ਪੁਲੀਸ ਹਿਰਾਸਤ ਵਿੱਚੋਂ ਭਗੌੜੀ ਹੋਈ ਔਰਤ ਕਾਬੂ
ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 15 ਅਕਤੂਬਰ
ਜ਼ਿਲ੍ਹਾ ਪੁਲੀਸ ਦੀ ਹਿਰਾਸਤ ਤੋਂ ਭਗੌੜੀ ਮਹਿਲਾ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਪੁਲੀਸ ਬੁਲਾਰੇ ਨੇ ਦੱਸਿਆ ਕਿ ਬੀਤੇ 8 ਸਤੰਬਰ ਨੂੰ ਐਂਟੀ ਨਾਰਕੋਟਿਕਸ ਸੈੱਲ ਦੇ ਏਐੱਸਆਈ ਪਵਨ ਕੁਮਾਰ ਤੇ ਮਹਿਲਾ ਸਿਪਾਹੀ ਦੀ ਟੀਮ ਅਪਰਾਧ ਦੀ ਭਾਲ ਵਿੱਚ ਪਿਪਲੀ ਚੌਕ ਐੱਨਐੱਚ 44 ’ਤੇ ਮੌਜੂਦ ਸੀ। ਪੁਲੀਸ ਨੂੰ ਗੁਪਤ ਸੂਚਨਾ ਮਿਲੀ ਕਿ ਫਕੀਰਾਬਾਦ ਜ਼ਿਲ੍ਹਾ ਬੰਦਾਯੂ ਯੂਪੀ ਵਾਸੀ ਮਹਿਲਾ ਅਫੀਮ ਵੇਚਣ ਦਾ ਕੰਮ ਕਰਦੀ ਹੈ। ਸੂਚਨਾ ਦੇ ਆਧਾਰ ’ਤੇ ਮਹਿਲਾ ਨੂੰ ਬੱਸ ਅੱਡਾ ਕੁਰੂਕਸ਼ੇਤਰ ਤੋਂ ਗ੍ਰਿਸ਼ਤਾਰ ਕਰ ਉਸ ਦੇ ਕਬਜ਼ੇ ਵਿੱਚੋਂ 2 ਕਿੱਲੋ 630 ਗਰਾਮ ਅਫੀਮ ਬਰਾਮਦ ਕੀਤੀ। ਮਹਿਲਾ ਖ਼ਿਲਾਫ਼ ਕੇਸ ਦਰਜ ਕਰਕੇ ਉਸ ਦਾ ਅਦਾਲਤ ਤੋਂ 8 ਰੋਜ਼ਾ ਪੁਲੀਸ ਰਿਮਾਂਡ ਹਾਸਲ ਕੀਤਾ ਗਿਆ। ਪਰ 12 ਸਤੰਬਰ ਨੂੰ ਔਰਤ ਹਨ੍ਹੇਰੇ ਦਾ ਫਾਇਦਾ ਚੁੱਕ ਕੇ ਹਿਰਾਸਤ ਵਿੱਚ ਫ਼ਰਾਰ ਹੋ ਗਈ।
ਮਗਰੋਂ ਪੁਲੀਸ ਨੇ ਮਹਿਲਾ ਦੀ ਤਲਾਸ਼ ਸ਼ੁਰੂ ਕਰ ਦਿੱਤੀ ਪਰ ਉਸ ਦੀ ਕੋਈ ਸੂਹ ਨਹੀਂ ਮਿਲੀ। 11 ਅਕਤੂਬਰ ਨੂੰ ਏਐੱਸਆਈ ਸੁਖਬੀਰ ਸਿੰਘ ਤੇ ਮਹਿਲਾ ਸਿਪਾਹੀ ਰਾਜਬੀਰ ਕੌਰ ਨੇ ਭਗੌੜੀ ਮਹਿਲਾ ਨੂੰ ਗੁਪਤ ਸੂਚਨਾ ਦੇ ਆਧਾਰ ’ਤੇ ਗੰਗਾ ਜੀ ਘਾਟ ਕਛਲਾ ਬੰਦਾਯੂ ਯੂਪੀ ਤੋਂ ਕਾਬੂ ਕਰ ਲਿਆ। ਮੁਲਜ਼ਮਾ ਨੂੰ ਅਦਾਲਤ ਵਿੱਚ ਪੇਸ਼ ਕਰ ਕੇ ਤਿੰਨ ਰੋਜ਼ਾ ਪੁਲੀਸ ਰਿਮਾਂਡ ਲਿਆ ਗਿਆ ਸੀ। ਮਗਰੋਂ ਉਸ ਨੂੰ ਅਦਾਲਤ ਦੇ ਹੁਕਮਾਂ ਤੇ ਜੇਲ੍ਹ ਭੇਜ ਦਿੱਤਾ ਗਿਆ ਹੈ।