For the best experience, open
https://m.punjabitribuneonline.com
on your mobile browser.
Advertisement

ਵਿਲੱਖਣ ਸੌਗਾਤ ਦੇਣ ਵਾਲਾ

07:10 AM May 12, 2024 IST
ਵਿਲੱਖਣ ਸੌਗਾਤ ਦੇਣ ਵਾਲਾ
ਨੰਦ ਲਾਲ ਨੂਰਪੁਰੀ
Advertisement

ਭੋਲਾ ਨੂਰਪੁਰਾ

Advertisement

ਨੰਦ ਲਾਲ ਨੂਰਪੁਰੀ ਦਾ ਜਨਮ 1906 ’ਚ ਲਾਇਲਪੁਰ (ਹੁਣ ਪਾਕਿਸਤਾਨ) ਵਿਖੇ ਪਿਤਾ ਬਿਸ਼ਨ ਸਿੰਘ ਅਤੇ ਮਾਤਾ ਹੁਕਮ ਦੇਵੀ ਦੇ ਘਰ ਹੋਇਆ।
ਪੰਜਾਬੀ ਗੀਤਾਂ-ਬੋਲੀਆਂ ਵਿੱਚੋਂ ਆਉਂਦੀ ਖੁਸ਼ਬੂ ਨੂੰ ਸਿਰਫ਼ ਪੰਜਾਬੀ ਹੀ ਮਾਣ ਸਕਦੇ ਹਨ। ਇਨ੍ਹਾਂ ਪੰਜਾਬੀ ਗੀਤਾਂ ’ਚ ਬਹੁਤੇ ਹੁਸੀਨ ਰੰਗਾਂ ਵਿੱਚ ਵਸਦਾ ਹੈ ਨੰਦ ਲਾਲ ਨੂਰਪੁਰੀ। ਨੂਰਪੁਰੀ ਨੂੰ ਪੜ੍ਹਨ ਸਮੇਂ ਹੀ ਕਵਿਤਾ ਲਿਖਣ ਦਾ ਸ਼ੌਕ ਪੈ ਗਿਆ ਸੀ। ਪੜ੍ਹਾਈ ਪੂਰੀ ਕਰਨ ਤੋਂ ਬਾਅਦ ਉਸ ਨੂੰ ਬੀਕਾਨੇਰ ਥਾਣੇ ਵਿੱਚ ਨੌਕਰੀ ਮਿਲ ਗਈ। ਨੂਰਪੁਰੀ ਦਾ ਵਿਆਹ ਸੁਮਿਤਰਾ ਦੇਵੀ ਨਾਲ ਹੋਇਆ। ਉਨ੍ਹਾਂ ਦੇ ਚਾਰ ਲੜਕੇ ਅਤੇ ਦੋ ਲੜਕੀਆਂ ਸਨ।
ਬੀਕਾਨੇਰ ਥਾਣੇ ਵਿੱਚ ਉਨ੍ਹਾਂ ਨੇ ਨੌਕਰੀ ਛੱਡ ਦਿੱਤੀ। ਕਾਰਨ ਇਹ ਹੋਇਆ ਕਿ ਉਸ ਦੀ ਇੱਕ ਸ਼ਰਾਬ ਦੀ ਭੱਠੀ ਚਲਾ ਰਹੇ ਵਿਅਕਤੀ ਨਾਲ ਮੁੱਠਭੇੜ ਹੋ ਗਈ। ਇਸ ਦੌਰਾਨ ਉਹ ਆਦਮੀ ਨੂਰਪੁਰੀ ਹੱਥੋਂ ਮਾਰਿਆ ਗਿਆ। ਨੂਰਪੁਰੀ ਭਾਵੇਂ ਇਸ ਕੇਸ ’ਚ ਬਰੀ ਵੀ ਹੋ ਗਿਆ, ਪਰ ਉਸ ਨੂੰ ਇਸ ਨੌਕਰੀ ਤੋਂ ਨਫ਼ਰਤ ਹੋ ਗਈ। ਬਸ ਉਸ ਤੋਂ ਬਾਅਦ ਉਸ ਨੇ ਆਪਣੀ ਕਲਮ ਨਾਲ ਗੀਤ ਤੇ ਕਵਿਤਾਵਾਂ ਲਿਖਣੇ ਸ਼ੁਰੂ ਕਰ ਦਿੱਤੇ। ਇਸ ਲਈ ਉਸ ਸਮੇਂ ਨੂਰਪੁਰੀ ਬੀਕਾਨੇਰ ਤੋਂ ਪੰਜਾਬ ਆ ਗਿਆ ਸੀ। ਸ਼ੌਰੀ ਫਿਲਮ ਕੰਪਨੀ ਦੀ ਮੰਗ ’ਤੇ ਉਸ ਨੇ ਫਿਲਮ ‘ਮੰਗਤੀ’ ਦੇ ਗੀਤ ਲਿਖੇ।
1947 ਦੀ ਦੇਸ਼ਵੰਡ ਦੌਰਾਨ ਨੂਰਪੁਰੀ ਨੂੰ ਕਾਫ਼ੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਇਸ ਮੌਕੇ ਉਸ ਨੂੰ ਭਾਸ਼ਾ ਵਿਭਾਗ ਅਤੇ ਰੇਡੀਓ ਨੇ ਕੁਝ ਸਹਾਇਤਾ ਦਿੱਤੀ। ਭਾਸ਼ਾ ਵਿਭਾਗ ਦੀ ਨੌਕਰੀ ਨੂੰ ਵੀ ਨੂਰਪੁਰੀ ਨੇ ਦੋ ਕੁ ਸਾਲ ਬਾਅਦ ਅਲਵਿਦਾ ਆਖ ਦਿੱਤਾ। ਪੰਜਾਬ ਸਰਕਾਰ ਵੱਲੋਂ ਵੀ ਕੁਝ ਸਮਾਂ 75 ਰੁਪਏ ਮਹੀਨਾ ਪੈਨਸ਼ਨ ਦਿੱਤੀ ਗਈ। ਉਹ ਵੀ ਬੰਦ ਹੋ ਗਈ।
ਰੰਗਲੇ ਗੀਤਾਂ ਵਾਲਾ ਨੂਰਪੁਰੀ ਖ਼ੁਦ ਨਿਰਾਸ਼ਾ ਭਰਪੂਰ ਗੀਤ ਲਿਖਣ ਲੱਗ ਪਿਆ:
ਬੜਾ ਦੁਨੀਆਂ ਦਾ ਮੈਂ ਸਤਾਇਆ ਹੋਇਆ ਹਾਂ
ਤੰਗ ਦੁਨੀਆਂ ਤੋਂ ਆਇਆ ਹੋਇਆ ਹਾਂ
ਕਫ਼ਨ ਵਿੱਚ ਸੌਣ ਦੇਵੋ ਜ਼ਰਾ ਨਾ ਬੋਲੋ
ਮੈਂ ਜ਼ਿੰਦਗੀ ਦੇ ਪੰਧ ਦਾ ਥਕਾਇਆ ਹੋਇਆ ਹਾਂ
1930 ’ਚ ਮਜ਼ਦੂਰ ਨਾਂ ਦੀ ਕਵਿਤਾ ਤੋਂ ਉਹ ਨੰਦ ਲਾਲ ਤੋਂ ‘ਨੰਦ ਲਾਲ ਨੂਰਪੁਰੀ’ ਬਣ ਗਿਆ ਸੀ। 1934 ’ਚ ਲਿਖੀ ਉਸ ਦੀ ਇੱਕ ਕਵਿਤਾ:
ਮੈਂ ਵਤਨ ਦਾ ਸ਼ਹੀਦ ਹਾਂ,
ਮੇਰੀ ਯਾਦ ਭੁਲਾ ਦੇਣੀ।
ਕਿਸੇ ਅਬਲਾ ਦਾ ਹੱਥ ਫੜ ਕੇ
ਮੇਰੇ ਖੂਨ ਦੀ ਲਾ ਮਹਿੰਦੀ,
ਉਸ ਦੀ ਦੁਨੀਆ ਵਸਾ ਦੇਣੀ
ਮੇਰੀ ਦੁਨੀਆ ਮਿਟਾ ਦੇਣੀ।
ਨੂਰਪੁਰੀ ਦੀ ਦਿਨ-ਬ-ਦਿਨ ਚੜ੍ਹਤ ਹੁੰਦੀ ਰਹੀ। ਉਸ ਦਾ ਇਹ ਗੀਤ ਦੇਖੋ:
ਏਥੋਂ ਉੱਡ ਜਾ ਭੋਲਿਆ ਪੰਛੀਆ
ਤੂੰ ਆਪਣੀ ਜਾਨ ਬਚਾ
ਇੱਥੇ ਘਰ-ਘਰ ਫ਼ਾਹੀਆਂ ਗੱਡੀਆਂ
ਤੂੰ ਛੁਰੀਆਂ ਹੇਠ ਨਾ ਆ।
1947 ’ਚ ਨੂਰਪੁਰੀ ਪਟਿਆਲੇ ਆ ਗਿਆ। ਇੱਥੇ ਉਸ ਨੂੰ ਸਕੂਲ ਵਿੱਚ ਮਾਸਟਰ ਦੀ ਨੌਕਰੀ ਮਿਲ ਗਈ। ਪਤਾ ਨਹੀਂ ਕਿਉਂ ਇਸ ਨੌਕਰੀ ਤੋਂ ਵੀ ਉਸ ਦਾ ਮਨ ਉਦਾਸ ਹੋ ਗਿਆ। ਆਪਣਾ ਸਾਮਾਨ ਚੁੱਕ ਕੇ ਜਲੰਧਰ ਆ ਗਿਆ। ਇੱਥੇ ਉਸ ਨੇ ਹੋਰ ਗੀਤ ਰਚੇ:
* ਕਾਹਨੂੰ ਵੇ ਪਿੱਪਲਾਂ ਖੜ-ਖੜ ਲਾਈ ਆ।
* ਗੋਰੀਆਂ ਦੀਆਂ ਝਾਂਜਰਾਂ ਬੁਲਾਉਂਦੀਆਂ ਗਈਆਂ।
* ਮੈਨੂੰ ਦਿਉਰ ਦੇ ਵਿਆਹ ਵਿੱਚ ਨੱਚ ਲੈਣ ਦੇ।
* ਚੰਨ ਵੇ ਸ਼ੌਕਣ ਮੇਲੇ ਦੀ।
* ਕੈਂਠੇ ਵਾਲਾ ਆ ਗਿਆ ਪ੍ਰਾਹੁਣਾ।
* ਚੁੰਮ-ਚੁੰਮ ਰੱਖੋ ਨੀ ਇਹ ਕਲਗੀ ਜੁਝਾਰ ਦੀ।
* ਬੰਦਿਆ, ਤੂੰ ਰੱਬ ਦੇ ਚਪੇੜਾਂ ਮਾਰੀਆਂ।
ਵੱਖ-ਵੱਖ ਆਵਾਜ਼ਾਂ ’ਚ ਰਿਕਾਰਡ ਹੋਏ ਨੂਰਪੁਰੀ ਦੇ ਲਿਖੇ ਗੀਤ ਅੱਜ ਵੀ ਕਿਤੇ ਸੁਣਦੇ ਹਾਂ ਤਾਂ ਮਨ ਨੂੰ ਸਕੂਨ ਮਿਲਦਾ ਹੈ। ਇਹੋ ਜਿਹੇ ਸਦਾਬਹਾਰ ਗੀਤਾਂ ਤੋਂ ਇਲਾਵਾ ਨੂਰਪੁਰੀ ਨੇ 60 ਸਾਲ ਦੀ ਉਮਰ ਤੱਕ ਛੇ ਕਿਤਾਬਾਂ- ਵੰਗਾਂ, ਜੀਉਂਦਾ ਪੰਜਾਬ, ਨੂਰਪੁਰੀ ਦੇ ਗੀਤ, ਚੰਗਿਆੜੇ, ਨੂਰ ਪਰੀਆਂ ਤੇ ਸੁਗਾਤ ਛਪਵਾਈਆਂ।
1960-61 ’ਚ ਭਾਸ਼ਾ ਵਿਭਾਗ ਨੇ ਨੂਰਪੁਰੀ ਦੀ ਕਿਤਾਬ ‘ਸੁਗਾਤ’ ਨੂੰ ਸਰਬੋਤਮ ਇਨਾਮ ਦੇ ਕੇ ਸਨਮਾਨਿਆ। ਨੂਰਪੁਰੀ ਦੇ ਪਰਿਵਾਰ ਨੇ ਉਸ ਦੇ ਚੋਣਵੇਂ ਗੀਤਾਂ ਦੀ ਕਿਤਾਬ 1971 ਵਿੱਚ ਛਪਵਾਈ। ਆਖ਼ਰ ਨੂਰਪੁਰੀ ਸ਼ਰਾਬ ਨੂੰ ਆਪਣਾ ਸਹਾਰਾ ਮੰਨ ਕੇ ਇਸ ਨਾਲ ਗੂੜ੍ਹੀ ਦੋਸਤੀ ਪਾ ਬੈਠਾ। ਇੱਕ ਦਿਨ ਅਜਿਹਾ ਆਇਆ ਕਿ ਸ਼ਰਾਬ ਨੇ ਨੂਰਪੁਰੀ ਨੂੰ ਅੰਦਰੋਂ ਘੁਣ ਵਾਂਗ ਖਾ ਲਿਆ ਤੇ ਉਹ ਭਿਆਨਕ ਬਿਮਾਰੀ ਦਾ ਸ਼ਿਕਾਰ ਹੋ ਗਿਆ। ਭਾਸ਼ਾ ਵਿਭਾਗ ਨੇ ਉਸ ਨੂੰ ਕੁਝ ਰਕਮ ਦਿੱਤੀ, ਪਰ ਨੂਰਪੁਰੀ ਦਾ ਉਸ ਨਾਲ ਕੁਝ ਨਾ ਬਣਿਆ। ਉਹ ਆਰਥਿਕ ਪੱਖੋਂ ਤੰਗੀ ਦਾ ਸ਼ਿਕਾਰ ਹੋਇਆ ਅੱਕ-ਥੱਕ ਕੇ ਜਲੰਧਰ ਆ ਗਿਆ।
13 ਮਈ 1996 ਨੂੰ ਜਦੋਂ ਨੂਰਪੁਰੀ ਨੂੰ ਪਤਾ ਲੱਗਾ ਕਿ ਉਸ ਦੇ ਪੁੱਤਰ ਨੂੰ ਨੌਕਰੀ ਮਿਲ ਗਈ ਹੈ ਤਾਂ ਉਹ ਬਹੁਤ ਖ਼ੁਸ਼ ਹੋਇਆ। ਉਸ ਸਮੇਂ ਉਹ ਆਪਣੇ ਜਵਾਈ ਦੇ ਘਰ ਜਲੰਧਰ ਵਿਖੇ ਸੀ। ਇਸੇ ਰਾਤ 13 ਮਈ ਨੂੰ ਅੱਧੀ ਰਾਤ ਸਮੇਂ ਸਾਰੇ ਪਰਿਵਾਰ ਨੂੰ ਸੁੱਤੇ ਪਏ ਛੱਡ ਹੌਲੀ ਕੁ ਦੇਣੇ ਬਾਹਰ ਨਿਕਲ ਗਿਆ ਤੇ ਘਰ ਦੇ ਨੇੜੇ ਪੈਂਦੇ ਖੂਹ ਵਿੱਚ ਛਾਲ ਮਾਰ ਦਿੱਤੀ। ਦੂਜੇ ਦਿਨ ਪਤਾ ਲੱਗਣ ’ਤੇ ਬਾਹਰ ਕੱਢਿਆ ਤਾਂ ਉਹ ਦੁਨੀਆ ਤੋਂ ਦੂਰ ਜਾ ਚੁੱਕਾ ਸੀ। ਅੱਜ ਨੂਰਪੁਰੀ ਦੇ ਰਚੇ ਗੀਤ ਅਸੀਂ ਵੱਖੋ-ਵੱਖ ਗਾਇਕਾਂ ਦੀਆਂ ਆਵਾਜ਼ਾਂ ’ਚ ਸੁਣਦੇ ਹਾਂ ਤਾਂ ਸੁਭਾਵਿਕ ਹੀ ਸੋਚਦੇ ਰਹਿ ਜਾਂਦੇ ਹਾਂ- ‘ਐ ਨੂਰਪੁਰੀ! ਤੇਰੇ ਗੀਤਾਂ ਆਸਰੇ ਤਾਂ ਲੋਕਾਂ (ਗੀਤ ਕੰਪਨੀਆਂ, ਫਿਲਮਾਂ ਵਾਲੇ) ਨੇ ਕਾਰਾਂ ਕੋਠੀਆਂ ਬਣਾ ਲਈਆਂ ਪਰ ਤੂੰ ਅੰਤਿਮ ਵੇਲੇ ਤੱਕ ਆਰਥਿਕ ਤੰਗੀ ਨਾਲ ਜੂਝਦਾ ਤੁਰ ਗਿਆ ਤੇ ਤੂੰ ਐਵੇਂ ਹੀ ਆਪਣੇ ਗੀਤਾਂ ਨੂੰ ਤੁਰਿਆ-ਫਿਰਦਾ ਗੁਣਗੁਣਾਉਂਦਾ ਰਿਹਾ!’ ਅੰਤ ’ਚ ਇਹੀ ਲਿਖਾਂਗਾ ਕਿ ਨੂਰਪੁਰੀ ਦੇ ਗੀਤਾਂ, ਗ਼ਜ਼ਲਾਂ, ਕਵਿਤਾਵਾਂ ਨੇ ਨਿਵੇਕਲੀ ਪੰਜਾਬੀ ਸਾਹਿਤ ਜਗਤ ਅੰਦਰ ਵਿਲੱਖਣ ਜਗ੍ਹਾ ਬਣਾਈ। ਉਸ ਦੇ ਗੀਤਾਂ ਵਿੱਚੋਂ ਦੇਸ਼ਭਗਤੀ, ਸਿੱਖ ਗੁਰੂ ਸਾਹਿਬਾਨ ਪ੍ਰਤੀ ਸ਼ਰਧਾ ਦੇ ਭਾਵ ਡੁੱਲ੍ਹ-ਡੁੱਲ੍ਹ ਪੈਂਦੇ ਹਨ।
ਸੰਪਰਕ: 97819-19175

Advertisement
Author Image

Advertisement
Advertisement
×