For the best experience, open
https://m.punjabitribuneonline.com
on your mobile browser.
Advertisement

‘ਆਪ’ ਦੇ ਕੌਂਸਲਰਾਂ ਨੇ ਮੇਅਰ ਜੀਤੀ ਸਿੱਧੂ ਤੋਂ ਅਸਤੀਫ਼ਾ ਮੰਗਿਆ

07:57 AM Aug 10, 2024 IST
‘ਆਪ’ ਦੇ ਕੌਂਸਲਰਾਂ ਨੇ ਮੇਅਰ ਜੀਤੀ ਸਿੱਧੂ ਤੋਂ ਅਸਤੀਫ਼ਾ ਮੰਗਿਆ
‘ਆਪ’ ਦੇ ਕੌਂਸਲਰ ਅਤੇ ਵਾਲੰਟੀਅਰ ਇਕਜੁੱਟਤਾ ਦਾ ਪ੍ਰਗਟਾਵਾ ਕਰਦੇ ਹੋਏ।
Advertisement

ਦਰਸ਼ਨ ਸਿੰਘ ਸੋਢੀ
ਐਸਏਐਸ ਨਗਰ (ਮੁਹਾਲੀ), 9 ਅਗਸਤ
ਮੁਹਾਲੀ ਨਗਰ ਨਿਗਮ ਵਿੱਚ ਕਾਬਜ਼ ਧਿਰ ਅਤੇ ਵਿਰੋਧੀ ਧਿਰ ਦੇ ਕੌਂਸਲਰਾਂ ਵਿਚਾਲੇ ਸਿਆਸਤ ਭਖ ਗਈ ਹੈ। ‘ਆਪ’ ਦੇ ਕੌਂਸਲਰਾਂ ਨੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਦਾ ਅਸਤੀਫ਼ਾ ਮੰਗਦਿਆਂ ਕਿਹਾ ਕਿ ਉਹ ਨਿਗਮ ਨੂੰ ਚਲਾਉਣ ਦੇ ਸਮਰੱਥ ਨਹੀਂ ਹਨ। ਕੱਲ੍ਹ ਮਸ਼ੀਨੀ ਸਫ਼ਾਈ ਦੇ ਮੁੱਦੇ ’ਤੇ ਮੇਅਰ ਜੀਤੀ ਸਿੱਧੂ ਨੇ ਆਪਣੀ ਟਿੱਪਣੀ ਵਿੱਚ ‘ਆਪ’ ਵਿਧਾਇਕ ਕੁਲਵੰਤ ਸਿੰਘ ’ਤੇ ਨਗਰ ਨਿਗਮ ਦੇ ਕੰਮਾਂ ਵਿੱਚ ਗ਼ਲਤ ਦਖ਼ਲਅੰਦਾਜ਼ੀ ਕਰਨ ਤੇ ਸ਼ਹਿਰ ਦੇ ਵਿਕਾਸ ਵਿੱਚ ਦਿੱਕਤਾਂ ਖੜ੍ਹੀਆਂ ਕਰਨ ਦਾ ਦੋਸ਼ ਲਾਇਆ ਸੀ।
ਪੱਤਰਕਾਰ ਸੰਮੇਲਨ ਦੌਰਾਨ ‘ਆਪ’ ਦੇ ਕੌਂਸਲਰਾਂ ਸਰਬਜੀਤ ਸਿੰਘ ਸਮਾਣਾ, ਸੁਖਦੇਵ ਸਿੰਘ ਪਟਵਾਰੀ, ਰਮਨਪ੍ਰੀਤ ਕੌਰ ਕੁੰਭੜਾ, ਅਰੁਣਾ ਵਸ਼ਿਸ਼ਟ, ਕਰਮਜੀਤ ਕੌਰ ਮਟੌਰ, ਗੁਰਪ੍ਰੀਤ ਕੌਰ, ਰਵਿੰਦਰ ਸਿੰਘ ਬਿੰਦਰਾ ਨੇ ਕਿਹਾ ਕਿ ਬਹੁਮਤ ਹੋਣ ਦੇ ਬਾਵਜੂਦ ਮੇਅਰ ਨਗਰ ਨਿਗਮ ਦੀ ਮੀਟਿੰਗ ਨਹੀਂ ਸੱਦ ਰਹੇ। ਇਸ ਕਾਰਨ ਸ਼ਹਿਰ ਦਾ ਵਿਕਾਸ ਪ੍ਰਭਾਵਿਤ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਜਦੋਂ ਜੀਤੀ ਸਿੱਧੂ ਨੇ ਮੇਅਰ ਦੀ ਕੁਰਸੀ ਸੰਭਾਲੀ ਸੀ ਤਾਂ ਉਨ੍ਹਾਂ ਕਿਹਾ ਸੀ ਕਿ ਉਹ ਢਾਈ ਸਾਲ ਬਾਅਦ ਮੇਅਰ ਦੇ ਅਹੁਦੇ ਤੋਂ ਵੱਖ ਹੋ ਜਾਣਗੇ। ਇਸ ਲਈ ਹੁਣ ਉਨ੍ਹਾਂ ਨੂੰ ਆਪਣੇ ਅਹੁਦੇ ਤੋਂ ਅਸਤੀਫ਼ਾ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਵਿਧਾਇਕ ਕੁਲਵੰਤ ਸਿੰਘ ਨੇ ਨਿੱਜੀ ਦਿਲਚਸਪੀ ਲੈਂਦੇ ਹੋਏ ਸ਼ਹਿਰ ਦੀ ਮਸ਼ੀਨੀ ਸਫ਼ਾਈ ਲਈ ਇਟਲੀ ’ਚੋਂ ਦੋ ਮਸ਼ੀਨਾਂ ਮੰਗਵਾਈਆਂ ਹਨ ਤੇ ਦੋ ਹੋਰ ਮਸ਼ੀਨਾਂ ਜਲਦੀ ਮਿਲ ਜਾਣਗੀਆਂ।
ਇਸ ਮੌਕੇ ਆਰਪੀ ਸ਼ਰਮਾ, ਹਰਪਾਲ ਸਿੰਘ ਚੰਨਾ, ਕਮਲਜੀਤ ਕੌਰ ਤੇ ਜਸਵੀਰ ਕੌਰ ਅੱਤਲੀ (ਤਿੰਨੇ ਸਾਬਕਾ ਕੌਂਸਲਰ), ‘ਆਪ’ ਵਾਲੰਟੀਅਰ ਹਰਮੇਸ਼ ਸਿੰਘ ਕੁੰਭੜਾ, ਅਰੁਣ ਗੋਇਲ, ਜਸਪਾਲ ਸਿੰਘ ਮਟੌਰ, ਸੁਸ਼ਮਾ ਗੋਇਲ, ਰਣਜੀਤ ਸਿੰਘ ਰਾਣਾ ਜਗਤਪੁਰਾ, ਡਾ. ਕੁਲਦੀਪ ਸਿੰਘ, ਗੁਰਪ੍ਰੀਤ ਸਿੰਘ, ਪ੍ਰਿਤਪਾਲ ਸਿੰਘ, ਗੁਰਚਰਨ ਸਿੰਘ, ਹਰਮੇਸ਼ ਇੰਦਰ ਸਿੰਘ, ਜਤਿੰਦਰ ਸਿੰਘ ਪੰਮਾ ਵੀ ਹਾਜ਼ਰ ਸਨ।

Advertisement

ਮੇਰਾ ਅਸਤੀਫ਼ਾ ਮੰਗਣ ਵਾਲੇ ਆਪਣੀ ਸਰਕਾਰ ਦੀ ਕਾਰਗੁਜ਼ਾਰੀ ਦੇਖਣ: ਸਿੱਧੂ

ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ‘ਆਪ’ ਦੇ ਕੌਂਸਲਰਾਂ ’ਤੇ ਪਲਟਵਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਕੱਲ੍ਹ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਵਿਦੇਸ਼ੀ ਸਫ਼ਾਈ ਮਸ਼ੀਨਾਂ ਨੂੰ ਨਿਗਮ ਦਫ਼ਤਰ ਵਿੱਚ ਉਡੀਕਦੇ ਰਹੇ ਪਰ ਵਿਧਾਇਕ ਨੇ ਅਧਿਕਾਰੀਆਂ ਨੂੰ ‘ਘੂਰ’ ਕੇ ਮਸ਼ੀਨਾਂ ਆਪਣੇ ਦਫ਼ਤਰ ਮੰਗਵਾ ਲਈਆਂ। ਮੇਅਰ ਨੇ ਦਾਅਵਾ ਕੀਤਾ ਕਿ ਉਹ ਨਿਗਮ ਦਫ਼ਤਰ ਚਲਾਉਣ ਅਤੇ ਵਿਕਾਸ ਕਰਨ ਦੇ ਸਮਰੱਥ ਹਨ ਪਰ ‘ਆਪ’ ਸਰਕਾਰ ਲੋਕਾਂ ਦੀਆਂ ਉਮੀਦਾਂ ’ਤੇ ਖਰਾ ਨਹੀਂ ਉੱਤਰ ਸਕੀ। ਉਨ੍ਹਾਂ ਕਿਹਾ ਕਿ ਮੁਹਾਲੀ ਹਲਕੇ ’ਚ ਲੋਕ ਸਭਾ ਚੋਣਾਂ ਵਿੱਚ ਹੋਈ ਹਾਰ ਲਈ ਵਿਰੋਧੀ ਧਿਰ ਦੇ ਕੌਂਸਲਰ ਆਪਣੇ ਵਿਧਾਇਕ ਤੋਂ ਅਸਤੀਫ਼ਾ ਮੰਗਣ।

Advertisement

Advertisement
Author Image

sukhwinder singh

View all posts

Advertisement