ਠੇਕੇ ’ਤੇ ਹੋਏ ਝਗੜੇ ਵਿੱਚ ਨੌਜਵਾਨ ਦੀ ਹੱਤਿਆ
ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 24 ਨਵੰਬਰ
ਇੱਥੇ ਥਾਣਾ ਡਿਵੀਜ਼ਨ ਨੰਬਰ-1 ਦੇ ਇਲਾਕੇ ’ਚ ਰੇਲਵੇ ਸਟੇਸ਼ਨ ਦੇ ਨੇੜੇ ਸ਼ਰਾਬ ਦੇ ਠੇਕੇ ’ਤੇ ਹੋਏ ਝਗੜੇ ਵਿੱਚ ਇਕ ਨੌਜਵਾਨ ਦੀ ਕੁੱਟ-ਕੁੱਟ ਕੇ ਹੱਤਿਆ ਕਰ ਦਿੱਤੀ। ਇਸ ਸਬੰਧ ’ਚ ਪੁਲੀਸ ਨੇ ਤਿੰਨ ਮੁਲਜ਼ਮਾਂ ਨੂੰ ਕਾਬੂ ਕੀਤਾ ਹੈ, ਜਦੋਂ ਕਿ ਦੋ ਜਣੇ ਫਰਾਰ ਹਨ। ਪੁਲੀਸ ਅਨੁਸਾਰ ਇਹ ਘਟਨਾ ਰਾਤ ਇੱਕ ਵਜੇ ਦੀ ਦੱਸੀ ਜਾ ਰਹੀ ਹੈ। ਰੇਲਵੇ ਸਟੇਸ਼ਨ ਦੇ ਬਾਹਰ ਸ਼ਰਾਬ ਦੇ ਠੇਕੇ ’ਤੇ ਬੀਅਰ ਦੀ ਬੋਤਲ ਖਰੀਦਣ ਨੂੰ ਲੈ ਕੇ ਕੁਝ ਨੌਜਵਾਨਾਂ ’ਚ ਬਹਿਸ ਹੋ ਗਈ। ਇਸ ਦੌਰਾਨ ਪੰਜ ਨੌਜਵਾਨਾਂ ਨੇ ਇੱਕ ਨੌਜਵਾਨ ਦੀ ਕੁੱਟਮਾਰ ਕਰ ਕੇ ਉਸ ਦੀ ਹੱਤਿਆ ਕਰ ਦਿੱਤੀ।
ਮ੍ਰਿਤਕ ਦੀ ਪਛਾਣ ਕਮਲਜੀਤ ਸਿੰਘ (19) ਵਾਸੀ ਮੁਹੱਲਾ ਆਦਰਸ਼ ਨਗਰ ਸਮਰਾਲਾ ਚੌਕ ਵਜੋਂ ਹੋਈ ਹੈ। ਏਸੀਪੀ ਅਨਿਲ ਕੁਮਾਰ ਭਨੌਟ ਨੇ ਦੱਸਿਆ ਕਿ ਘਟਨਾ ਦੀ ਸੂਚਨਾ ਮਿਲਣ ਤੋਂ ਤੁਰੰਤ ਬਾਅਦ ਥਾਣਾ ਡਿਵੀਜ਼ਨ ਨੰਬਰ ਇੱਕ ਦੀ ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਤੇ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਹੈ। ਮੁਲਜ਼ਮਾਂ ਦੀ ਪਛਾਣ ਹੈਪੀ, ਸ਼ਿਵਾ, ਅੰਕਿਤ, ਸੁਨੀਲ ਅਤੇ ਸੰਦੀਪ ਵਾਸੀਆਨ ਮੁਹੱਲਾ ਸੰਤਪੁਰਾ ਧੂਰੀ ਲਾਈਨ ਵਾਸੀਆਨ ਵਜੋਂ ਹੋਈ ਹੈ, ਜਿਨ੍ਹਾਂ ’ਚੋਂ ਹੈਪੀ, ਸ਼ਿਵਾ ਤੇ ਅੰਕਿਤ ਗ੍ਰਿਫ਼ਤਾਰ ਕੀਤੇ ਗਏ ਹਨ ਤੇ ਦੋ ਹਾਲੇ ਫਰਾਰ ਹਨ। ਪਰਿਵਾਰ ਦੇ ਮੈਂਬਰ ਰਾਜ ਕੁਮਾਰ ਨੇ ਦੱਸਿਆ ਕਿ ਕਮਲਜੀਤ ਘਰੋਂ ਕਿਸੇ ਕੰਮ ਲਈ ਬਾਹਰ ਗਿਆ ਸੀ ਤੇ ਉਸ ਦਾ ਮੁਲਜ਼ਮਾਂ ਨਾਲ ਝਗੜਾ ਹੋ ਗਿਆ। ਉਨ੍ਹਾਂ ਕਮਲਜੀਤ ਦੀ ਹੱਤਿਆ ਕਰ ਦਿੱਤੀ। ਪਰਿਵਾਰ ਨੇ ਮੰਗ ਕੀਤੀ ਕਿ ਪੁਲੀਸ ਤੁਰੰਤ ਕਾਰਵਾਈ ਕਰ ਕੇ ਉਨ੍ਹਾਂ ਨੂੰ ਇਨਸਾਫ ਦਿੱਤਾ ਜਾਵੇ।