ਆਕਾਸ਼ਵਾਣੀ ਦੇ ਨਿਰਮਾਣ ਅਧਿਕਾਰੀ ਵੱਲੋਂ ਪੀਏਯੂ ਦੇ ਸੰਚਾਰ ਕੇਂਦਰ ਦਾ ਦੌਰਾ
ਖੇਤਰੀ ਪ੍ਰਤੀਨਿਧ
ਲੁਧਿਆਣਾ, 30 ਸਤੰਬਰ
ਬੀਤੇ 30 ਸਾਲਾਂ ਤੋਂ ਆਕਾਸ਼ਵਾਣੀ ਨਾਲ ਜੁੜੇ ਹੋਏ ਪ੍ਰੋਗਾਰਮ ਨਿਰਮਾਤਾ ਅਤੇ ਖੇਤੀਬਾੜੀ ਦੇ ਮਸ਼ਹੂਰ ਦਿਹਾਤੀ ਪ੍ਰੋਗਰਾਮ ਦੇ ਨਿਰਮਾਤਾ ਗੁਰਵਿੰਦਰ ਸਿੰਘ ਨੇ ਅੱਜ ਪੀਏਯੂ ਦੇ ਸੰਚਾਰ ਕੇਂਦਰ ਦਾ ਦੌਰਾ ਕੀਤਾ। ਇਸ ਦੌਰਾਨ ਗੁਰਵਿੰਦਰ ਸਿੰਘ ਨੇ ਯੂਨੀਵਰਸਿਟੀ ਦੀਆਂ ਪਸਾਰ ਸੇਵਾਵਾਂ ਦੇ ਨਾਲ ਨਾਲ ਸੰਚਾਰ ਕੇਂਦਰ ਦੇ ਕੰਮ ਕਾਜ ਨੂੰ ਜਾਨਣ ਵਿੱਚ ਵਿਸ਼ੇਸ਼ ਦਿਲਚਸਪੀ ਦਿਖਾਈ। ਗੁਰਵਿੰਦਰ ਸਿੰਘ ਨੇ ਕਿਹਾ ਕਿ ਪੀਏਯੂ ਨੇ ਦੇਸ਼ ਦਾ ਅਨਾਜ ਪੱਖੋਂ ਢਿੱਡ ਭਰਨ ਦੇ ਨਾਲ ਨਾਲ ਦੇਸ਼ ਨੂੰ ਉੱਘੇ ਖੇਤੀ ਵਿਗਿਆਨੀ ਅਤੇ ਪ੍ਰਸ਼ਾਸਕ ਦਿੱਤੇ ਹਨ। ਦਿਹਾਤੀ ਪ੍ਰੋਗਰਾਮ ਵਿਚ ਆਪਣੇ ਅਨੁਭਵਾਂ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਪੀਏਯੂ ਨੇ ਹਮੇਸ਼ਾ ਤੋਂ ਸਹਿਯੋਗ ਕੀਤਾ, ਇਸੇ ਸਦਕਾ ਅੱਜ ਵਿਕਸਿਤ ਸੰਚਾਰ ਦੇ ਦੌਰ ਵਿੱਚ ਵੀ ਲੋਕ ਦਿਹਾਤੀ ਪ੍ਰੋਗਰਾਮ ਨੂੰ ਉਸੇ ਚਾਅ ਨਾਲ ਸੁਣਦੇ ਹਨ। ਅਪਰ ਨਿਰਦੇਸ਼ਕ ਸੰਚਾਰ ਡਾ. ਤੇਜਿੰਦਰ ਸਿੰਘ ਰਿਆੜ ਨੇ ਗੁਰਵਿੰਦਰ ਸਿੰਘ ਦਾ ਸਵਾਗਤ ਕਰਦਿਆਂ ਉਨ੍ਹਾਂ ਦੇ ਮਿਲਵਰਤਨੀ ਸੁਭਾਅ ਬਾਰੇ ਦੱਸਿਆ। ਉਨ੍ਹਾਂ ਕਿਹਾ ਕਿ ਪੀਏਯੂ ਦੀਆਂ ਸੰਚਾਰ ਸੇਵਾਵਾਂ ਕਿਸਾਨਾਂ ਤੱਕ ਪੁਚਾਉਣ ਵਿੱਚ ਆਕਾਸ਼ਵਾਣੀ ਨੇ ਇਤਿਹਾਸਕ ਯੋਗਦਾਨ ਪਾਇਆ ਹੈ। ਉਨ੍ਹਾਂ ਨੇ ਭਵਿੱਖ ਵਿੱਚ ਵੀ ਇਹ ਸਹਿਯੋਗ ਲਗਾਤਾਰ ਜਾਰੀ ਰਹਿਣ ਦੀ ਆਸ ਪ੍ਰਗਟਾਈ।