ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਪੰਜਾਬ ਦਾ ਪਾਣੀ ਖੋਹਣ ਲਈ ‘ਆਪ’, ਕਾਂਗਰਸ ਅਤੇ ਭਾਜਪਾ ਇੱਕਜੁਟ: ਹਰਸਿਮਰਤ

11:00 AM May 20, 2024 IST
ਬਠਿੰਡਾ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਹਰਸਿਮਰਤ ਕੌਰ ਬਾਦਲ।

ਮਨੋਜ ਸ਼ਰਮਾ
ਬਠਿੰਡਾ, 19 ਮਈ
ਬਠਿੰਡਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਹਰਸਿਮਰਤ ਕੌਰ ਬਾਦਲ ਨੇ ਪੰਜਾਬ ਦੇ ਨਹਿਰੀ ਪਾਣੀਆਂ ਦੇ ਮੁੱਦੇ ’ਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਪੰਜਾਬ ਦਾ ਪਾਣੀ ਖੋਹਣ ਲਈ ਸੂਬੇ ਦੀ ਸੱਤਾਧਾਰੀ ਧਿਰ ‘ਆਪ’, ਕਾਂਗਰਸ ਅਤੇ ਭਾਜਪਾ ਅੰਦਰੂਨੀ ਤੌਰ ’ਤੇ ਇਕਜੁੱਟ ਹਨ। ਉਨ੍ਹਾਂ ਆਖਿਆ ਕਿ ਜੇਕਰ ਇਨ੍ਹਾਂ ਚੋਣਾਂ ਦੌਰਾਨ ਇਹ ਧਿਰਾਂ ਮਜ਼ਬੂਤ ਹੁੰਦੀਆਂ ਹਨ ਤਾਂ ਪੰਜਾਬ ਦੇ ਲੋਕਾਂ ਨੂੰ ਆਪਣੇ ਨਹਿਰੀ ਪਾਣੀ ਤੋਂ ਹੱਥ ਧੋਣੇ ਪੈ ਸਕਦੇ ਹਨ।
ਉਨ੍ਹਾਂ ਸਪਸ਼ਟ ਕੀਤਾ ਕਿ ਪੰਜਾਬ ਵਿਚ ਨਹਿਰੀ ਪਾਣੀ ਦੀ ਬਹੁਤਾਤ ਦਿਖਾਉਣ ਲਈ ‘ਆਪ’ ਸਰਕਾਰ ਵੱਲੋਂ ਨਹਿਰੀ ਪਟਵਾਰੀਆਂ ਉੱਪਰ ਦਬਾਅ ਬਣਾਇਆ ਜਾ ਰਿਹਾ ਹੈ ਕਿ ਉਹ ਟੇਲਾਂ ਤੱਕ ਪਾਣੀ ਪਹੁੰਚਣ ਦੀ ਲਿਖਤੀ ਤੌਰ ’ਤੇ ਪੁਸ਼ਟੀ ਕਰਨ ਜਦਕਿ ਪੰਜਾਬ ਦੇ ਹੱਕ ’ਚ ਖੜ੍ਹਦਿਆਂ ਵੱਡੀ ਗਿਣਤੀ ਪਟਵਾਰੀਆਂ ਨੇ ਅਜਿਹਾ ਕਰਨ ਤੋਂ ਕੋਰਾ ਜਵਾਬ ਦੇ ਦਿੱਤਾ, ਜਿਸ ਤੋਂ ਖਫਾ ਹੋਈ ਪੰਜਾਬ ਸਰਕਾਰ ਨੇ ਉਨ੍ਹਾਂ ਨੂੰ ਮੁਅੱਤਲ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਵਲੋਂ ਅਜਿਹਾ ਇਸ ਲਈ ਕੀਤਾ ਜਾ ਰਿਹਾ ਹੈ ਕਿ ਪਾਣੀਆਂ ਦੇ ਮੁੱਦੇ ਨੂੰ ਲੈ ਕੇ ਸੁਪਰੀਮ ਕੋਰਟ ਵਿੱਚ ਚੱਲ ਰਹੇ ਅਦਾਲਤੀ ਕੇਸ ਸਬੰਧੀ ਪੰਜਾਬ ਸਰਕਾਰ ਨੇ ਆਪਣਾ ਜਵਾਬ ਦਾਖ਼ਲ ਕਰਨਾ ਹੈ ਤੇ ਉਸ ਜਵਾਬ ਦੇ ਵਿਚ ਪੰਜਾਬ ਦੇ ਹਰ ਖਿੱਤੇ ਵਿਚ ਵਾਧੂ ਨਹਿਰੀ ਪਾਣੀ ਦਿਖਾ ਕੇ ਬਾਕੀ ਬਚਦਾ ਪਾਣੀ ਬਾਹਰੀ ਸੂਬਿਆਂ ਹਰਿਆਣਾ, ਰਾਜਸਥਾਨ, ਹਿਮਾਚਲ ਅਤੇ ਦਿੱਲੀ ਨੂੰ ਦਿੱਤੇ ਜਾਣ ਦੀ ਹਾਮੀ ਭਰੀ ਜਾਣੀ ਹੈ। ਉਨ੍ਹਾਂ ਗੁਰਮੀਤ ਸਿੰਘ ਖੁਡੀਆਂ, ਜੀਤ ਮਹਿੰਦਰ ਸਿੰਘ ਸਿੱਧੂ ਅਤੇ ਪਰਮਪਾਲ ਕੌਰ ਸਿੱਧੂ ਨੂੰ ਦਲਬਦਲੂ ਦੱਸਦਿਆਂ ਕਿਹਾ ਕਿ ਇਹ ਸਾਰੇ ਮੌਕਾ ਪ੍ਰਸਤ ਹਨ ਤੇ ਚੋਣਾਂ ਬਾਅਦ ਲੋਕਾਂ ਨੂੰ ਲੱਭਣੇ ਨਹੀਂ। ਇਸ ਮੌਕੇ ਜਗਜੀਤ ਸਿੰਘ ਹਨੀ ਫੱਤਣਵਾਲਾ ਦੀ ਅਗਵਾਈ ਹੇਠ ਉਨ੍ਹਾਂ ਦੇ ਬਠਿੰਡਾ ਸਥਿਤ ਹਰਚੰਦ ਸਿਨੇਮਾ ਵਿੱਚ ਰੱਖੇ ਚੋਣ ਜਲਸੇ ਦੌਰਾਨ ‘ਆਪ’ ਦੇ 20 ਵਰਕਰਾਂ ਤੋਂ ਇਲਾਵਾ ਹੋਰ ਲੋਕ ਵੱਖ-ਵੱਖ ਪਾਰਟੀਆਂ ਛੱਡ ਕੇ ਬੀਬਾ ਬਾਦਲ ਦੀ ਅਗਵਾਈ ‘ਚ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਲ ਹੋਏ।

Advertisement

‘ਆਪ’ ਨੇ ਲੋਕਾਂ ਨਾਲ ਝੂਠ ਬੋਲ ਕੇ ਠੱਗੀ ਮਾਰੀ: ਮਜੀਠੀਆ

ਮਾਨਸਾ (ਪੱਤਰ ਪ੍ਰੇਰਕ): ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਆਪ ਨੇ ਝੂਠ ਬੋਲਕੇ ਪੰਜਾਬ ਦੇ ਲੋਕਾਂ ਨਾਲ ਠੱਗੀ ਮਾਰੀ ਹੈ। ਉਹ ਅੱਜ ਮਾਨਸਾ ਜ਼ਿਲ੍ਹੇ ਦੇ ਪਿੰਡ ਦਲੇਲਵਾਲਾ, ਮਲਕੋਂ, ਕਲੀਪੁਰ ਅਤੇ ਰਾਮਨਗਰ ਭੱਠਲ ਵਿਖੇ ਹਰਸਿਮਰਤ ਕੌਰ ਬਾਦਲ ਦੇ ਹੱਕ ਵਿੱਚ ਕੀਤੇ ਚੋਣ ਜਲਸਿਆਂ ਨੂੰ ਸੰਬੋਧਨ ਕਰ ਰਹੇ ਸਨ। ਸ੍ਰੀ ਮਜੀਠੀਆ ਨੇ ਕਿਹਾ ਕਿ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਸਕਿਊਰਿਟੀ ਘਟਾਉਣ ਅਤੇ ਉਸ ਦੀ ਸੂਚਨਾ ਲੀਕ ਕਰਨ ਲਈ ਸਿੱਧੇ ਤੌਰ ’ਤੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਉਸ ਦੇ ਨਿੱਜੀ ਸਕੱਤਰ ਬਲਤੇਜ ਪੰਨੂ ਜ਼ਿੰਮੇਵਾਰ ਹਨ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਸਰਕਾਰ ਸ਼ਰਾਬ ਅਤੇ ਰੇਤ ਘੁਟਾਲੇ ਨਾਲ ਚੱਲ ਰਹੀ ਹੈ। ਇਸੇ ਦੌਰਾਨ ਵੱਖ-ਵੱਖ ਪਾਰਟੀਆਂ ਨੂੰ ਛੱਡ ਕੇ ਅਨੇਕਾਂ ਵਿਅਕਤੀ ਬਿਕਰਮ ਸਿੰਘ ਮਜੀਠੀਆ ਦੀ ਅਗਵਾਈ ਵਿੱਚ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋਏ।

Advertisement
Advertisement