ਸੜਕ ’ਤੇ ਭਰੇ ਮੀਂਹ ਦੇ ਪਾਣੀ ਕਾਰਨ ਵਾਪਰੇ ਹਾਦਸੇ ’ਚ ਨੌਜਵਾਨ ਹਲਾਕ
ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 4 ਮਾਰਚ
ਮੀਂਹ ਦੇ ਕਾਰਨ ਫੋਕਲ ਪੁਆਇੰਟ ਇਲਾਕੇ ’ਚ ਇਕੱਠੇ ਹੋਏ ਪਾਣੀ ’ਚ ਜੈ ਗੁਰਦੇਵ ਨਗਰ ਇਲਾਕੇ ਦੇ ਰਹਿਣ ਵਾਲੇ ਸੰਜੂ ਸਿੰਘ (22) ਦਾ ਮੋਟਰਸਾਈਕਲ ਤਿਲਕ ਗਿਆ ਜਿਸ ਕਾਰਨ ਉਹ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ। ਇਸ ਘਟਨਾ ਮਗਰੋਂ ਨੌਜਵਾਨ ਘਟਨਾ ਸਥਾਨ ’ਤੇ ਤੜਫਦਾ ਰਿਹਾ ਤੇ ਮਦਦ ਲਈ ਅਪੀਲ ਕਰਦਾ ਰਿਹਾ ਪਰ ਕਿਸੇ ਨੇ ਉਸ ਦੀ ਮਦਦ ਨਹੀਂ ਕੀਤੀ। ਲੋਕ ਉਸ ਦੀ ਮਦਦ ਕਰਨ ਦੀ ਥਾਂ ਵੀਡੀਓ ਬਣਾਉਣ ’ਚ ਲੱਗੇ ਰਹੇ। ਜ਼ਖ਼ਮਾਂ ਕਾਰਨ ਆਖ਼ਰ ਉਹ ਬੇਹੋਸ਼ ਹੋ ਗਿਆ ਤਾਂ ਕਿਸੇ ਨੇ ਇਸ ਦੀ ਜਾਣਕਾਰੀ ਪੁਲੀਸ ਨੂੰ ਦਿੱਤੀ। ਸੂਚਨਾ ਮਿਲਣ ਤੋਂ ਬਾਅਦ ਥਾਣਾ ਫੋਕਲ ਪੁਆਇੰਟ ਅਧੀਨ ਆਉਂਦੀ ਚੌਕੀ ਜੀਵਨ ਨਗਰ ਦੀ ਪੁਲੀਸ ਘਟਨਾ ਸਥਾਨ ’ਤੇ ਪੁੱਜੀ। ਪੁਲੀਸ ਨੇ ਜ਼ਖ਼ਮੀ ਨੂੰ ਇਲਾਜ ਲਈ ਹਸਪਤਾਲ ਪਹੁੰਚਾਇਆ, ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲੀਸ ਨੇ ਲਾਸ਼ ਪੋਸਟਮਾਰਟਮ ਲਈ ਭੇਜ ਦਿੱਤੀ।
ਜਾਣਕਾਰੀ ਅਨੁਸਾਰ ਸੰਜੂ ਸਿੰਘ ਘਰਾਂ ਤੇ ਦੁਕਾਨਾਂ ’ਚ ਰੰਗ ਕਰਨ ਦਾ ਕੰਮ ਕਰਦਾ ਸੀ। ਲੁਧਿਆਣਾ ’ਚ ਸੋਮਵਾਰ ਦੀ ਦੇਰ ਰਾਤ ਅਤੇ ਮੰਗਲਵਾਰ ਨੂੰ ਸਵੇਰੇ ਮੀਂਹ ਪਿਆ ਸੀ, ਇਸ ਕਾਰਨ ਕਈ ਇਲਾਕਿਆਂ ’ਚ ਪਾਣੀ ਭਰ ਗਿਆ ਸੀ। ਸੰਜੂ ਮੋਟਰਸਾਈਕਲ ’ਤੇ ਫੋਕਲ ਪੁਆਇੰਟ ਇਲਾਕੇ ਵੱਲ ਜਾਣ ਲੱਗਿਆ ਤਾਂ ਰਸਤੇ ’ਚ ਪਾਣੀ ਖੜ੍ਹਾ ਸੀ। ਉਸ ਦਾ ਮੋਟਰਸਾਈਕਲ ਬੇਕਾਬੂ ਹੋ ਗਿਆ ਤੇ ਸੰਜੂ ਡਿੱਗ ਕੇ ਜ਼ਖਮੀ ਹੋ ਗਿਆ। ਉੱਥੇ ਮੌਜੂਦ ਲੋਕਾਂ ਨੇ ਉਸ ਨੂੰ ਚੁੱਕਣ ਅਤੇ ਮਦਦ ਕਰਨ ਦੀ ਥਾਂ ਉਸ ਦੀ ਵੀਡੀਓ ਬਣਾਉਣੀ ਸ਼ੁਰੂ ਕਰ ਦਿੱਤੀ। ਇਸ ਤੋਂ ਬਾਅਦ ਕਿਸੇ ਨੇ ਪੁਲੀਸ ਨੂੰ ਜਾਣਕਾਰੀ ਦਿੱਤੀ ਅਤੇ ਪੁਲੀਸ ਨੇ ਜ਼ਖ਼ਮੀ ਨੂੰ ਹਸਪਤਾਲ ਪਹੁੰਚਾਇਆ। ਜਾਂਚ ਅਧਿਕਾਰੀ ਚੌਕੀ ਜੀਵਨ ਨਗਰ ਦੇ ਇੰਚਾਰਜ ਏਐਸਆਈ ਦਲਬੀਰ ਸਿੰਘ ਨੇ ਦੱਸਿਆ ਕਿ ਲਾਸ਼ ਪੋਸਟਮਾਰਟਮ ਤੋਂ ਬਾਅਦ ਵਾਰਸਾਂ ਨੂੰ ਸੌਂਪ ਦਿੱਤੀ ਗਈ ਹੈ।
ਸੜਕ ਹਾਦਸੇ ਵਿੱਚ ਇੱਕ ਹਲਾਕ, ਇੱਕ ਜ਼ਖ਼ਮੀ
ਲੁਧਿਆਣਾ (ਨਿੱਜੀ ਪੱਤਰ ਪ੍ਰੇਰਕ): ਥਾਣਾ ਸਾਹਨੇਵਾਲ ਦੇ ਇਲਾਕੇ ਪਿੰਡ ਕਨੇਚ ਨੇੜੇ ਸੜਕ ਹਾਦਸੇ ਵਿੱਚ ਨੌਜਵਾਨ ਦੀ ਮੌਤ ਹੋ ਗਈ ਹੈ। ਇਸ ਸਬੰਧੀ ਰੇਲਵੇ ਫਾਟਕ ਸਾਹਨੇਵਾਲ ਨੇੜੇ ਰਹਿੰਦੇ ਅੰਮ੍ਰਿਤਪਾਲ ਸਿੰਘ ਨੇ ਦੱਸਿਆ ਕਿ ਰਾਹੁਲ ਕੁਮਾਰ ਤੇ ਵਿਕਰਮ ਗੋਇਲ (32) ਮੋਟਰਸਾਈਕਲ ’ਤੇ ਗੁਰੂ ਜੀ ਆਸ਼ਰਮ ਪਿੰਡ ਦੁੱਗਰੀ ਮੱਥਾ ਟੇਕਣ ਜਾ ਰਹੇ ਸਨ। ਅੰਮ੍ਰਿਤਪਾਲ ਵੀ ਉਨ੍ਹਾਂ ਦੇ ਪਿੱਛੇ ਹੀ ਜਾ ਰਿਹਾ ਸੀ। ਪਿੰਡ ਕਨੇਚ ਦੇ ਪੁਲ ਤੋਂ ਥੋੜ੍ਹਾ ਪਿੱਛੇ ਕਾਰਤਿਕ ਨੇ ਆਪਣੀ ਗੱਡੀ ਤੇਜ਼ ਰਫ਼ਤਾਰੀ ਨਾਲ ਉਨ੍ਹਾਂ ਦੇ ਮੋਟਰਸਾਈਕਲ ’ਚ ਮਾਰੀ। ਇਸ ਨਾਲ ਉਹ ਡਿੱਗ ਪਏ ਕਾਫ਼ੀ ਸੱਟਾਂ ਲੱਗੀਆਂ। ਜ਼ਖ਼ਮੀ ਹਾਲਤ ਵਿੱਚ ਇਲਾਜ ਲਈ ਉਨ੍ਹਾਂ ਨੂੰ ਐੱਸਪੀਐੱਸ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਵਿਕਰਮ ਗੋਇਲ ਨੂੰ ਮ੍ਰਿਤਕ ਕਰਾਰ ਦੇ ਦਿੱਤਾ ਜਦੋਂਕਿ ਰਾਹੁਲ ਦਾ ਇਲਾਜ ਚੱਲ ਰਿਹਾ ਹੈ। ਥਾਣੇਦਾਰ ਗੁਰਦੀਪ ਸਿੰਘ ਨੇ ਦੱਸਿਆ ਹੈ ਕਿ ਪੁਲੀਸ ਵੱਲੋਂ ਕਾਰਤਿਕ ਖ਼ਿਲਾਫ਼ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।