‘ਆਪ’ ਨੇ ਤਿੰਨ ਹਲਕਿਆਂ ’ਚ ਬਾਜ਼ੀ ਮਾਰੀ ਪਰ ਆਪਣੇ ਗੜ੍ਹ ’ਚ ਹਾਰੀ
ਆਤਿਸ਼ ਗੁਪਤਾ
ਚੰਡੀਗੜ੍ਹ, 23 ਨਵੰਬਰ
ਲੋਕ ਸਭਾ ਚੋਣਾਂ ਦੌਰਾਨ ਪੰਜਾਬ ’ਚ ਮਿਲੀ ਨਮੋਸ਼ੀ ਭਰੀ ਹਾਰ ਤੋਂ ਉੱਭਰਦਿਆਂ ਆਮ ਆਦਮੀ ਪਾਰਟੀ (ਆਪ) ਨੇ ਜ਼ਿਮਨੀ ਚੋਣਾਂ ’ਚ ਮੁੜ ਆਪਣਾ ਰੰਗ ਦਿਖਾਇਆ ਹੈ। ‘ਆਪ’ ਨੇ ਸਾਲ 2022 ਦੀਆਂ ਅਸੈਂਬਲੀ ਚੋਣਾਂ ਵਾਂਗ ਹੀ ਇਨ੍ਹਾਂ ਜ਼ਿਮਨੀ ਚੋਣਾਂ ਵਿੱਚ ਵੀ ਹੂੰਝਾ ਫੇਰਦਿਆਂ ਚਾਰ ਵਿੱਚੋਂ ਤਿੰਨ ਸੀਟਾਂ ’ਤੇ ਜਿੱਤ ਹਾਸਲ ਕੀਤੀ ਹੈ। ਪੰਜਾਬ ਦੇ ਲੋਕਾਂ ਨੇ ‘ਆਪ’ ਨੂੰ ਤਿੰਨ ਸੀਟਾਂ ’ਤੇ ਜਿਤਾ ਕੇ ਸੂਬਾ ਸਰਕਾਰ ਦੇ ਕੰਮਾਂ ’ਤੇ ਮੋਹਰ ਲਾ ਦਿੱਤੀ ਹੈ। ਹਾਲਾਂਕਿ ਜ਼ਿਮਨੀ ਚੋਣਾਂ ’ਚ ‘ਆਪ’ ਆਪਣੇ ਗੜ੍ਹ ਬਰਨਾਲਾ ਨੂੰ ਬਚਾਉਣ ’ਚ ਨਾਕਾਮ ਰਹੀ ਹੈ ਜਿੱਥੇ ‘ਆਪ’ ਉਮੀਦਵਾਰ ਹਰਿੰਦਰ ਸਿੰਘ ਧਾਲੀਵਾਲ ਨੂੰ ਪਾਰਟੀ ਦੇ ਹੀ ਆਗੂ ਗੁਰਦੀਪ ਸਿੰਘ ਬਾਠ ਦੀ ਬਗਾਵਤ ਕਰਕੇ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਜ਼ਿਮਨੀ ਚੋਣ ’ਚ ਪੰਜਾਬ ਦੀਆਂ ਤਿੰਨ ਸੀਟਾਂ ’ਤੇ ਜਿੱਤ ਦੇ ਨਾਲ ‘ਆਪ’ ਨੇ ਲੋਕ ਸਭਾ ਚੋਣਾਂ ਵਿੱਚ ਪਾਰਟੀ ਨੂੰ ਮਿਲੀ ਕਰਾਰੀ ਹਾਰ ਦੀ ਭਰਪਾਈ ਕਰਨ ਦੀ ਕੋਸ਼ਿਸ਼ ਕੀਤੀ ਹੈ। ਵਿਧਾਨ ਸਭਾ ਹਲਕਾ ਬਰਨਾਲਾ ’ਚ ਕਾਂਗਰਸ ਦੇ ਉਮੀਦਵਾਰ ਕੁਲਦੀਪ ਸਿੰਘ ਢਿੱਲੋਂ ਨੇ 28,254 ਵੋਟਾਂ ਹਾਸਲ ਕਰਕੇ 2,157 ਵੋਟਾਂ ਦੇ ਫਰਕ ਨਾਲ ਜਿੱਤ ਹਾਸਲ ਕੀਤੀ ਹੈ। ਦੂਜੇ ਨੰਬਰ ’ਤੇ ਰਹੇ ‘ਆਪ’ ਉਮੀਦਵਾਰ ਹਰਿੰਦਰ ਸਿੰਘ ਧਾਲੀਵਾਲ ਨੂੰ 26,097 ਵੋਟਾਂ ਪਈਆਂ ਜਦਕਿ ‘ਆਪ’ ਤੋਂ ਨਾਰਾਜ਼ ਹੋ ਕੇ ਆਜ਼ਾਦ ਉਮੀਦਵਾਰ ਵਜੋਂ ਚੋਣ ਲੜੇ ਗੁਰਦੀਪ ਸਿੰਘ ਬਾਠ ਨੂੰ 16,899 ਵੋਟਾਂ ਪਈਆਂ। ਵੋਟਾਂ ਦੇ ਫਰਕ ਮੁਤਾਬਕ ‘ਆਪ’ ਦੇ ਉਮੀਦਵਾਰ ਨੂੰ ਗੁਰਦੀਪ ਸਿੰਘ ਬਾਠ ਦੀ ਬਗਾਵਤ ਕਰਕੇ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਹਾਲਾਂਕਿ ਬਰਨਾਲਾ ਹਲਕੇ ਤੋਂ ‘ਆਪ’ ਆਗੂ ਗੁਰਮੀਤ ਸਿੰਘ ਮੀਤ ਹੇਅਰ 2017 ਤੇ 2022 ਦੀਆਂ ਅਸੈਂਬਲੀ ਚੋਣਾਂ ਵਿੱਚ ਜੇਤੂ ਰਹੇ ਹਨ। ਇਸੇ ਸਾਲ ਹੋਈਆਂ ਲੋਕ ਸਭਾ ਚੋਣਾਂ ਉਨ੍ਹਾਂ ਦੇ ਸੰਸਦ ਮੈਂਬਰ ਚੁਣੇ ਜਾਣ ਮਗਰੋਂ ਇਹ ਸੀਟ ਖਾਲੀ ਹੋ ਗਈ ਸੀ, ਜਿੱਥੇ ਹੁਣ ਕਾਂਗਰਸ ਜੇਤੂ ਰਹੀ ਹੈ।
ਆਮ ਚੋਣਾਂ ’ਚ ਹਾਰ ਮਗਰੋਂ ‘ਆਪ’ ਦੀ ਮਿਹਨਤ ਰੰਗ ਲਿਆਈ ਹੈ। ਲੋਕ ਸਭਾ ਚੋਣਾਂ ਦੌਰਾਨ ਪੰਜਾਬ ਵਿੱਚ 13 ਸੀਟਾਂ ’ਚੋਂ ‘ਆਪ’ ਦੇ ਪੱਲੇ ਸਿਰਫ਼ ਤਿੰਨ ਸੀਟਾਂ ਹੀ ਪਈਆਂ ਸਨ ਜਦੋਂ ਕਿ ਕਾਂਗਰਸ ਪਾਰਟੀ ਨੇ 7, ਸ਼੍ਰੋਮਣੀ ਅਕਾਲੀ ਦਲ ਨੇ 1 ਅਤੇ ਦੋ ਸੀਟਾਂ ’ਤੇ ਆਜ਼ਾਦ ਉਮੀਦਵਾਰਾਂ ਨੇ ਜਿੱਤ ਹਾਸਲ ਕੀਤੀ ਸੀ। ਆਮ ਚੋਣਾਂ ’ਚ ਨਮੋਸ਼ੀ ਭਰੀ ਹਾਰ ਮਗਰੋਂ ‘ਆਪ’ ਨੇ ਜ਼ਿਮਨੀ ਚੋਣਾਂ ਵਿੱਚ ਵਧੇਰੇ ਮਿਹਨਤ ਕੀਤੀ ਹੈ। ‘ਆਪ’ ਦਾ ਪੰਜਾਬ ਦੀਆਂ ਤਿੰਨ ਵਿਧਾਨ ਸਭਾ ਸੀਟਾਂ ’ਤੇ ਜਿੱਤ ਦਾ ਅਸਰ ਪੰਜਾਬ ਵਿੱਚ ਹੋਣ ਵਾਲੀਆਂ ਨਗਰ ਨਿਗਮ, ਮਿਉਂਸਿਪਲ ਕਮੇਟੀ ਤੇ ਮਿਉਂਸਿਪਲ ਕੌਂਸਲ ਦੀਆਂ ਚੋਣਾਂ ਅਤੇ ਦਿੱਲੀ ਵਿੱਚ ਵਿਧਾਨ ਸਭਾ ਚੋਣਾਂ ’ਤੇ ਵੀ ਪੈਣ ਦੀ ਸੰਭਾਵਨਾ ਹੈ।
ਦੋਆਬੇ ’ਚ ‘ਆਪ’ ਨੂੰ ਦਲਿਤ ਵਰਗ ਦਾ ਨਵਾਂ ਨੁਮਾਇੰਦਾ ਮਿਲਿਆ
ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ, ਗਿੱਦੜਬਾਹਾ ਤੇ ਚੱਬੇਵਾਲ ’ਚ ਸ਼੍ਰੋਮਣੀ ਅਕਾਲੀ ਦਲ ਦੀ ਅੰਦਰ ਖਾਤੇ ਮਦਦ ਨੇ ਵੀ ‘ਆਪ’ ਦੀ ਜਿੱਤ ਨੂੰ ਯਕੀਨੀ ਬਣਾਇਆ ਹੈ। ਚੱਬੇਵਾਲ ਹਲਕੇ ’ਚ ਜਿੱਤ ਦੇ ਨਾਲ ਹੀ ‘ਆਪ’ ਨੂੰ ਦੋਆਬਾ ਖੇਤਰ ਵਿੱਚ ਇਕ ਨੌਜਵਾਨ ਤੇ ਦਲਿਤਾਂ ਦੀ ਨੁਮਾਇੰਦਗੀ ਕਰਨ ਵਾਲਾ ਇੱਕ ਹੋਰ ਚਿਹਰਾ ਮਿਲ ਗਿਆ ਹੈ, ਜੋ ਕਿ ਆਗਾਮੀ ਚੋਣਾਂ ਵਿੱਚ ਪਾਰਟੀ ਲਈ ਲਾਹੇਵੰਦ ਸਾਬਤ ਹੋ ਸਕਦਾ ਹੈ।