਤੇ ਉਨ੍ਹਾਂ ਦੀ ਪਤਨੀ (ਦੋਵੇਂ ‘ਆਪ’ ਵੱਲੋਂ ਚੋਣ ਲੜ ਰਹੇ ਹਨ) ਚੋਣ ਹਾਰ ਗਏ ਹਨ। ਵੱਖ-ਵੱਖ ਵਿਧਾਨ ਸਭਾ ਹਲਕਿਆਂ ਤੋਂ ਪਾਰਟੀਆਂ ਦੀ ਸਥਿਤੀ ਇਸ ਤਰ੍ਹਾਂ ਰਹੀ ਹੈ। ਹਲਕਾ ਜਲੰਧਰ ਛਾਉਣੀ ਵਿੱਚ ਕੁੱਲ ਵਾਰਡ 14 ਹਨ ਜਿਸ ਵਿੱਚ ‘ਆਪ’ ਨੇ 8, ਕਾਂਗਰਸ ਨੇ 4, ਭਾਜਪਾ ਨੇ 2, ਹਲਕਾ ਜਲੰਧਰ ਕੇਂਦਰੀ ਵਿੱਚ ਕੁੱਲ 23 ਵਾਰਡਾਂ ਵਿੱਚੋਂ ‘ਆਪ’ ਨੇ 9, ਕਾਂਗਰਸ ਨੇ 10, ਭਾਜਪਾ ਨੇ 4, ਹਲਕਾ ਜਲੰਧਰ ਪੱਛਮੀ ਕੁੱਲ 24 ਵਾਰਡਾਂ ਵਿੱਚੋਂ ‘ਆਪ’ ਨੇ 10, ਭਾਜਪਾ ਨੇ 8, ਕਾਂਗਰਸ ਨੇ 4, ਬਸਪਾ ਨੇ ਇੱਕ ਅਤੇ ਆਜ਼ਾਦ ਨੇ ਇੱਕ ਹਲਕਾ ਜਲੰਧਰ ਉੱਤਰੀ ਦੇ 24 ਵਾਰਡਾਂ ਵਿੱਚੋਂ ‘ਆਪ’ ਨੇ 11, ਕਾਂਗਰਸ ਨੇ 7, ਭਾਜਪਾ ਨੇ 5 ਅਤੇ ਇੱਕ ਆਜ਼ਾਦ ਉਮੀਦਵਾਰ ਨੇ ਜਿੱਤ ਪ੍ਰਾਪਤ ਕੀਤੀ ਹੈ।

Advertisement

ਬੇਟਾ ਚੋਣ ਹਾਰ ਗਿਆ, ਪਿਤਾ ਜ਼ਿੰਦਗੀ ਤੋਂ

ਵਾਰਡ 26 ਤੋਂ ਭਾਜਪਾ ਦੀ ਤਰਫੋਂ ਚੋਣ ਲੜ ਰਹੇ ਬ੍ਰਿਜ ਮੋਹਨ ਗੁਪਤਾ ਨੂੰ ਕਾਂਗਰਸ ਦੇ ਵਿਕਾਸ ਤਲਵਾੜ ਨੇ ਹਰਾਇਆ। ਜਿਵੇਂ ਹੀ ਪਿਤਾ ਸਰਦਾਰੀ ਲਾਲ ਗੁਪਤਾ ਨੂੰ ਇਹ ਖ਼ਬਰ ਮਿਲੀ ਤਾਂ ਉਨ੍ਹਾਂ ਦੀ ਮੌਤ ਹੋ ਗਈ। ਇਸ ਦੌਰਾਨ ਬ੍ਰਿਜ ਮੋਹਨ ਗੁਪਤਾ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਪਿਤਾ ਸਰਦਾਰੀ ਲਾਲ ਗੁਪਤਾ ਕਾਫੀ ਸਮੇਂ ਤੋਂ ਬਿਮਾਰ ਸਨ ਅਤੇ ਪੂਰਾ ਪਰਿਵਾਰ ਉਨ੍ਹਾਂ ਦੀ ਘਰ ’ਚ ਹੀ ਸੇਵਾ ਕਰਦਾ ਸੀ। ਇਹ ਸਿਰਫ਼ ਇੱਕ ਬਹਾਨਾ ਹੈ ਕਿ ਉਹ ਚੋਣ ਹਾਰ ਗਿਆ ਅਤੇ ਉਸਦੇ ਪਿਤਾ ਦੀ ਜਾਨ ਚਲੀ ਗਈ। ਉਨ੍ਹਾਂ ਕਿਹਾ ਕਿ ਜਿੱਤ-ਹਾਰ ਜ਼ਿੰਦਗੀ ਦਾ ਹਿੱਸਾ ਹਨ। ਉਹ ਹਮੇਸ਼ਾਂ ਆਪਣੇ ਪਿਤਾ ਦੇ ਨਕਸ਼ੇ-ਕਦਮਾਂ ’ਤੇ ਚੱਲਦੇ ਰਹਿਣਗੇ।

ਟਿਕਟ ਕੱਟਣ ਦੇ ਬਾਵਜੂਦ ਆਜ਼ਾਦ ਤੌਰ ’ਤੇ ਜਿੱਤੇ ਤਰਸੇਮ ਲਖੋਤਰਾ

ਜਲੰਧਰ: ਵਿਧਾਨ ਸਭਾ ਦੀ ਜ਼ਿਮਨੀ ਚੋਣ ਦੌਰਾਨ ਕਾਂਗਰਸ ਦੇ ਸਾਬਕਾ ਕੌਂਸਲਰ ਤਰਸੇਮ ਲਖੋਤਰਾ ਆਮ ਆਦਮੀ ਪਾਰਟੀ ’ਚ ਸ਼ਾਮਲ ਹੋ ਗਏ ਸਨ ਤੇ ਉਨ੍ਹਾਂ ਨੇ ਜਲੰਧਰ ਪੱਛਮੀ ਤੋਂ ਵਿਧਾਇਕ ਮਹਿੰਦਰ ਭਗਤ ਲਈ ਚੋਣਾਂ ਦੌਰਾਨ ਕਾਫੀ ਪ੍ਰਚਾਰ ਕਰ ਕੇ ਉਨ੍ਹਾਂ ਦੀ ਜਿੱਤ ’ਚ ਅਹਿਮ ਭੂਮਿਕਾ ਨਿਭਾਈ ਸੀ। ਨਗਰ ਨਿਗਮ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਨੇ ਉਨ੍ਹਾਂ ਨੂੰ ਵਾਰਡ ਨੰਬਰ 46 ਤੋਂ ਆਪਣਾ ਉਮੀਦਵਾਰ ਐਲਾਨਿਆ ਗਿਆ ਸੀ, ਪਰ ਮੌਕੇ ’ਤੇ ਆ ਕੇ ਉਨ੍ਹਾਂ ਦੀ ਟਿਕਟ ਕੱਟ ਕੇ ਰਜਨੀਸ਼ ਭਗਤ ਨੂੰ ਦੇ ਦਿੱਤੀ ਗਈ ਜਿਸ ਦੇ ਵਿਰੋਧ ’ਚ ਸਾਬਕਾ ਕੌਂਸਲਰ ਤਰਸੇਮ ਲਖੋਤਰਾ ਨੇ ਆਜ਼ਾਦ ਚੋਣਾਂ ਲੜਨ ਦਾ ਫ਼ੈਸਲਾ ਕੀਤਾ ਸੀ। ਸ਼ਨਿਚਰਵਾਰ ਨੂੰ ਹੋਈਆਂ ਨਗਰ ਨਿਗਮ ਚੋਣਾਂ ਦੌਰਾਨ ਉਨ੍ਹਾਂ ਆਮ ਆਦਮੀ ਪਾਰਟੀ ਦੇ ਚਾਚਾ ਰਜਨੀਸ਼ ਭਗਤ ਤੇ ਭਾਜਪਾ ਦੇ ਕੁਲਦੀਪ ਦੀਪੂ ਨੂੰ ਪਿੱਛੇ ਛੱਡਦਿਆਂ 1940 ਵੋਟਾਂ ਪ੍ਰਾਪਤ ਕਰਕੇ ਜਿੱਤ ਪ੍ਰਾਪਤ ਕੀਤੀ। ਕੌਂਸਲਰ ਤਰਸੇਮ ਲਖੋਤਰਾ ਨੇ ਕਿਹਾ ਕਿ ਅੱਜ ਦੀ ਇਹ ਜਿੱਤ ਵਾਰਡ ਨੰਬਰ 46 ਦੇ ਵੋਟਰਾਂ ਦੀ ਜਿੱਤ ਹੈ। ਉਹ ਲੋਕਾਂ ਵੱਲੋਂ ਮਿਲੇ ਪਿਆਰ ਨੂੰ ਖਿੜ੍ਹੇ ਮੱਥੇ ਕਬੂਲ ਕਰਦੇ ਹਨ ਤੇ ਉਨ੍ਹਾਂ ਦੀਆਂ ਆਸਾਂ ’ਤੇ ਪਹਿਲਾਂ ਵਾਂਗ ਖਰ੍ਹਾ ਉਤਰਨ ਦੇ ਯਤਨ ਕਰਨਗੇ। -ਪੱਤਰ ਪ੍ਰੇਰਕ

ਮਹਿੰਦਰ ਭਗਤ ਵੱਲੋਂ ਵੋਟਰਾਂ ਤੇ ਪਾਰਟੀ ਵਰਕਰਾਂ ਦਾ ਧੰਨਵਾਦ

ਨਗਰ ਨਿਗਮ ਦੇ 85 ਵਾਰਡਾਂ ’ਚ ਹੋਈਆਂ ਚੋਣਾਂ ’ਚ ਆਮ ਆਦਮੀ ਪਾਰਟੀ ਦੇ 38 ਉਮੀਦਵਾਰ ਜੇਤੂ ਰਹੇ ਹਨ। ਇਸ ਲਈ ਜਲੰਧਰ ਪੱਛਮੀ ਦੇ ਵਿਧਾਇਕ ਤੇ ਪੰਜਾਬ ਦੇ ਕੈਬਨਿਟ ਮੰਤਰੀ ਮਹਿੰਦਰ ਭਗਤ ਨੇ ਵੋਟਰਾਂ ਦਾ ਧੰਨਵਾਦ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਜਿੱਤ ’ਚ ਜਿੱਥੇ ਪਾਰਟੀ ਦੇ ਵੱਡੇ ਆਗੂਆਂ ਦਾ ਹੱਥ ਹੈ, ਉੱਥੇ ਹੀ ਬੂਥ ਲੈਵਲ ਵਰਕਰਾਂ ਦੀ ਸਖ਼ਤ ਮਿਹਨਤ ਵੀ ਸ਼ਾਮਲ ਹੈ, ਜਿਨ੍ਹਾਂ ਨੇ ਇੰਨੇ ਦਿਨ ਪਾਰਟੀ ਦਾ ਪ੍ਰਚਾਰ ਕੀਤਾ। ਲੋਕਾਂ ਨੂੰ ਵੋਟਾਂ ਪਾਉਣ ਲਈ ਵੱਡੀ ਗਿਣਤੀ ’ਚ ਘਰਾਂ ਤੋਂ ਬਾਹਰ ਆਉਣ ਲਈ ਕਿਹਾ ਗਿਆ। ਕੈਬਨਿਟ ਮੰਤਰੀ ਨੇ ਮਹਿੰਦਰ ਭਗਤ ਨੇ ਚੋਣਾਂ ਨੂੰ ਅਮਨ-ਅਮਾਨ ਨਾਲ ਕਰਵਾਉਣ ਲਈ ਪੁਲੀਸ ਤੇ ਚੋਣ ਕਮਿਸ਼ਨ ਦਾ ਧੰਨਵਾਦ ਵੀ ਕੀਤਾ। ਉਨ੍ਹਾਂ ਸਮੂਹ ਪਾਰਟੀ ਵਰਕਰਾਂ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਵੀ ਕੀਤਾ। ਮਹਿੰਦਰ ਭਗਤ ਨੇ ਵੀ ਵੋਟਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਜਲੰਧਰ ਦੇ ਵੋਟਰਾਂ ਦਾ ਇੰਨੀ ਵੱਡੀ ਗਿਣਤੀ ’ਚ ਪਾਰਟੀ ਉਮੀਦਵਾਰਾਂ ਨੂੰ ਜਿਤਾਉਣ ਲਈ ਧੰਨਵਾਦੀ ਹਨ ਤੇ ਉਮੀਦ ਕਰਦੇ ਹਨ ਕਿ ਜੇਤੂ ਉਮੀਦਵਾਰ ਲੋਕਾਂ ਦੀਆਂ ਉਮੀਦਾਂ ’ਤੇ ਖਰਾ ਉਤਰਨਗੇ। ਸ਼ਹਿਰ ਦੇ ਲੋਕਾਂ ਨੂੰ ਪੀਣ ਵਾਲੇ ਸਾਫ਼ ਪਾਣੀ ਤੇ ਸੀਵਰੇਜ ਦੀ ਸਮੱਸਿਆ ਵੀ ਹੱਲ ਕੀਤੀ ਜਾਵੇਗੀ। ਉਨ੍ਹਾਂ ਨੇ ਜੇਤੂ ਉਮੀਦਵਾਰਾਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ।

Advertisement
Advertisement
Author Image

Jasvir Kaur

View all posts

Advertisement