ਭ੍ਰਿਸ਼ਟਾਚਾਰ ਤੋਂ ਧਿਆਨ ਭਟਕਾਉਣ ਲਈ ‘ਆਪ’ ਕਰ ਰਹੀ ਹੈ ਡਰਾਮਾ: ਸਚਦੇਵਾ
ਨਵੀਂ ਦਿੱਲੀ, 8 ਜਨਵਰੀ
ਭਾਜਪਾ ਨੇ ਆਮ ਆਦਮੀ ਪਾਰਟੀ ਦੇ ਆਗੂਆਂ ਰਾਜ ਸਭਾ ਮੈਂਬਰ ਸੰਜੈ ਸਿੰਘ ਅਤੇ ਸੌਰਭ ਭਾਰਦਵਾਜ ’ਤੇ ਦੋਸ਼ ਲਾਇਆ ਕਿ ਉਹ ‘ਸ਼ੀਸ਼ ਮਹਿਲ’ ਨਾਲ ਜੁੜੇ ਭ੍ਰਿਸ਼ਟਾਚਾਰ ਤੋਂ ਧਿਆਨ ਭਟਕਾਉਣ ਲਈ ਬੰਗਲੇ ਦਾ ਦੌਰਾ ਕਰਨ ਦਾ ਨਾਟਕ ਕਰ ਰਹੇ ਹਨ, ਜਦੋਂਕਿ ਅਗਾਮੀ ਵਿਧਾਨ ਸਭਾ ਚੋਣਾਂ ਲਈ ਆਦਰਸ਼ ਚੋਣ ਜ਼ਾਬਤਾ ਲਾਗੂ ਹੋ ਗਿਆ ਹੈ।
ਭਾਜਪਾ ਦੇ ਦਿੱਲੀ ਇਕਾਈ ਦੇ ਪ੍ਰਧਾਨ ਵਰਿੰਦਰ ਸਚਦੇਵਾ ਨੇ ਕਿਹਾ ਕਿ ‘ਆਪ’ ਆਗੂ ਸੰਜੈ ਸਿੰਘ ਅਤੇ ਸੌਰਭ ਭਾਰਦਵਾਜ ਪਹਿਲਾਂ ਸ਼ੀਸ਼ ਮਹਿਲ ਕਿਉਂ ਨਹੀਂ ਗਏ। ਹੁਣ ਇਨ੍ਹਾਂ ਨੂੰ ਸ਼ੀਸ਼ ਮਹਿਲ ਯਾਦ ਆ ਗਿਆ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਆਗੂ ਨਾਟਕ ਕਰ ਰਹੇ ਹਨ। ਭਾਜਪਾ ਆਗੂ ਨੇ ਅੱਜ ਦਿੱਲੀ ਦੀ ਮੁੱਖ ਮੰਤਰੀ ਆਤਿਸ਼ੀ ਨੂੰ ਮਿਲੇ ਏਬੀ 17 ਮਥੁਰਾ ਰੋਡ ਬੰਗਲੇ ਦਾ ਦੌਰਾ ਕੀਤਾ। ਉਨ੍ਹਾਂ ਕਿਹਾ ਕਿ ਜਦੋਂ ਆਤਿਸ਼ੀ ਨੂੰ ਇਹ ਬੰਗਲਾ ਅਲਾਟ ਹੋਇਆ ਸੀ ਤਾਂ ਉਹ ਹੁਣ ਦੂਜਾ ਬੰਗਲਾ ਕਿਉਂ ਮੰਗ ਰਹੀ ਹੈ। ਜ਼ਿਕਰਯੋਗ ਹੈ ਕਿ ਆਤਿਸ਼ੀ ਨੇ ਮੰਗਲਵਾਰ ਨੂੰ ਦੋਸ਼ ਲਾਇਆ ਸੀ ਕਿ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੇ ਉਸ ਤੋਂ ਮੁੱਖ ਮੰਤਰੀ ਵਾਲਾ ਬੰਗਲਾ ਖੋਹ ਲਿਆ ਹੈ।
ਉਧਰ, ਪੀਡਬਲਿਊਡੀ ਵਿਭਾਗ ਅਨੁਸਾਰ ਆਤਿਸ਼ੀ ਨਿਰਧਾਰਿਤ ਸਮਾਂ ਸੀਮਾ ਵਿੱਚ ਬੰਗਲੇ ਦਾ ਕਬਜ਼ਾ ਲੈਣ ਵਿੱਚ ਅਸਫ਼ਲ ਰਹੀ ਹੈ। ਪੀਡਬਲਿਊਡੀ ਵਿਭਾਗ ਨੇ ਮੁੱਖ ਮੰਤਰੀ ਨੂੰ ਅਧਿਕਾਰਤ ਤੌਰ ’ਤੇ ਦੋ ਹੋਰ ਬੰਗਲੇ ਦੇਣ ਦੀ ਪੇਸ਼ਕਸ਼ ਕੀਤੀ ਹੈ। ਸਚਦੇਵਾ ਨੇ ਕਿਹਾ ਕਿ ਆਤਿਸ਼ੀ ਨੂੰ ਲੋਕਾਂ ਨੂੰ ਦੱਸਣਾ ਚਾਹੀਦਾ ਹੈ ਕਿ ਉਨ੍ਹਾਂ ਤਿੰਨ ਮਹੀਨਿਆਂ ਵਿੱਚ ਫਲੈਗਸਟਾਫ਼ ਰੋਡ ਸਥਿਤ ਬੰਗਲੇ ਦਾ ਕਬਜ਼ਾ ਕਿਉਂ ਨਹੀਂ ਲਿਆ ਅਤੇ ਹੁਣ ਦਾਅਵਾ ਕਰ ਰਹੀ ਹੈ ਕਿ ਉਨ੍ਹਾਂ ਦਾ ਬੰਗਲਾ ਰੱਦ ਕਰ ਦਿੱਤਾ ਗਿਆ ਹੈ। ਉਨ੍ਹਾਂ ਇਹ ਵੀ ਦੋਸ਼ ਲਗਾਇਆ ਕਿ ਆਤਿਸ਼ੀ ਆਪ ਏਬੀ 17 ਮਥੁਰਾ ਰੋਡ ਸਥਿਤ ਬੰਗਲੇ ਵਿੱਚ ਨਹੀਂ ਰਹਿੰਦੀ ਸੀ। ਸਚਦੇਵਾ ਨੇ ਸਵਾਲ ਕੀਤਾ ਕਿ ਇਹ ਉਹ ਬੰਗਲਾ ਹੈ ਜਿਸ ਵਿੱਚ 1998 ਤੋਂ 2004 ਤੱਕ ਦਿੱਲੀ ਦੀ ਮੁੱਖ ਮੰਤਰੀ ਵਜੋਂ ਸ਼ੀਲਾ ਦੀਕਸ਼ਿਤ ਰਹਿੰਦੀ ਸੀ।
ਆਤਿਸ਼ੀ ਇਸ ਵਿੱਚ ਕਿਉਂ ਨਹੀਂ ਰਹਿ ਸਕਦੀ। ਸਚਦੇਵਾ ਨੇ ਦੋਸ਼ ਲਗਾਇਆ ਕਿ ‘ਆਪ’ ਆਗੂ ਪ੍ਰਧਾਨ ਮੰਤਰੀ ਦੀ ਰਿਹਾਇਸ਼ ’ਤੇ ਸਵਾਲ ਚੁੱਕ ਕੇ ਹੋਛੀ ਰਾਜਨੀਤੀ ਕਰ ਰਹੇ ਹਨ ਤਾਂ ਜੋ ‘ਸ਼ੀਸ਼ ਮਹਿਲ’ ਨੂੰ ਮਿਲੀ ਬਦਨਾਮੀ ਤੋਂ ਧਿਆਨ ਭਟਕਾਇਆ ਜਾ ਸਕੇ। ਇਸ ਮੌਕੇ ਉਨ੍ਹਾਂ ਨਾਲ ਪਾਰਟੀ ਦੇ ਹੋਰ ਆਗੂ ਅਤੇ ਵਰਕਰ ਵੀ ਹਾਜ਼ਰ ਸਨ। -ਪੀਟੀਆਈ