ਆਮਿਰ ਖਾਨ ਦੇ ਪੁੱਤਰ ਦੀ ਪਹਿਲੀ ਫਿਲਮ ‘ਮਹਾਰਾਜ’ 14 ਜੂਨ ਨੂੰ ਹੋਵੇਗੀ ਰਿਲੀਜ਼
ਮੁੰਬਈ: ਬੌਲੀਵੁੱਡ ਅਦਾਕਾਰ ਆਮਿਰ ਖਾਨ ਦੇ ਪੁੱਤਰ ਜੁਨੈਦ ਖਾਨ ਦੀ ਫਿਲਮ ‘ਮਹਾਰਾਜ’ 14 ਜੂਨ ਨੂੰ ਨੈੱਟਫਲਿਕਸ ਉਤੇ ਰਿਲੀਜ਼ ਹੋਣ ਜਾ ਰਹੀ ਹੈ। ਇਸ ਫਿਲਮ ਵਿੱਚ ਅਦਾਕਾਰ ਜੈਦੀਪ ਅਹਿਲਾਵਤ, ਸ਼ਾਲਿਨੀ ਪਾਂਡੇ ਤੇ ਸ਼ਰਵਰੀ ਵੀ ਅਹਿਮ ਭੂਮਿਕਾਵਾਂ ਵਿੱਚ ਨਜ਼ਰ ਆਉਣਗੇ। ਅੱਜ ਸਟ੍ਰੀਮਿੰਗ ਟੀਮ ਨੇ ਫਿਲਮ ਦੇ ਰਿਲੀਜ਼ ਹੋਣ ਦੀ ਤਰੀਕ ਦਾ ਅਧਿਕਾਰਤ ਤੌਰ ’ਤੇ ਐਲਾਨ ਕਰ ਦਿੱਤਾ ਹੈ। ਫਿਲਮ ਦੇ ਪੋਸਟਰ ਵਿੱਚ ਜੁਨੈਦ ਅਤੇ ਜੈਦੀਪ ਦੀ ਇਕ ਝਲਕ ਦਿਖਾਈ ਦਿੱਤੀ, ਜਿਸ ਵਿੱਚ ਜੁਨੈਦ ਨੇ ਹਲਕੀਆਂ ਮੁੱਛਾਂ ਰੱਖੀਆਂ ਹੋਈਆਂ ਹਨ। ਇਸੇ ਤਰ੍ਹਾਂ ਜੈਦੀਪ ਨੇ ਮੱਥੇ ’ਤੇ ਤਿਲਕ ਲਗਾਇਆ ਹੋਇਆ ਹੈ ਅਤੇ ਆਪਣੇ ਵਾਲ ਬੰਨ੍ਹ ਕੇ ਜੂੜਾ ਬਣਾਇਆ ਹੋਇਆ ਹੈ। ਉਸ ਨੇ ਸ਼ਾਹੀ ਦਿੱਖ ਲਈ ਰੁਦਰਾਕਸ਼ ਅਤੇ ਸੋਨੇ ਦੇ ਗਹਿਣੇ ਪਾਏ ਹੋਏ ਹਨ। ਫਿਲਮ ਦੀ ਕਹਾਣੀ ਮਹਾਰਾਜਾ ਲਿਬਲ ਕੇਸ ਦੇ ਦੁਆਲੇ ਘੁੰਮਦੀ ਹੈ। ਇਹ ਇਕ ਧਾਰਮਿਕ ਆਗੂ ਦੀ ਕਹਾਣੀ ਹੈ, ਜੋ ਇਕ ਅਖਬਾਰ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰਦਾ ਹੈ, ਜਿਸ ’ਚ ਇਹ ਦਾਅਵਾ ਕੀਤਾ ਜਾਂਦਾ ਹੈ ਉਸ ਦੇ ਆਪਣੇ ਪੈਰੋਕਾਰਾਂ ਨਾਲ ਨਾਜਾਇਜ਼ ਰਿਸ਼ਤੇ ਹਨ। ‘ਮਹਾਰਾਜ’ ਦਾ ਨਿਰਦੇਸ਼ਨ ਸਿਧਾਰਥ ਪੀ. ਮਲਹੋਤਰਾ ਨੇ ਕੀਤਾ ਹੈ। ਉਨ੍ਹਾਂ ਕਿਹਾ ਕਿ ਜੁਨੈਦ ਕੋਲ ‘ਮਹਾਰਾਜ’ ਤੋਂ ਬਾਅਦ ਦੋ ਹੋਰ ਫਿਲਮਾਂ ਹਨ। ਉਸ ਨੇ ਹਾਲ ਹੀ ਵਿੱਚ ਆਪਣੀ ਤੀਜੀ ਫਿਲਮ ਲਈ ਅਦਾਕਾਰਾ ਖੁਸ਼ੀ ਕਪੂਰ ਨਾਲ ਕੰਮ ਸ਼ੁਰੂ ਕੀਤਾ ਹੈ। -ਆਈਏਐੱਨਐੱਸ