ਕੰਡਿਆਲੀ ਤਾਰ ਪਾਰਲੇ ਕਿਸਾਨਾਂ ਦੀਆਂ ਮੰਗਾਂ ਦੇ ਹੱਕ ’ਚ ਧਰਨਾ
ਸ਼ਗਨ ਕਟਾਰੀਆ
ਬਠਿੰਡਾ, 26 ਸਤੰਬਰ
ਭਾਰਤੀ ਕਿਸਾਨ ਯੂਨੀਅਨ (ਸਿੱਧੂਪੁਰ) ਨੇ ਹਿੰਦ-ਪਾਕਿ ਸਰਹੱਦ ’ਤੇ ਕੰਡਿਆਲੀ ਤਾਰ ਤੋਂ ਪਾਰਲੇ ਜ਼ਮੀਨ ਆਬਾਦਕਾਰਾਂ ਦੀ ਪਿੱਠ ’ਤੇ ਆਉਂਦਿਆਂ ਇੱਥੇ ਡੌਲਫ਼ਿਨ ਚੌਕ ਵਿੱਚ ਦੁਪਹਿਰੇ 12 ਵਜੇ ਤੋਂ ਬੇਮਿਆਦੀ ਧਰਨਾ ਲਾ ਕੇ ਡੱਬਵਾਲੀ, ਮਾਨਸਾ, ਤਲਵੰਡੀ ਸਾਬੋ, ਬਠਿੰਡਾ ਸ਼ਹਿਰ ਤਰਫ਼ ਦੀ ਆਵਾਜਾਈ ਠੱਪ ਕਰ ਦਿੱਤੀ। ਖ਼ਬਰ ਲਿਖ਼ੇ ਜਾਣ ਤੱਕ ਧਰਨਾ ਜਾਰੀ ਸੀ ਅਤੇ ਇੱਥੋਂ ਗੁਜ਼ਰਨ ਵਾਲੇ ਰਾਹਗੀਰ ਮਜਬੂਰੀ ਵੱਸ ਦੂਰ ਦੇ ਰਸਤਿਆਂ ਤੋਂ ਲੰਘਦੇ ਹੋਏ ਮੁਸ਼ਕਿਲਾਂ ਨਾਲ ਦੋ-ਚਾਰ ਹੋ ਰਹੇ ਸਨ। ਧਰਨਕਾਰੀ ਆਗੂਆਂ ਰੇਸ਼ਮ ਸਿੰਘ ਯਾਤਰੀ ਅਤੇ ਰਣਜੀਤ ਸਿੰਘ ਜੀਦਾ ਨੇ ਕਿਹਾ ਕਿ ਦੇਸ਼ ਦੀ ਆਜ਼ਾਦੀ ਤੋਂ ਬਾਅਦ ਹਿੰਦ-ਪਾਕਿ ਸਰਹੱਦ ’ਤੇ ਜ਼ਮੀਨਾਂ ਨੂੰ ਆਬਾਦ ਕਰਨ ਵਾਲੇ ਕਿਸਾਨਾਂ ਵੱਲੋਂ ਜ਼ਮੀਨਾਂ ਦੀ ਪ੍ਰਾਪਤੀ ਲਈ ਲੰਮੇ ਸਮੇਂ ਤੋਂ ਅੰਦੋਲਨ ਲੜਿਆ ਜਾ ਰਿਹਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਪੰਜਾਬ ਸਰਕਾਰ ਨਾਲ ਸੰਯੁਕਤ ਕਿਸਾਨ ਮੋਰਚਾ (ਗ਼ੈਰ ਰਾਜਨੀਤਕ) ਦੀਆਂ ਹੋਈਆਂ ਮੀਟਿੰਗਾਂ ਵਿੱਚ ਇਹ ਮੰਗ ਸਮੇਤ ਹੋਰ ਮੰਗਾਂ ਮੰਨੀਆਂ ਵੀ ਜਾ ਚੁੱਕੀਆਂ ਹਨ।ਉਨ੍ਹਾਂ ਕਿਹਾ ਕਿ ਇਸੇ ਕਾਰਨ ਹੀ ਅੱਜ ਅੰਦੋਲਨ ਨੂੰ ਤੇਜ਼ ਕਰਨ ਦੇ ਮਕਸਦ ਤਹਿਤ ਪੰਜਾਬ ਅੰਦਰ ਜ਼ਿਲ੍ਹਾ ਪੱਧਰ ’ਤੇ ਬੇਮਿਆਦੀ ਸੜਕੀ ਜਾਮ ਲਾਏ ਗਏ ਹਨ।
ਰਾਮਪੁਰਾ ਫੂਲ (ਨਿੱਜੀ ਪੱਤਰ ਪ੍ਰੇਰਕ): ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਵੱਲੋਂ ਅੱਜ ਇਥੇ ਬਠਿੰਡਾ-ਚੰਡੀਗੜ੍ਹ ਨੈਸ਼ਨਲ ਹਾਈਵੇ ਜਾਮ ਕੀਤਾ ਗਿਆ। ਬਲਾਕ ਆਗੂ ਦੀਪੂ ਮੰਡੀ ਕਲਾਂ ਨੇ ਕਿਹਾ ਕਿ ਸਰਕਾਰ ਕੰਡਿਆਲੀ ਤਾਰ ਪਾਰ ਖੇਤੀ ਕਰਨ ਵਾਲੇ ਕਿਸਾਨਾਂ ਦੀਆਂ ਮੰਗਾਂ ਨੂੰ ਲਗਾਤਾਰ ਅਣਗੌਲਿਆਂ ਕਰਦੀ ਆ ਰਹੀ ਹੈ।