ਮੱਛੀ ਪਾਲਣ ਸਬੰਧੀ ਦੋ-ਰੋਜ਼ਾ ਪ੍ਰਦਰਸ਼ਨੀ
ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 18 ਅਗਸਤ
ਸਰਕਾਰ ਵੱਲੋਂ ਕਿਸਾਨਾਂ ਨੂੰ ਖੇਤੀ ਦੇ ਨਾਲ ਨਾਲ ਸਹਾਇਕ ਧੰਦੇ ਅਪਣਾਉਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ ਤਾਂ ਜੋ ਕਿਸਾਨਾਂ ਦੀ ਆਮਦਨ ਵਧਾਈ ਜਾ ਸਕੇ। ਇਸੇ ਲੜੀ ਵਿੱਚ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਆਤਮਾ ਸਕੀਮ ਅਧੀਨ ਮੱਛੀ ਪਾਲਣ ਦਾ ਉਤਪਾਦਨ ਵਧਾਉਣ ਲਈ ਪਿੰਡ ਗੁਰਦਾਸਪੁਰਾ ਵਿਖੇ ਦੋ ਰੋਜ਼ਾ ਪ੍ਰਦਰਸ਼ਨੀ ਯੂਨਿਟ ਲਗਾਏ ਗਏ। ਕਿਸਾਨ ਸੁਖਜੀਵਨ ਸਿੰਘ ਪੁੱਤਰ ਗਮਦੂਰ ਸਿੰਘ ਪਿੰਡ ਦਿਆਲਗੜ੍ਹ ਅਤੇ ਅਜੀਤ ਸਿੰਘ ਗਿੱਲ ਪੁੱਤਰ ਹਰਪ੍ਰੀਤ ਸਿੰਘ ਗਿੱਲ ਪਿੰਡ ਗੁਰਦਾਸਪੁਰਾ ਵੱਲੋਂ ਲਗਾਏ ਗਏ ਇਨ੍ਹਾਂ ਯੂਨਿਟਾਂ ਦਾ ਦੌਰਾ ਕਰਦਿਆਂ ਡਾ. ਜਸਵਿੰਦਰਪਾਲ ਸਿੰਘ ਗਰੇਵਾਲ ਮੁੱਖ ਖੇਤੀਬਾੜੀ ਅਫ਼ਸਰ ਨੇ ਕਿਹਾ ਕਿ ਮੱਛੀ ਵਾਲੇ ਛੱਪੜ ਦੇ ਆਲੇ ਦੁਆਲੇ ਸਾਫ ਸਫਾਈ ਕਰਕੇ ਮੌਸਮੀ ਸਬਜ਼ੀਆਂ ਅਤੇ ਫਲ ਲਗਾਏ ਜਾ ਸਕਦੇ ਹਨ। ਦੌਰੇ ਦੌਰਾਨ ਮੁੱਖ ਕਾਰਜਕਾਰੀ ਅਫਸਰ ਮੱਛੀ ਪਾਲਣ ਰਾਕੇਸ਼ ਕੁਮਾਰ ਨੇ ਦੱਸਿਆ ਕਿ ਇਨ੍ਹਾਂ ਦੋਹਾਂ ਕਿਸਾਨਾਂ ਵੱਲੋਂ ਨਵੇਂ ਛੱਪੜਾਂ ਦਾ ਨਿਰਮਾਣ ਕੀਤਾ ਗਿਆ ਹੈ ਅਤੇ ਵਿਭਾਗ ਵੱਲੋਂ ਇਨ੍ਹਾਂ ਨੂੰ ਹਰ ਪ੍ਰਕਾਰ ਦੀ ਤਕਨੀਕੀ ਅਤੇ ਮਾਲੀ ਸਹਾਇਤਾ ਮੁਹੱਈਆ ਕਰਵਾਈ ਜਾ ਰਹੀ ਹੈ। ਇਸ ਮੌਕੇ ਗੁਰਮੀਤ ਸਿੰਘ ਬੀਟੀਐਮ ਆਤਮਾ, ਡਾ ਚਰਨਜੀਤ ਸਿੰਘ ਤੇ ਡਾ, ਚਰਨਜੀਤ ਕੌਰ ਮੌਜੂਦ ਸਨ ।