For the best experience, open
https://m.punjabitribuneonline.com
on your mobile browser.
Advertisement

‘ਆਪ’ ਵਿਗਾੜ ਸਕਦੀ ਹੈ ਭਾਜਪਾ ਤੇ ਕਾਂਗਰਸ ਦਾ ਗਣਿਤ

07:54 AM May 15, 2024 IST
‘ਆਪ’ ਵਿਗਾੜ ਸਕਦੀ ਹੈ ਭਾਜਪਾ ਤੇ ਕਾਂਗਰਸ ਦਾ ਗਣਿਤ
ਅਨੀਤਾ ਸੋਮ ਪ੍ਰਕਾਸ਼ , ਡਾ. ਰਾਜ ਕੁਮਾਰ ਚੱਬੇਵਾਲ
Advertisement

ਭਗਵਾਨ ਦਾਸ ਸੰਦਲ
ਦਸੂਹਾ, 14 ਮਈ
ਇੱਥੇ ਹੁਸ਼ਿਆਰਪੁਰ ਲੋਕ ਸਭਾ ਹਲਕੇ ਦੇ ਨੌਂ ਵਿਧਾਨ ਸਭਾ ਹਲਕਿਆਂ ਵਿੱਚੋਂ ਪੰਜ ’ਤੇ ਆਮ ਆਦਮੀ ਪਾਰਟੀ ਕਾਬਜ਼ ਹੈ। ਇਕ ਵਿਧਾਨ ਸਭਾ ਹਲਕਾ ਭਾਜਪਾ ਕੋਲ ਅਤੇ ਤਿੰਨ ਕਾਂਗਰਸ ਕੋਲ ਹਨ। ਹਲਕੇ ਦੇ ਇਤਿਹਾਸ ਮੁਤਾਬਕ 1992 ਤੱਕ ਦੀਆਂ ਲੋਕ ਸਭਾ ਚੋਣਾਂ ਵਿੱਚ ਇੱਥੇ ਕਾਂਗਰਸ ਹੀ ਕਾਬਜ਼ ਰਹੀ ਹੈ। 1996 ਵਿੱਚ ਇੱਥੇ ਬਸਪਾ ਦੇ ਉਮੀਦਵਾਰ ਬਾਬੂ ਕਾਂਸ਼ੀ ਰਾਮ ਜੇਤੂ ਰਹੇ ਸਨ। ਉਨ੍ਹਾਂ ਕਾਂਗਰਸ ਦੇ ਕਮਲ ਚੌਧਰੀ ਨੂੰ ਹਰਾਇਆ ਸੀ। 1999 ਵਿੱਚ ਕਾਂਗਰਸ ਦੇ ਚਰਨਜੀਤ ਸਿੰਘ ਚੰਨੀ ਨੇ ਭਾਜਪਾ ਦੇ ਕਮਲ ਚੌਧਰੀ ਨੂੰ ਅਤੇ 2009 ਵਿੱਚ ਕਾਂਗਰਸ ਦੀ ਸੰਤੋਸ਼ ਚੌਧਰੀ ਨੇ ਭਾਜਪਾ ਦੇ ਸੋਮ ਪ੍ਰਕਾਸ਼ ਨੂੰ ਹਰਾਇਆ ਸੀ। 2014 ਦੀਆਂ ਚੋਣਾਂ ਵਿੱਚ ਪਹਿਲੀ ਵਾਰ ‘ਆਪ’ ਦੀ ਦਸਤਕ ਨੇ ਰਵਾਇਤੀ ਪਾਰਟੀਆਂ ਨੂੰ ਟੱਕਰ ਦਿੱਤੀ। ‘ਆਪ’ ਦੀ ਉਮੀਦਵਾਰ ਯਾਮਿਨੀ ਗੋਮਰ 2,13,388 ਵੋਟਾਂ ਨਾਲ ਤੀਜੇ ਸਥਾਨ ’ਤੇ ਰਹੀ। 2019 ਦੀਆਂ ਚੋਣਾਂ ਵਿੱਚ ‘ਆਪ’ ਦੇ ਡਾ. ਰਵਜੋਤ 44,914 ਵੋਟਾਂ ਨਾਲ ਚੌਥੇ ਸਥਾਨ ’ਤੇ ਰਹੇ। ਭਾਜਪਾ ਦੀ ਉਮੀਦਵਾਰ ਅਨੀਤਾ ਸੋਮ ਪ੍ਰਕਾਸ਼ ਤੇ ਉਨ੍ਹਾਂ ਦੇ ਪਤੀ ਸਾਬਕਾ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਭਾਜਪਾ ਦੀ ਹੈਟ੍ਰਿਕ ਮਾਰਨ ਲਈ ਅੱਡੀ ਚੋਟੀ ਦਾ ਜ਼ੋਰ ਲਗਾ ਰਹੇ ਹਨ। ਦੂਜੇ ਪਾਸੇ ਹੁਸ਼ਿਆਰਪੁਰ ਲੋਕ ਸਭਾ ਵਿਚਲੀਆਂ ਪੰਜ ਵਿਧਾਨ ਸਭਾਵਾਂ ’ਤੇ ਕਾਬਜ਼ ‘ਆਪ’ ਵਿਧਾਇਕਾਂ ਵੱਲੋਂ ਡਾ. ਰਾਜ ਕੁਮਾਰ ਚੱਬੇਵਾਲ ਦੇ ਹੱਕ ਵਿੱਚ ਵਿੱਢੀ ਸਿਆਸੀ ਮੁਹਿੰਮ ਕਾਰਨ ‘ਫੁੱਲ’, ‘ਪੰਜੇ’ ਤੇ ‘ਤੱਕੜੀ’ ਦਾ ਗਣਿਤ ਵਿਗੜਦਾ ਨਜ਼ਰ ਆ ਰਿਹਾ ਹੈ। ਇਸ ਤੋਂ ਇਲਾਵਾ ਕਾਂਗਰਸ ਦੀ ਯਾਮਿਨੀ ਗੋਮਰ ਤੇ ਅਕਾਲੀ ਦਲ ਦੇ ਸੋਹਣ ਸਿੰਘ ਠੰਡਲ ਵੱਲੋਂ ਵੀ ਚੋਣ ਰੈਲੀਆਂ ਦਾ ਅਖਾੜਾ ਭਖਾਇਆ ਹੋਇਆ ਹੈ।

Advertisement

ਡਾ. ਅੰਬੇਡਕਰ ਦੇ ਪੋਤੇ ਅਤੇ ਤਾਮਿਲਨਾਡੂ ਦੇ ਸਿੱਖ ਦੀ ਹੋਣ ਲੱਗੀ ਚਰਚਾ

ਹੁਸ਼ਿਆਰਪੁਰ (ਹਰਪ੍ਰੀਤ ਕੌਰ): ਇੱਥੇ ਹੁਸ਼ਿਆਰਪੁਰ ਲੋਕ ਸਭਾ ਹਲਕੇ ਵਿੱਚ ਮੁਕਾਬਲਾ ਭਾਵੇਂ ਪ੍ਰਮੁੱਖ ਸਿਆਸੀ ਪਾਰਟੀਆਂ ਦਰਮਿਆਨ ਹੀ ਹੋਵੇਗਾ ਪਰ ਦੋ ਅਜਿਹੇ ਉਮੀਦਵਾਰ ਚਰਚਾ ਵਿੱਚ ਹਨ, ਜੋ ਸਮਾਜਿਕ ਸਰੋਕਾਰਾਂ ਨੂੰ ਲੈ ਕੇ ਚੋਣ ਮੈਦਾਨ ’ਚ ਕੁੱਦੇ ਹਨ। ਤਾਮਿਲਨਾਡੂ ਤੋਂ ਆਏ ਬਹੁਜਨ ਦ੍ਰਾਵਿੜ ਪਾਰਟੀ ਦੇ ਪ੍ਰਧਾਨ ਜੀਵਨ ਕੁਮਾਰ ਉਰਫ਼ ਜੀਵਨ ਸਿੰਘ ਹੁਸ਼ਿਆਰਪੁਰ ਰਾਖਵੀਂ ਸੀਟ ਤੋਂ ਚੋਣ ਲੜ ਰਹੇ ਹਨ। ਜੀਵਨ ਸਿੰਘ (51) ਪੇਸ਼ੇ ਵਜੋਂ ਵਕੀਲ ਹਨ। ਸਿੱਖ ਗੁਰੂ ਸਾਹਿਬਾਨ ਦੇ ਜੀਵਨ ਤੇ ਫਲਸਫੇ ਤੋਂ ਪ੍ਰਭਾਵਿਤ ਹੋ ਕੇ ਉਹ ਪਿਛਲੇ ਸਾਲ ਸਿੱਖ ਸਜ ਗਏ। ਚਰਚਾ ਵਿੱਚ ਦੂਜਾ ਉਮੀਦਵਾਰ ਭੀਮ ਰਾਓ ਯਸ਼ਵੰਤ ਅੰਬੇਡਕਰ ਹੈ ਜੋ ਭਾਰਤੀ ਸੰਵਿਧਾਨ ਦੇ ਨਿਰਮਾਤਾ ਡਾ. ਭੀਮ ਰਾਓ ਅੰਬੇਡਕਰ ਦਾ ਪੋਤਾ ਹੈ। ਭੀਮ ਰਾਓ ਇਹ ਚੋਣ ਗਲੋਬਲ ਰਿਪਬਲੀਕਨ ਪਾਰਟੀ ਦੇ ਝੰਡੇ ਹੇਠ ਲੜ ਰਹੇ ਹਨ। ਉਨ੍ਹਾਂ ਦਾ ਹੁਸ਼ਿਆਰਪੁਰ ਹਲਕੇ ਨਾਲ ਮੋਹ ਇਸ ਕਰਕੇ ਹੈ ਕਿ ਉਨ੍ਹਾਂ ਦੇ ਪਿਤਾ ਯਸ਼ਵੰਤ ਭੀਮ ਰਾਓ ਅੰਬੇਡਕਰ 1962 ਵਿਚ ਇੱਥੋਂ ਰਿਪਬਲੀਕਨ ਪਾਰਟੀ ਆਫ ਇੰਡੀਆ ਦੇ ਬੈਨਰ ਹੇਠ ਚੋਣ ਲੜੇ ਸਨ ਅਤੇ ਦੂਜੇ ਨੰਬਰ ’ਤੇ ਰਹੇ ਸਨ। ਉਨ੍ਹਾਂ ਦਾ ਮਕਸਦ ਡਾ. ਅੰਬੇਡਕਰ ਦੀ ਸੋਚ ਨੂੰ ਅਮਲੀਜਾਮਾ ਪਹਿਨਾਉਣਾ ਹੈ। ਉਨ੍ਹਾਂ ਕਿਹਾ ਕਿ ਡਾ. ਅੰਬੇਡਕਰ ਨੇ ਸਮਾਜਿਕ ਤੇ ਆਰਥਿਕ ਬਰਾਬਰੀ ਦਾ ਜੋ ਸੁਪਨਾ ਦੇਖਿਆ ਸੀ, ਉਹ ਅਜੇ ਤੱਕ ਪੂਰਾ ਨਹੀਂ ਹੋਇਆ। ਦੋਵੇਂ ਉਮੀਦਵਾਰਾਂ ਕੋਲ ਚੋਣ ਲੜਨ ਲਈ ਸਰਮਾਇਆ ਨਹੀਂ ਪਰ ਕੁੱਝ ਹਿਤੈਸ਼ੀਆਂ ਵੱਲੋਂ ਉਨ੍ਹਾਂ ਦੀ ਮਦਦ ਕੀਤੀ ਜਾ ਰਹੀ ਹੈ। ਜੀਵਨ ਸਿੰਘ ਨੂੰ ਕੁੱਝ ਪੰਥਕ ਆਗੂ ਵੀ ਸਹਿਯੋਗ ਦੇ ਰਹੇ ਹਨ।

ਗੁਰੂ ਨਾਨਕ ਦੇਵ ਦੇ ਫਲਸਫੇ ਨੂੰ ਅੱਗੇ ਵਧਾਉਣਾ ਚਾਹੁੰਦੀ ਹੈ ਪਾਰਟੀ: ਜੀਵਨ ਸਿੰਘ

ਬਹੁਜਨ ਦ੍ਰਾਵਿੜ ਪਾਰਟੀ ਦੇ ਪ੍ਰਧਾਨ ਜੀਵਨ ਸਿੰਘ ਨੇ ਦੱਸਿਆ ਕਿ ਉਨ੍ਹਾਂ ਕਿਸਾਨੀ ਸੰਘਰਸ਼ ਦੌਰਾਨ ਸਿੱਖਾਂ ਦੇ ਜਜ਼ਬੇ ਨੂੰ ਦੇਖਿਆ ਤਾਂ ਪ੍ਰਭਾਵਿਤ ਹੋਏ ਬਿਨਾਂ ਨਹੀਂ ਰਹਿ ਸਕਿਆ। ਉਨ੍ਹਾਂ ਕਿਹਾ ਕਿ ਬਹੁਜਨ ਦ੍ਰਾਵਿੜ ਪਾਰਟੀ ਦਲਿਤ ਆਗੂ ਕਾਂਸ਼ੀ ਰਾਮ ਦੀ ਵਿਚਾਰਧਾਰਾ ਤੋਂ ਬੇਹੱਦ ਪ੍ਰਭਾਵਿਤ ਹੈ। ਉਨ੍ਹਾਂ ਕਿਹਾ ਕਿ ਹੁਸ਼ਿਆਰਪੁਰ ਤੋਂ ਚੋਣ ਲੜਨ ਦਾ ਮੁੱਖ ਕਾਰਨ ਵੀ ਇਹੀ ਹੈ ਕਿ ਕਾਂਸ਼ੀ ਰਾਮ ਨੇ 1996 ਵਿੱਚ ਇੱਥੋਂ ਚੋਣ ਲੜੀ ਸੀ ਅਤੇ ਜਿੱਤੇ ਸਨ। ਜੀਵਨ ਸਿੰਘ ਨੇ ਕਿਹਾ ਕਿ ਚੋਣ ਨਤੀਜੇ ਕੀ ਆਉਂਦੇ ਹਨ, ਇਹ ਮਾਇਨੇ ਨਹੀਂ ਰੱਖਦਾ ਬਲਕਿ ਉਨ੍ਹਾਂ ਦੀ ਪਾਰਟੀ ਇਹ ਚੋਣ ਲੜ ਕੇ ਗੁਰੂ ਨਾਨਕ ਦੇ ਫਲਸਫੇ ਨੂੰ ਅੱਗੇ ਵਧਾਉਣਾ ਚਾਹੁੰਦੀ ਹੈ।

Advertisement
Author Image

joginder kumar

View all posts

Advertisement
Advertisement
×