‘ਰੈੱਡ ਸੀਅ ਫਿਲਮ ਫੈਸਟੀਵਲ’ ਵਿੱਚ ਹਿੱਸਾ ਲੈਣਗੇ ਆਮਿਰ ਤੇ ਕਰੀਨਾ
ਨਵੀਂ ਦਿੱਲੀ:
ਬੌਲੀਵੁੱਡ ਸੁਪਰਸਟਾਰ ਆਮਿਰ ਖਾਨ ਅਤੇ ਅਦਾਕਾਰਾ ਕਰੀਨਾ ਕਪੂਰ ਖਾਨ ਪੰਜ ਦਸੰਬਰ ਨੂੰ ਸਾਊਦੀ ਅਰਬ ਦੇ ਜੇਦਾਹ ਵਿੱਚ ਸ਼ੁਰੂ ਹੋਣ ਵਾਲੇ ‘ਰੈੱਡ ਸੀਅ ਫਿਲਮ ਫੈਸਟੀਵਲ-2024’ ਵਿੱਚ ਸ਼ਾਮਲ ਹੋਣਗੇ। ‘ਰੈਡ ਸੀਅ ਫਿਲਮ ਫੈਸਟੀਵਲ’ ਦੀ ਵੈੱਬਸਾਈਟ ਮੁਤਾਬਕ ਦੋਵੇਂ ਹੀ ਕਲਾਕਾਰ ਸਮਾਰੋਹ ਦੇ ਚੌਥੇ ਪੜਾਅ ‘ਇਨ-ਕਨਵਰਸੇਸ਼ਨ’ ਵਿੱਚ ਹਿੱਸਾ ਲੈਣਗੇ। ਇਸ ਦੌਰਾਨ ਆਮਿਰ ਖਾਨ ਪੰਜ ਦਸੰਬਰ ਨੂੰ ਸਮਾਗਮ ’ਚ ਹਿੱਸਾ ਲੈਣਗੇ ਜਦੋਂਕਿ ਕਰੀਨਾ ਕਪੂਰ ਛੇ ਦਸੰਬਰ ਨੂੰ ਸਮਾਗਮ ’ਚ ਸ਼ਿਰਕਤ ਕਰੇਗੀ। ‘ਲਗਾਨ’, ‘3 ਇਡੀਅਟਸ’ ਅਤੇ ‘ਦੰਗਲ’ ਵਰਗੀਆਂ ਫਿਲਮਾਂ ਤੋਂ ਪ੍ਰਸਿੱਧੀ ਹਾਸਲ ਕਰਨ ਵਾਲੇ ਆਮਿਰ ਖਾਨ ਨੇ ਆਪਣੀਆਂ ਫਿਲਮਾਂ ਦੀਆਂ ਵਿਲੱਖਣ ਕਹਾਣੀਆਂ ਅਤੇ ਕੰਮ ਪ੍ਰਤੀ ਸਮਰਪਣ ਨਾਲ ਸਿਨੇਮਾ ਜਗਤ ’ਚ ਯੋਗਦਾਨ ਪਾਇਆ। ਫੈਸਟੀਵਲ ਦੇ ਪ੍ਰਬੰਧਕਾਂ ਨੇ ਕਰੀਨਾ ਕਪੂਰ ਨੂੰ ਸਾਲ 2000 ਤੋਂ ਹਿੰਦੀ ਸਿਨੇਮਾ ਦੀ ਕਾਮਯਾਬ ਅਭਿਨੇਤਰੀ ਦੱਸਿਆ ਹੈ। ਉਹ ਰੋਮਾਂਸ, ਕਾਮੇਡੀ ਤੋਂ ਲੈ ਕੇ ਅਪਰਾਧ ਆਦਿ ਵੱਖ-ਵੱਖ ਵਿਸ਼ਿਆਂ ’ਤੇ ਬਣੀਆਂ ਫਿਲਮਾਂ ਵਿੱਚ ਆਪਣੀ ਅਦਾਕਾਰੀ ਦੇ ਜੌਹਰ ਦਿਖਾ ਚੁੱਕੀ ਹੈ। ‘ਰੈੱਡ ਸੀਅ ਫਿਲਮ ਫੈਸਟੀਵਲ’ ਪੰਜ ਤੋਂ 14 ਦਸੰਬਰ ਤਕ ਕਰਵਾਇਆ ਜਾ ਰਿਹਾ ਹੈ। -ਪੀਟੀਆਈ