For the best experience, open
https://m.punjabitribuneonline.com
on your mobile browser.
Advertisement

ਆੜੀ

12:10 PM Jun 09, 2024 IST
ਆੜੀ
Advertisement

ਡਾ. ਇਕਬਾਲ ਸਿੰਘ ਸਕਰੌਦੀ

ਕਥਾ ਪ੍ਰਵਾਹ

ਨਵਾਂ ਵਰ੍ਹਾ ਚੜ੍ਹੇ ਨੂੰ ਅਜੇ ਪੰਦਰਾਂ ਕੁ ਦਿਨ ਹੀ ਲੰਘੇ ਸਨ। ਕਹਿਰਾਂ ਦੀ ਠੰਢ ਪੈ ਰਹੀ ਸੀ। ਧੁੰਦ ਦੀ ਦੁੱਧ ਚਿੱਟੀ ਚਾਦਰ ਨੇ ਸਾਰੇ ਪੰਜਾਬ ਨੂੰ ਆਪਣੇ ਕਲਾਵੇ ਵਿੱਚ ਲਿਆ ਹੋਇਆ ਸੀ। ਸਵੇਰ ਵੇਲੇ ਤਾਂ ਧੁੰਦ ਕਾਰਨ ਹੱਥ ਨੂੰ ਹੱਥ ਵਿਖਾਈ ਨਹੀਂ ਸੀ ਦਿੰਦਾ। ਦਸ ਗਿਆਰਾਂ ਵਜੇ ਜਾ ਕੇ ਸੂਰਜ ਦੇ ਮੱਧਮ ਜਿਹੇ ਦਰਸ਼ਨ ਦੀਦਾਰੇ ਹੁੰਦੇ ਸਨ। ਕਦੇ-ਕਦੇ ਤਾਂ ਬਾਅਦ ਦੁਪਹਿਰ ਢਾਈ ਤਿੰਨ ਵਜੇ ਹੀ ਧੁੰਦ ਪੈਣੀ ਸ਼ੁਰੂ ਹੋ ਜਾਂਦੀ ਸੀ।
ਹਿਰਦੈ ਪਾਲ ਸਿੰਘ ਫਿਜ਼ੀਕਲ ਐਜੂਕੇਸ਼ਨ ਕਾਲਜ ਪਟਿਆਲਾ ਵਿੱਚ ਐੱਮ.ਪੀ.ਐੱਡ. ਕਰਦਾ ਸੀ। ਕਾਲਜ ਤੋਂ ਉਸ ਦਾ ਸ਼ਹਿਰ ਸੁਨਾਮ ਲਗਪਗ ਸੱਤਰ ਕਿਲੋਮੀਟਰ ਦੂਰ ਸੀ। ਆਮ ਤੌਰ ’ਤੇ ਉਹ ਦੋ ਢਾਈ ਮਹੀਨਿਆਂ ਬਾਅਦ ਆਪਣੇ ਘਰ ਜਾਂਦਾ ਸੀ।
ਅੱਜ ਸ਼ਨਿੱਚਰਵਾਰ ਸੀ। ਸ਼ਾਮ ਦੇ ਛੇ ਵਜੇ ਸਨ। ਹੁਣ ਤੱਕ ਹੋਸਟਲ ਦੇ ਬਹੁਤ ਸਾਰੇ ਵਿਦਿਆਰਥੀ ਆਪੋ ਆਪਣੇ ਬੈਗ ਲੈ ਕੇ ਆਪਣੇ ਘਰਾਂ ਨੂੰ ਜਾਣ ਲਈ ਹੋਸਟਲ ਵਿੱਚੋਂ ਚਲੇ ਗਏ ਸਨ। ਉਹ ਭਾਵੇਂ ਪਿਛਲੇ ਮਹੀਨੇ ਹੀ ਆਪਣੇ ਘਰ ਜਾ ਕੇ ਆਇਆ ਸੀ, ਪਰ ਅਚਾਨਕ ਉਸ ਦੇ ਮਨ ਵਿੱਚ ਬਿਜਲੀ ਦੀ ਤੇਜ਼ੀ ਵਾਂਗ ਇੱਕ ਖ਼ਿਆਲ ਆਇਆ। ਉਹ ਆਪਣੇ ਬੈੱਡ ਤੋਂ ਇਕਦਮ ਉੱਠਿਆ। ਅਲਮਾਰੀ ਵਿੱਚੋਂ ਬੈਗ ਕੱਢਿਆ। ਕਾਹਲੀ ਨਾਲ ਉਸ ਵਿੱਚ ਕੱਪੜੇ ਪਾਏ। ਪੱਗ ਬੰਨ੍ਹੀ। ਵਾਰਮ ਅੱਪ ਸ਼ੂ ਪਾ, ਉਹ ਹੋਸਟਲ ਦੀਆਂ ਪੌੜੀਆਂ ਦਗੜ-ਦਗੜ ਕਰਦਾ ਥੱਲੇ ਉਤਰ ਗਿਆ।
ਪਾਸੀ ਰੋਡ ਉੱਤੇ ਆ ਕੇ ਉਹ ਖਲੋ ਗਿਆ। ਉਸ ਨੇ ਇੱਕ ਦੋ ਮਿੰਟਾਂ ਤੱਕ ਕਿਸੇ ਆਟੋ ਦੀ ਉਡੀਕ ਕੀਤੀ। ਪਰ ਜਦੋਂ ਉਸ ਨੂੰ ਕੁਝ ਵੀ ਆਉਂਦਾ ਵਿਖਾਈ ਨਾ ਦਿੱਤਾ, ਉਹ ਕਾਹਲੇ ਕਦਮੀਂ ਬੱਸ ਅੱਡੇ ਦੇ ਰਾਹ ਪੈ ਗਿਆ। ਗੁਰਦੁਆਰਾ ਦੁਖਨਿਵਾਰਨ ਸਾਹਿਬ ਦੇ ਸਾਹਮਣਿਓਂ ਲੰਘਦਿਆਂ ਉਸ ਨੇ ਬਾਹਰੋਂ ਹੀ ਮੱਥਾ ਟੇਕਿਆ। ਅੱਗੇ ਬੱਤੀਆਂ ਵਾਲੇ ਚੌਕ ਵਿੱਚ ਇੱਕ ਆਟੋ ਵਿੱਚ ਜਾ ਬੈਠਿਆ। ਆਟੋ ਵਾਲੇ ਨੇ ਬੱਸ ਅੱਡੇ ਤੋਂ ਬਾਹਰ ਰੇਲਵੇ ਫਾਟਕ ਕੋਲ ਉਸ ਨੂੰ ਉਤਾਰ ਦਿੱਤਾ। ਕਾਹਲੇ ਕਦਮੀਂ ਉਹ ਬੱਸ ਅੱਡੇ ਵਿੱਚ ਪਹੁੰਚਿਆ। ਮਾਨਸਾ ਨੂੰ ਜਾਣ ਵਾਲੀ ਆਖ਼ਰੀ ਬੱਸ ਕਾਊਂਟਰ ਉੱਤੇ ਲੱਗੀ ਖੜ੍ਹੀ ਸੀ।
ਟਿਕਟ ਲੈ ਕੇ ਉਹ ਪਿਛਲੀ ਤਾਕੀ ਚੜ੍ਹ ਕੇ ਇੱਕ ਸੀਟ ਉੱਤੇ ਜਾ ਬੈਠਿਆ। ਉਸ ਨੇ ਵੇਖਿਆ ਕਿ ਆਧੁਨਿਕ ਹਥਿਆਰਾਂ ਨਾਲ ਲੈਸ ਪੁਲੀਸ ਦੇ ਚਾਰ ਜਵਾਨ ਬੱਸ ਦੀ ਆਖ਼ਰੀ ਸੀਟ ਉੱਤੇ ਬੈਠੇ ਗੱਪਸ਼ੱਪ ਕਰ ਰਹੇ ਸਨ। ਸਵਾ ਸੱਤ ਵੱਜ ਚੁੱਕੇ ਸਨ। ਹੁਣ ਤੱਕ ਤੀਹ ਬੱਤੀ ਸਵਾਰੀਆਂ ਬੱਸ ਵਿੱਚ ਆ ਬੈਠੀਆਂ ਸਨ ਜਿਨ੍ਹਾਂ ਵਿੱਚ ਜ਼ਨਾਨਾ ਸਵਾਰੀਆਂ ਕੇਵਲ ਤਿੰਨ ਹੀ ਸਨ। ਉਸੇ ਵੇਲੇ ਕੰਡਕਟਰ ਨੇ ਸੀਟੀ ਵਜਾਈ। ਖੁੱਲ੍ਹੀ ਲੰਮੀ ਦਾੜ੍ਹੀ ਵਾਲੇ ਸਰਦਾਰ ਡਰਾਈਵਰ ਨੇ ਬੱਸ ਸਟਾਰਟ ਕੀਤੀ। ਅਗਲੇ ਹੀ ਪਲ ਬੱਸ ਹਵਾ ਨਾਲ ਗੱਲਾਂ ਕਰਦੀ ਪੁਲ ਉੱਪਰੋਂ ਲੰਘ ਰਹੀ ਸੀ।
ਜਿਉਂ ਹੀ ਟਿਕਟਾਂ ਕੱਟਦਾ ਕੰਡਕਟਰ ਉਸ ਦੇ ਨੇੜੇ ਆਇਆ, ਉਸ ਨੇ ਸੁਨਾਮ ਦੀ ਟਿਕਟ ਲੈ ਲਈ। ਉਸ ਦੇ ਬਰਾਬਰ ਵਾਲੀ ਤਿੰਨ ਵਾਲੀ ਸੀਟ ਉੱਤੇ ਇੱਕ ਅੱਧਖੜ੍ਹ ਉਮਰ ਦੀ ਔਰਤ ਅਤੇ ਦੋ ਮੁਟਿਆਰਾਂ ਬੈਠੀਆਂ ਸਨ। ਔਰਤ ਨੇ ਭਵਾਨੀਗੜ੍ਹ ਦੀਆਂ ਦੋ ਟਿਕਟਾਂ ਕਟਾਈਆਂ। ਉਨ੍ਹਾਂ ਦੇ ਨਾਲ ਸੀਟ ਉੱਤੇ ਬੈਠੀ ਮੁਟਿਆਰ ਨੇ ਸੁਨਾਮ ਦੀ ਟਿਕਟ ਲੈ ਲਈ। ਅਗਲੇ ਹੀ ਪਲ ਉਸ ਨੇ ਆਪਣੇ ਬੈਗ ਵਿੱਚੋਂ ਖ਼ੁਸ਼ਵੰਤ ਸਿੰਘ ਦੀ ਲਿਖੀ ਰਚਨਾ ‘ਟ੍ਰੇਨ ਟੂ ਪਾਕਿਸਤਾਨ’ ਕੱਢੀ ਤੇ ਪੜ੍ਹਨੀ ਸ਼ੁਰੂ ਕਰ ਦਿੱਤੀ। ਜਿਉਂ-ਜਿਉਂ ਬੱਸ ਦੀ ਰਫ਼ਤਾਰ ਤੇਜ਼ੀ ਫੜਦੀ ਜਾ ਰਹੀ ਸੀ, ਤਿਉਂ-ਤਿਉਂ ਉਸ ਵੱਲੋਂ ਪੜ੍ਹੇ ਵਿਚਾਰਾਂ ਦੀ ਲੜੀ ਵੀ ਰਫ਼ਤਾਰ ਫੜਦੀ ਜਾ ਰਹੀ ਸੀ।
ਅਚਾਨਕ ਡਰਾਈਵਰ ਨੇ ਬੜੀ ਤੇਜ਼ੀ ਨਾਲ ਬ੍ਰੇਕ ਲਗਾਏ। ਉਸੇ ਪਲ ਪੜ੍ਹਨ ਵੱਲੋਂ ਉਸ ਦਾ ਧਿਆਨ ਟੁੱਟਿਆ। ਦਸ ਗਿਆਰਾਂ ਸਵਾਰੀਆਂ ਭਵਾਨੀਗੜ੍ਹ ਦੇ ਬੱਸ ਅੱਡੇ ਉੱਤੇ ਉਤਰ ਗਈਆਂ ਸਨ, ਪਰ ਚੜ੍ਹਨ ਵਾਲੀਆਂ ਸਵਾਰੀਆਂ ਕੇਵਲ ਚਾਰ ਹੀ ਸਨ।
‘‘ਬਾਬਾ ਜੀ, ਤੁਸੀਂ ਸੁਨਾਮ ਜਾਉਗੇ!’’ ਤਿੰਨ ਵਾਲੀ ਸੀਟ ਉੱਤੇ ਇਕੱਲੀ ਬੈਠੀ ਮੁਟਿਆਰ ਨੇ ਅਗਲੀ ਸੀਟ ਉੱਤੇ ਬੈਠੇ ਦੁੱਧ ਚਿੱਟੇ ਦਾੜ੍ਹੇ ਵਾਲੇ ਸੱਜਣ ਨੂੰ ਪੁੱਛਿਆ।
‘‘ਨਹੀਂ ਪੁੱਤ, ਮੈਂ ਤਾਂ ਮਹਿਲਾਂ ਚੌਂਕ ਉਤਰਨਾ ਹੈ।’’ ਬਜ਼ੁਰਗ ਨੇ ਕਿਹਾ। ਤਦ ਉਸ ਮੁਟਿਆਰ ਨੇ ਇੱਕ ਹੋਰ ਹਿੰਦੂ ਜੈਂਟਲਮੈਨ ਨੂੰ ਪੁੱਛਿਆ, ‘‘ਸਰ, ਕੀ ਤੁਸੀਂ ਸੁਨਾਮ ਜਾਉਗੇ?’’ ਉਸ ਸੱਜਣ ਨੇ ਬੜੀ ਸ਼ਾਲੀਨਤਾ ਨਾਲ ਆਖਿਆ, ‘‘ਨਹੀਂ ਪੁੱਤਰ! ਮੇਰਾ ਪਿੰਡ ਮੌੜ ਹੈ। ਮਹਿਲਾਂ ਚੌਂਕ ਉੱਤਰ ਕੇ ਅੱਗੋਂ ਮੈਂ ਆਪਣੇ ਸਕੂਟਰ ਉੱਤੇ ਪਿੰਡ ਜਾਵਾਂਗਾ।’’ ਉਸ ਦਾ ਉੱਤਰ ਸੁਣ ਕੇ ਮੁਟਿਆਰ ਇਕਦਮ ਗੰਭੀਰ ਹੋ ਗਈ। ਅਚਾਨਕ ਉਸ ਦੇ ਚਿਹਰੇ ਉੱਤੇ ਚਿੰਤਾ, ਫ਼ਿਕਰ ਅਤੇ ਡਰ ਦੇ ਭਾਵ ਉੱਤਰ ਆਏ ਸਨ।
ਪਹਿਲਾਂ ਤਾਂ ਉਸ ਦੇ ਮਨ ਵਿੱਚ ਆਇਆ, ਚੱਲ ਹੋਊ! ਮੈਂ ਕੀ ਲੈਣੈ? ਫਿਰ ਅਚਾਨਕ ਉਸ ਦੀ ਦੂਜਿਆਂ ਦੇ ਕੰਮ ਆਉਣ ਵਾਲੀ ਖਿਡਾਰੀ ਵਾਲੀ ਸੋਚ ਨੇ ਜ਼ੋਰ ਫੜਿਆ। ਉਸ ਨੇ ਮੁਟਿਆਰ ਨੂੰ ਕਿਹਾ, ‘‘ਭੈਣ, ਮੈਂ ਸੁਨਾਮ ਜਾਣਾ ਹੈ। ਤੂੰ ਕੋਈ ਫ਼ਿਕਰ ਨਾ ਕਰ। ਮੈਂ ਸੁਨਾਮ ਉਤਰ ਕੇ ਪਹਿਲਾਂ ਤੈਨੂੰ ਤੇਰੇ ਘਰ ਛੱਡ ਕੇ ਫਿਰ ਬਾਅਦ ਵਿੱਚ ਆਪਣੇ ਘਰ ਜਾਵਾਂਗਾ। ਹੁਣ ਤੂੰ ਨਿਸ਼ਚਿੰਤ ਹੋ ਕੇ ਬਹਿ ਜਾ।’’
ਹਿਰਦੈ ਪਾਲ ਵੱਲੋਂ ਮੁਟਿਆਰ ਨੂੰ ਭੈਣ ਦੇ ਸੰਬੋਧਨ ਨਾਲ ਬੁਲਾਉਣ ਕਰਕੇ ਕੁੜੀ ਦਾ ਤੌਖ਼ਲਾ ਕਾਫ਼ੀ ਹੱਦ ਤੱਕ ਘਟ ਚੁੱਕਾ ਸੀ। ਇਹ ਕੁੜੀਆਂ ਵਿੱਚ ਇੱਕ ਸਹਿਜ ਵਰਤਾਰਾ ਹੁੰਦਾ ਹੈ ਕਿ ਉਹ ਭੈਣ ਕਹਿਣ ਵਾਲੇ ਕਿਸੇ ਵੀ ਵਿਅਕਤੀ ਨੂੰ ਆਪਣਾ ਮਾਂ ਜਾਇਆ ਭਰਾ ਹੀ ਸਮਝ ਲੈਂਦੀਆਂ ਹਨ।
ਰਾਤ ਦੇ ਨੌਂ ਵੱਜ ਚੁੱਕੇ ਸਨ। ਜਿਉਂ ਹੀ ਬੱਸ, ਬੱਸ ਅੱਡੇ ਦੇ ਅੰਦਰ ਪਹੁੰਚੀ ਤਾਂ ਲਗਪਗ ਸਾਰਾ ਬੱਸ ਅੱਡਾ ਸੁੰਨਾ ਪਿਆ ਸੀ। ਦਸ ਕੁ ਸਵਾਰੀਆਂ ਬੱਸ ਵਿੱਚੋਂ ਉਤਰ ਗਈਆਂ। ਹਿਰਦੈ ਪਾਲ ਨੇ ਉਸ ਨੂੰ ਪੁੱਛਿਆ, ‘‘ਤੁਹਾਡਾ ਘਰ ਕਿਹੜੇ ਮੁਹੱਲੇ ਵਿੱਚ ਹੈ?’’
‘‘ਵੀਰ, ਸਾਡਾ ਘਰ ਮੁਹੱਲਾ ਅਜੀਤ ਨਗਰ ਵਿੱਚ ਗੁਰਦੁਆਰਾ ਇਮਲੀ ਸਾਹਿਬ ਦੇ ਬਿਲਕੁਲ ਨਾਲ ਹੈ।’’ ਕੁੜੀ ਨੇ ਬਹੁਤ ਹੀ ਹੌਲੀ ਜਿਹੀ ਆਵਾਜ਼ ਵਿੱਚ ਕਿਹਾ।
‘‘ਠੀਕ ਹੈ। ਅਜੀਤ ਨਗਰ ਤਾਂ ਆਹ ਰੇਲਵੇ ਲਾਈਨ ਪਾਰ ਕਰਕੇ ਬਿਲਕੁਲ ਨੇੜੇ ਹੈ। ਆਓ, ਆਪਾਂ ਦਸ ਮਿੰਟ ਤੋਂ ਪਹਿਲਾਂ ਤੁਹਾਡੇ ਘਰ ਅੱਪੜ ਜਾਵਾਂਗੇ।’’ ਉਸ ਨੇ ਕਿਹਾ। ਅਗਲੇ ਹੀ ਪਲ ਉਹ ਅੱਗੇ-ਅੱਗੇ ਤੁਰ ਪਿਆ। ਕੁੜੀ ਵੀ ਤੌਖ਼ਲੇ ਭਰੇ ਡਰ ਨਾਲ ਉਸ ਦੇ ਨਾਲ-ਨਾਲ ਤੁਰ ਪਈ। ਰਾਹ ਵਿੱਚ ਦੋਵਾਂ ਨੇ ਕੋਈ ਵੀ ਗੱਲ ਸਾਂਝੀ ਨਾ ਕੀਤੀ।
ਅਜੀਤ ਨਗਰ ਮੁਹੱਲੇ ਵਿੱਚ ਦਾਖ਼ਲ ਹੁੰਦੇ ਸਾਰ ਹੀ ਸਾਹਮਣੇ ਗੁਰਦੁਆਰਾ ਇਮਲੀ ਸਾਹਿਬ ਦਾ ਉੱਚਾ ਨਿਸ਼ਾਨ ਸਾਹਿਬ ਹਵਾ ਵਿੱਚ ਪੂਰੀ ਸ਼ਾਨ ਨਾਲ ਝੂਲਦਾ ਦਿਖਾਈ ਦੇ ਰਿਹਾ ਸੀ। ਨਾਲ ਹੀ ਮਰਕਰੀ ਬੱਲਬ ਦੀ ਰੌਸ਼ਨੀ ਹਨੇਰੇ ਨੂੰ ਮਾਤ ਪਾ ਰਹੀ ਸੀ। ਗੁਰਦੁਆਰਾ ਸਾਹਿਬ ਤੋਂ ਅੱਗੇ ਲੰਘ ਕੇ ਦੂਜੀ ਗਲ਼ੀ ਵਿੱਚ ਕੁੜੀ ਦਾ ਘਰ ਸੀ। ਘਰ ਦੇ ਸਾਹਮਣੇ ਜਾ ਕੇ ਉਹ ਇਕਦਮ ਰੁਕ ਗਈ। ਆਪਣੇ ਖੱਬੇ ਹੱਥ ਦੇ ਇਸ਼ਾਰੇ ਨਾਲ ਉਸ ਨੇ ਮੁੰਡੇ ਨੂੰ ਆਖਿਆ, ‘‘ਵੀਰ ਜੀ! ਆਹ ਸਾਡਾ ਘਰ ਹੈ। ਤੁਸੀਂ ਅੰਦਰ ਆ ਜਾਓ। ਮੇਰੇ ਮੰਮੀ ਡੈਡੀ ਨੂੰ ਇੱਕ ਵਾਰੀ ਮਿਲ ਲਵੋ।’’
ਪਰ ਉਹ ਬਾਹਰੋਂ ਹੀ ਮੁੜ ਜਾਣਾ ਚਾਹੁੰਦਾ ਸੀ। ਉਸ ਨੇ ਬਹੁਤ ਹੀ ਸ਼ਾਲੀਨਤਾ ਨਾਲ ਕੁੜੀ ਨੂੰ ਆਖਿਆ, ‘‘ਨਹੀਂ ਭੈਣੇ! ਮੈਂ ਹੁਣ ਆਪਣੇ ਘਰ ਪੀਰਾਂ ਵਾਲਾ ਗੇਟ ਜਾਣਾ ਹੈ। ਪਹਿਲਾਂ ਹੀ ਕਾਫ਼ੀ ਲੇਟ ਹੋ ਚੁੱਕਾ ਹਾਂ। ਮੇਰੇ ਬੀਜੀ ਬਾਪੂ ਜੀ ਫ਼ਿਕਰ ਕਰਦੇ ਹੋਣਗੇ।’’
ਕੁੜੀ ਦੇ ਬਹੁਤ ਜ਼ਿਆਦਾ ਜ਼ੋਰ ਦੇਣ ’ਤੇ ਉਹ ਘਰ ਦੇ ਅੰਦਰ ਚਲਾ ਗਿਆ। ਸਾਹਮਣੇ ਵਰਾਂਡੇ ਵਿੱਚ ਤਖ਼ਤਪੋਸ਼ ਡੱਠਾ ਹੋਇਆ ਸੀ। ਇੱਕ ਸੇਠ ਲੋਈ ਦੀ ਬੁੱਕਲ ਮਾਰੀ ਉਸ ਉੱਤੇ ਬੈਠਾ ਸੀ। ਕੁੜੀ ਨੇ ਜਾਂਦਿਆਂ ਹੀ ਆਪਣੇ ਡੈਡੀ ਨੂੰ ਸੰਬੋਧਨ ਹੁੰਦਿਆਂ ਕਿਹਾ, ‘‘ਨਮਸਤੇ ਡੈਡੀ ਜੀ। ਇਹ ਵੀਰ ਜੀ ਸੁਨਾਮ ਦੇ ਹੀ ਰਹਿਣ ਵਾਲੇ ਹਨ। ਪਟਿਆਲੇ ਤੋਂ ਅਸੀਂ ਇਕੱਠੇ ਇੱਕੋ ਬੱਸ ਵਿੱਚ ਆਏ ਹਾਂ। ਹਨੇਰਾ ਬਹੁਤਾ ਹੋ ਜਾਣ ਕਰਕੇ ਮੈਂ ਇਨ੍ਹਾਂ ਵੀਰ ਜੀ ਨੂੰ ਕਿਹਾ ਸੀ। ਇਹ ਮੇਰੇ ਕਹਿਣ ਉੱਤੇ ਹੀ ਮੈਨੂੰ ਘਰ ਛੱਡਣ ਆਏ ਹਨ।’’
ਸੇਠ ਨੇ ਉੱਠ ਕੇ ਮੁੰਡੇ ਦਾ ਸੁਆਗਤ ਕਰਦਿਆਂ ਕਿਹਾ, ‘‘ਸ਼ਾਬਾਸ਼ ਕਾਕਾ! ਤੂੰ ਬਹੁਤ ਚੰਗਾ ਕੀਤਾ ਜੋ ਅਰਾਧਨਾ ਨੂੰ ਏਸ ਵੇਲੇ ਘਰ ਤੱਕ ਛੱਡਣ ਆਇਆ ਹੈਂ। ਸ਼ਾਬਾਸ਼ ਭਾਈ! ਸ਼ਾਬਾਸ਼ ਤੇਰੇ!!!’’
‘‘ਨਹੀਂ ਬਾਊ ਜੀ! ਇਹਦੇ ਵਿੱਚ ਸ਼ਾਬਾਸ਼ ਵਾਲੀ ਕਿਹੜੀ ਗੱਲ ਹੈ? ਬੰਦਾ ਹੀ ਬੰਦੇ ਦੇ ਕੰਮ ਆਉਂਦਾ ਹੈ। ਇਹ ਭੈਣ ਬੱਸ ਵਿੱਚ ਬੜੀ ਚਿੰਤਾ ਕਰ ਰਹੀ ਸੀ। ਇਸ ਦੀ ਘਬਰਾਹਟ ਵੇਖ ਕੇ ਮੈਂ ਇਸ ਨੂੰ ਕਹਿ ਦਿੱਤਾ ਸੀ ਕਿ ਇਹ ਕੋਈ ਫ਼ਿਕਰ ਨਾ ਕਰੇ। ਮੈਂ ਖ਼ੁਦ ਤੈਨੂੰ ਪਹਿਲਾਂ ਘਰ ਛੱਡਣ ਜਾਵਾਂਗਾ। ਬਾਅਦ ਵਿੱਚ ਹੀ ਮੈਂ ਆਪਣੇ ਘਰ ਜਾਵਾਂਗਾ। ਹੁਣ ਮੈਨੂੰ ਆਗਿਆ ਦਿਉ ਜੀ। ਮੇਰੇ ਬੀਜੀ ਬਾਪੂ ਜੀ ਮੇਰੇ ਘਰ ਨਾ ਪਹੁੰਚਣ ਕਰਕੇ ਫ਼ਿਕਰ ਵਿੱਚ ਪਏ ਹੋਣਗੇ।’’ ਮੁੰਡੇ ਨੇ ਆਖਿਆ।
‘‘ਨਹੀਂ ਕਾਕਾ! ਇਸ ਤਰ੍ਹਾਂ ਭੁੱਖਣ ਭਾਣੇ ਮੈਂ ਤੁਹਾਨੂੰ ਨਹੀਂ ਜਾਣ ਦਿਆਂਗਾ। ਪ੍ਰਸ਼ਾਦਾ ਤਿਆਰ ਹੋ ਰਿਹਾ ਹੈ। ਭੋਜਨ ਛਕਾ ਕੇ ਹੀ ਘਰ ਭੇਜਾਂਗਾ।’’ ਸੇਠ ਨੇ ਆਖਿਆ।
ਉਸੇ ਵੇਲੇ ਇੱਕੀ ਬਾਈ ਸਾਲਾਂ ਦਾ ਜੁਆਨ ਬਾਹਰੋਂ ਆਇਆ। ਜਿਉਂ ਹੀ ਉਸ ਦੀ ਨਜ਼ਰ ਹਿਰਦੈ ਪਾਲ ਉੱਤੇ ਪਈ, ਉਸ ਨੇ ਯਕਦਮ ਕਿਹਾ, ‘‘ਹਿਰਦੈ, ਤੂੰ! ਯਾਰ, ਤੂੰ ਅਚਾਨਕ ਕਿਵੇਂ ਮੇਰੇ ਘਰ ਆ ਗਿਆ! ਮੇਰੇ ਤੋਂ ਤਾਂ ਆਪਣੀ ਖ਼ੁਸ਼ੀ ਸਾਂਭੀ ਨਹੀਂ ਜਾਂਦੀ।’’
ਹਿਰਦੈ ਪਾਲ ਆਪਣੇ ਸੱਤ ਸਾਲ ਪੁਰਾਣੇ ਜਮਾਤੀ ਹੇਮ ਰਾਜ ਗੋਇਲ ਨੂੰ ਵੇਖ ਕੇ ਖ਼ੁਸ਼ ਅਤੇ ਹੈਰਾਨ ਹੋ ਕੇ ਬੋਲਿਆ, ‘‘ਓਏ ਸੇਠਾ! ਇਹ ਤੇਰਾ ਘਰ ਐ? ਅਰਾਧਨਾ ਤੇਰੀ ਭੈਣ ਐ?’’ ਇੰਨਾ ਕਹਿ ਕੇ ਦੋਵੇਂ ਯਾਰਾਂ ਨੇ ਘੁੱਟ ਕੇ ਜੱਫ਼ੀ ਪਾ ਲਈ।
ਅਜੇ ਉਹ ਦੋਵੇਂ ਇੱਕ ਦੂਜੇ ਨੂੰ ਜੱਫ਼ੀ ਵਿੱਚ ਘੁੱਟ ਹੀ ਰਹੇ ਸਨ ਕਿ ਅਰਾਧਨਾ ਇੱਕ ਟਰੇਅ ਵਿੱਚ ਪਾਣੀ ਦੇ ਦੋ ਗਿਲਾਸ ਰੱਖ ਕੇ ਲੈ ਆਈ। ਪਾਣੀ ਦੇ ਭਰੇ ਗਿਲਾਸ ਉਸ ਨੇ ਦੋਵਾਂ ਨੂੰ ਫੜਾ ਦਿੱਤੇ। ਫਿਰ ਉਹ ਮੁਸਕੁਰਾ ਕੇ ਬੋਲੀ, ‘‘ਵੀਰ ਜੀ! ਮੈਂ ਤੁਹਾਡੀ ਦੋਵਾਂ ਦੀ ਹੀ ਭੈਣ ਹਾਂ।’’
ਪਾਣੀ ਪੀਣ ਉਪਰੰਤ ਉਸ ਨੂੰ ਇਹ ਤਾਂ ਭੁੱਲ ਹੀ ਗਿਆ ਕਿ ਉਸ ਨੂੰ ਆਪਣੇ ਘਰ ਜਾਣ ਤੋਂ ਦੇਰੀ ਹੋ ਰਹੀ ਹੈ। ਦੋਵੇਂ ਆੜੀ ਸਕੂਲ ਵੇਲੇ ਦੀਆਂ ਗੱਲਾਂ ਵਿੱਚ ਗੁਆਚ ਗਏ ਸਨ।

Advertisement

ਸੰਪਰਕ: 84276-85020

Advertisement
Author Image

sukhwinder singh

View all posts

Advertisement
Advertisement
×