ਆਰਡੀਨੈਂਸ ਦੇ ਮੁੱਦੇ ਉੱਤੇ ‘ਆਪ’ ਤੇ ਭਾਜਪਾ ਆਹਮੋ -ਸਾਹਮਣੇ
ਪੱਤਰ ਪ੍ਰੇਰਕ
ਨਵੀਂ ਦਿੱਲੀ, 12 ਜੂਨ
ਇੱਥੋਂ ਦੇ ਰਾਮ ਲੀਲਾ ਮੈਦਾਨ ਵਿੱਚ ਕੇਂਦਰ ਦੇ ਆਰਡੀਨੈਂਸ ਖ਼ਿਲਾਫ਼ ਆਮ ਆਦਮੀ ਪਾਰਟੀ ਵੱਲੋਂ ਕੀਤੀ ਗਈ ਰੈਲੀ ਤੋਂ ਬਾਅਦ ਅੱਜ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦਾਅਵਾ ਕੀਤਾ ਕਿ ‘ਆਪ’ ਦੀ ਰੈਲੀ ‘ਚ ਭਾਜਪਾ ਵਰਕਰਾਂ ਅਤੇ ਸਮਰਥਕਾਂ ਨੇ ਸ਼ਿਰਕਤ ਕੀਤੀ। ਉਨ੍ਹਾਂ ਦਾਅਵਾ ਕੀਤਾ ਕਿ ਉਹ ਦਿੱਲੀ ਵਿੱਚ ਸੇਵਾਵਾਂ ‘ਤੇ ਕੰਟਰੋਲ ਸਬੰਧੀ ਕੇਂਦਰ ਦੇ ਆਰਡੀਨੈਂਸ ਤੋਂ ਨਾਖੁਸ਼ ਹਨ। ਭਾਜਪਾ ਨੇ ਕੇਜਰੀਵਾਲ ਦੇ ਇਸ ਦਾਅਵੇ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ ਤੇ ਕਿਹਾ ਕਿ ਦਿੱਲੀ ਵਿੱਚ ਸੱਤਾਧਾਰੀ ਪਾਰਟੀ ਵੱਲੋਂ ਲਾਲਚ ਦਿੱਤੇ ਜਾਣ ਦੇ ਬਾਵਜੂਦ ਆਮ ਆਦਮੀ ਪਾਰਟੀ ਦੇ ਵਰਕਰ ਵੀ ਰੈਲੀ ਵਿੱਚ ਸ਼ਾਮਲ ਨਹੀਂ ਹੋਏ। ਜ਼ਿਕਰਯੋਗ ਹੈ ਕਿ ਕੇਂਦਰ ਦੇ ਆਰਡੀਨੈਂਸ ਖ਼ਿਲਾਫ਼ ਐਤਵਾਰ ਨੂੰ ਦਿੱਲੀ ਦੇ ਰਾਮ ਲੀਲਾ ਮੈਦਾਨ ਵਿੱਚ ਆਮ ਆਦਮੀ ਪਾਰਟੀ ਦੀ ਵੱਡੀ ਰੈਲੀ ਹੋਈ ਸੀ। ਸੋਮਵਾਰ ਨੂੰ ਟਵੀਟ ਵਿੱਚ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ, ‘ਆਰਡੀਨੈਂਸ ਖ਼ਿਲਾਫ਼ ਐਤਵਾਰ ਨੂੰ ਹੋਈ ਰੈਲੀ ਵਿੱਚ ਭਾਜਪਾ ਦੇ ਕਈ ਲੋਕ ਸ਼ਾਮਲ ਹੋਏ। ਭਾਜਪਾ ਵਾਲੇ ਇਹ ਵੀ ਕਹਿ ਰਹੇ ਹਨ ਕਿ ਮੋਦੀ ਜੀ ਨੇ ਆਰਡੀਨੈਂਸ ਲਿਆ ਕੇ ਚੰਗਾ ਨਹੀਂ ਕੀਤਾ।’ ਦੂਜੇ ਪਾਸੇ ਭਾਜਪਾ ਨੇ ਟਵੀਟ ਕਰਦਿਆਂ ਕਿਹਾ ਕਿ ‘ਆਪ’ ਦੇ ਲੋਕ ਵੀ ਰੈਲੀ ਵਿੱਚ ਸ਼ਾਮਲ ਨਹੀਂ ਹੋਏ, ਸਥਿਤੀ ਇਹ ਸੀ ਕਿ ਕੁਰਸੀਆਂ ਖਾਲੀ ਸਨ। 500 ਰੁਪਏ, ਕਿਰਾਏ ‘ਤੇ ਕਾਰ, ਖਾਣਾ ਦੇਣ ਦੇ ਬਾਵਜੂਦ ਤੁਹਾਡਾ ਫਰਜ਼ੀਵਾੜਾ ਸੁਣਨ ਵਾਲਾ ਕੋਈ ਨਹੀਂ ਸੀ। ਜਨਤਾ ਵੀ ਜਾਣਦੀ ਹੈ ਕਿ ਤੁਹਾਡੇ ਤੋਂ ਵੱਧ ਚਲਾਕ, ਬੇਸ਼ਰਮ ਅਤੇ ਪਾਖੰਡੀ ਕੋਈ ਨਹੀਂ ਹੈ।’