ਸੜਕ ਹਾਦਸਿਆਂ ਵਿੱਚ ਇੱਕ ਨੌਜਵਾਨ ਹਲਾਕ ਤੇ ਔਰਤ ਜ਼ਖ਼ਮੀ
ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 13 ਮਾਰਚ
ਇੱਥੇ ਵੱਖ-ਵੱਖ ਥਾਵਾਂ ’ਤੇ ਵਾਪਰੇ ਸੜਕ ਹਾਦਸਿਆਂ ਵਿੱਚ ਇੱਕ ਨੌਜਵਾਨ ਦੀ ਮੌਤ ਹੋ ਗਈ ਹੈ ਜਦੋਂਕਿ ਇੱਕ ਹੋਰ ਹਾਦਸੇ ਵਿੱਚ ਮੋਟਰਸਾਈਕਲ ਪਿਛੇ ਬੈਠੀ ਔਰਤ ਜ਼ਖ਼ਮੀ ਹੋ ਗਈ ਹੈ ਜਿਸ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਾਇਆ ਗਿਆ ਹੈ।
ਥਾਣਾ ਡੇਹਲੋਂ ਦੀ ਪੁਲੀਸ ਨੂੰ ਪਿੰਡ ਤੰਗਾਹੇੜੀ ਵਾਸੀ ਅਮਨਦੀਪ ਸਿੰਘ ਨੇ ਦੱਸਿਆ ਕਿ ਉਹ ਆਪਣੇ ਦੋਸਤ ਗੁਰਵਿੰਦਰ ਸਿੰਘ (28) ਨਾਲ ਸਕੂਟਰ ’ਤੇ ਲਹਿਰਾ ਟੌਲ ਪਲਾਜ਼ਾ ਕੱਟ ਕੋਲ ਪੁੱਜਾ ਤਾਂ ਪੀਆਰਟੀਸੀ ਬੱਸ ਦੇ ਚਾਲਕ ਨੇ ਸਕੂਟਰੀ ਨੂੰ ਫੇਟ ਮਾਰੀ। ਇਸ ਕਾਰਨ ਉਹ ਹੇਠਾਂ ਡਿੱਗ ਪਏ ਅਤੇ ਬੱਸ ਦਾ ਅਗਲਾ ਟਾਇਰ ਗੁਰਵਿੰਦਰ ਸਿੰਘ ਦੇ ਉੱਪਰੋਂ ਲੰਘ ਗਿਆ। ਇਸ ਹਾਦਸੇ ਕਾਰਨ ਉਸ ਦੀ ਘਟਨਾ ਸਥਾਨ ’ਤੇ ਹੀ ਮੌਤ ਹੋ ਗਈ ਜਦੋਂਕਿ ਅਮਨਦੀਪ ਦੇ ਵੀ ਸੱਟਾਂ ਲੱਗੀਆਂ। ਉਸ ਨੇ ਦੱਸਿਆ ਕਿ ਬੱਸ ਚਾਲਕ ਆਪਣੀ ਬੱਸ ਰੋਕ ਕੇ ਮੌਕੇ ਤੋਂ ਭੱਜ ਗਿਆ। ਥਾਣੇਦਾਰ ਰੁਪਿੰਦਰ ਸਿੰਘ ਨੇ ਦੱਸਿਆ ਕਿ ਪੁਲੀਸ ਵੱਲੋਂ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਜਦੋਂਕਿ ਲਾਸ਼ ਪੋਸਟਮਾਰਟਮ ਉਪਰੰਤ ਵਾਰਸਾਂ ਹਵਾਲੇ ਕਰ ਦਿੱਤੀ ਗਈ ਹੈ। ਪੁਲੀਸ ਨੇ ਬੱਸ ਵੀ ਕਬਜ਼ੇ ਵਿੱਚ ਲੈ ਲਈ ਹੈ।
ਇਸੇ ਤਰ੍ਹਾਂ ਥਾਣਾ ਪੀਏਯੂ ਦੀ ਪੁਲੀਸ ਨੂੰ ਵਿੱਕੀ ਕੁਮਾਰ ਵਾਸੀ ਮੁਹੱਲਾ ਗੋਪਾਲ ਨਗਰ ਨੇ ਦੱਸਿਆ ਕਿ ਉਹ ਆਪਣੀ ਪਤਨੀ ਰੂਬੀ ਸਣੇ ਮੋਟਰਸਾਈਕਲ ’ਤੇ ਅਸ਼ੋਕ ਵਿਹਾਰ ਚੌਕ ਪੁੱਜਾ ਤਾਂ ਟਿੱਪਰ ਚਾਲਕ ਬਿੰਦਰ ਸਿੰਘ ਨੇ ਟਿੱਪਰ ਨਾਲ ਮੋਟਰਸਾਈਕਲ ਨੂੰ ਫੇਟ ਮਾਰੀ, ਜਿਸ ਕਾਰਨ ਉਹ ਦੋਵੇਂ ਹੇਠਾਂ ਡਿੱਗ ਪਏ ਅਤੇ ਉਸ ਦੀ ਪਤਨੀ ਸਖ਼ਤ ਜ਼ਖ਼ਮੀ ਹੋ ਗਈ। ਇਲਾਜ ਲਈ ਉਸ ਨੂੰ ਡੀਐੱਮਸੀ ਹਸਪਤਾਲ ਲਿਜਾਇਆ ਗਿਆ। ਇਸ ਦੌਰਾਨ ਟਿੱਪਰ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ। ਥਾਣੇਦਾਰ ਲਖਵਿੰਦਰ ਸਿੰਘ ਨੇ ਦੱਸਿਆ ਕਿ ਪੁਲੀਸ ਵੱਲੋਂ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।
ਸੜਕ ਹਾਦਸੇ ਵਿਚ ਨੌਜਵਾਨ ਦੀ ਮੌਤ
ਮਾਛੀਵਾੜਾ (ਪੱਤਰ ਪ੍ਰੇਰਕ): ਇੱਥੇ ਰਾਹੋਂ ਰੋਡ ’ਤੇ ਵਾਪਰੇ ਸੜਕ ਹਾਦਸੇ ਵਿੱਚ ਨੌਜਵਾਨ ਅਕਾਸ਼ਦੀਪ ਸਿੰਘ (20) ਵਾਸੀ ਪਿੰਡ ਚੱਕੀ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਅਕਾਸ਼ਦੀਪ ਮਾਛੀਵਾੜਾ ਵਿੱਚ ਦੁਕਾਨ ’ਤੇ ਨੌਕਰੀ ਕਰਦਾ ਸੀ। ਮ੍ਰਿਤਕ ਦੇ ਚਾਚਾ ਰੌਸ਼ਨ ਲਾਲ ਨੇ ਪੁਲੀਸ ਕੋਲ ਬਿਆਨ ਦਰਜ ਕਰਵਾਏ ਕਿ ਬੀਤੀ ਰਾਤ ਉਸ ਦਾ ਭਤੀਜਾ ਕੰਮ ਖਤਮ ਕਰ ਕੇ ਮੋਟਰਸਾਈਕਲ ’ਤੇ ਉਸ ਦੇ ਅੱਗੇ ਜਾ ਰਿਹਾ ਸੀ। ਰਾਹੋਂ ਰੋਡ ’ਤੇ ਬਰਿਸ਼ਟਾ ਕੈਫੇ ਨੇੜੇ ਅਣਪਛਾਤੇ ਵਾਹਨ ਦੇ ਚਾਲਕ ਨੇ ਉਸ ਦੇ ਭਤੀਜੇ ਦੇ ਮੋਟਰਸਾਈਕਲ ਨੂੰ ਫੇਟ ਮਾਰ ਦਿੱਤੀ ਤੇ ਫ਼ਰਾਰ ਹੋ ਗਿਆ। ਰੌਸ਼ਨ ਲਾਲ ਨੇ ਕਿਹਾ ਕਿ ਜ਼ਖ਼ਮੀ ਹਾਲਤ ਵਿਚ ਅਕਾਸ਼ਦੀਪ ਨੂੰ ਮਾਛੀਵਾੜਾ ਹਸਪਤਾਲ ਲੈ ਕੇ ਗਿਆ ਜਿੱਥੋਂ ਉਸ ਨੂੰ ਸਮਰਾਲਾ ਹਸਪਤਾਲ ਵਿਚ ਲਿਆਂਦਾ ਗਿਆ ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਮਾਛੀਵਾੜਾ ਪੁਲੀਸ ਵਲੋਂ ਅਣਪਛਾਤੇ ਵਾਹਨ ਚਾਲਕ ਖਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ।