ਸੰਸਦ ਦੇ ਸਰਦ ਰੁੱਤ ਇਜਲਾਸ ਦੀ ਹੰਗਾਮਾਖੇਜ਼ ਸ਼ੁਰੂਆਤ
* ਦੋਵੇਂ ਸਦਨਾਂ ’ਚ ਸਰਕਾਰ ਨੇ ਕੰਮ ਰੋਕੂ ਮਤੇ ਨਕਾਰੇ; ਹੁਣ ਭਲਕੇ ਜੁੜੇਗੀ ਸੰਸਦ
ਨਵੀਂ ਦਿੱਲੀ, 25 ਨਵੰਬਰ
ਸੰਸਦ ਦੇ ਸਰਦ ਰੁੱਤ ਇਜਲਾਸ ਦਾ ਆਗਾਜ਼ ਅੱਜ ਹੰਗਾਮਾ ਭਰਪੂਰ ਰਿਹਾ ਜਿਸ ਕਾਰਨ ਦੋਵੇਂ ਸਦਨਾਂ ਲੋਕ ਸਭਾ ਅਤੇ ਰਾਜ ਸਭਾ ਦੀ ਕਾਰਵਾਈ ਕੋਈ ਖ਼ਾਸ ਕੰਮਕਾਰ ਕੀਤੇ ਬਿਨਾਂ ਬੁੱਧਵਾਰ ਸਵੇਰ ਤੱਕ ਲਈ ਉਠਾ ਦਿੱਤੀ ਗਈ। ਵਿਰੋਧੀ ਧਿਰ ਨੇ ਦੋਵੇਂ ਸਦਨਾਂ ’ਚ ਨੋਟਿਸ ਦੇ ਕੇ ਮੰਗ ਕੀਤੀ ਸੀ ਕਿ ਅਡਾਨੀ ਰਿਸ਼ਵਤਖੋਰੀ ਮਾਮਲੇ ਅਤੇ ਯੂਪੀ ਦੇ ਸੰਭਲ ਤੇ ਮਨੀਪੁਰ ਹਿੰਸਾ ਨੂੰ ਲੈ ਕੇ ਚਰਚਾ ਕਰਵਾਈ ਜਾਵੇ ਪਰ ਨੋਟਿਸਾਂ ਨੂੰ ਰੱਦ ਕਰ ਦਿੱਤਾ ਗਿਆ ਜਿਸ ਕਾਰਨ ਰੌਲਾ-ਰੱਪਾ ਪਿਆ। ਸੰਵਿਧਾਨ ਸਭਾ ਵੱਲੋਂ ਸੰਵਿਧਾਨ ਅਪਣਾਏ ਜਾਣ ਦੀ 75ਵੀਂ ਵਰ੍ਹੇਗੰਢ ਦੇ ਸਾਲ ਭਰ ਚੱਲਣ ਵਾਲੇ ਜਸ਼ਨਾਂ ਸਬੰਧੀ ਸੰਸਦ ਦੇ ਕੇਂਦਰੀ ਹਾਲ ’ਚ ਭਲਕੇ ਵਿਸ਼ੇਸ਼ ਪ੍ਰੋਗਰਾਮ ਹੋਵੇਗਾ ਜਿਸ ਕਾਰਨ ਸੰਸਦ ਦੇ ਦੋਵੇਂ ਸਦਨ ਭਲਕੇ ਨਹੀਂ ਜੁੜਨਗੇ।
ਲੋਕ ਸਭਾ ਦੀ ਕਾਰਵਾਈ ਜਦੋਂ ਸ਼ੁਰੂ ਹੋਈ ਤਾਂ ਵਿਛੜੇ ਮੈਂਬਰਾਂ ਨੂੰ ਸ਼ਰਧਾਂਜਲੀ ਦੇਣ ਮਗਰੋਂ ਸਦਨ ਦੀ ਕਾਰਵਾਈ ਦੁਪਹਿਰ 12 ਵਜੇ ਤੱਕ ਮੁਲਤਵੀ ਕਰ ਦਿੱਤੀ ਗਈ। ਇਸ ਮਗਰੋਂ ਸਦਨ ਜਦੋਂ ਦੁਪਹਿਰ ਵੇਲੇ ਜੁੜਿਆ ਤਾਂ ਵਿਰੋਧੀ ਧਿਰ ਦੇ ਮੈਂਬਰ ਸੰਭਲ ਵਿੱਚ ਹੋਈ ਹਿੰਸਾ ਨੂੰ ਲੈ ਕੇ ਨਾਅਰੇਬਾਜ਼ੀ ਕਰਦੇ ਅਤੇ ਇੱਕ ਅਮਰੀਕੀ ਅਦਾਲਤ ਵਿੱਚ ਕਾਰੋਬਾਰੀ ਅਡਾਨੀ ਵਿਰੁੱਧ ਲਗਾਏ ਗਏ ਦੋਸ਼ਾਂ ਦੀ ਜਾਂਚ ਦੀ ਮੰਗ ਕਰਦੇ ਸੁਣੇ ਗਏ। ਸਦਨ ਦੀ ਕਾਰਵਾਈ ਚਲਾ ਰਹੇ ਭਾਜਪਾ ਮੈਂਬਰ ਸੰਧਿਆ ਰੇਅ ਨੇ ਪੁੱਛਿਆ ਕਿ ਕੀ ਮੈਂਬਰ ਸਦਨ ਦੀ ਕਾਰਵਾਈ ਚੱਲਣ ਦੇਣ ਦੇ ਇੱਛੁਕ ਨਹੀਂ ਹਨ। ਇਸ ਮਗਰੋਂ ਉਨ੍ਹਾਂ ਬੁੱਧਵਾਰ ਤੱਕ ਕਾਰਵਾਈ ਮੁਲਤਵੀ ਕਰ ਦਿੱਤੀ।
ਉਧਰ ਰਾਜ ਸਭਾ ਦੀ ਕਾਰਵਾਈ ਸੋਮਵਾਰ ਨੂੰ ਉਦੋਂ ਦਿਨ ਭਰ ਲਈ ਮੁਲਤਵੀ ਕਰ ਦਿੱਤੀ ਗਈ ਜਦੋਂ ਕਾਂਗਰਸ ਦੀ ਅਗਵਾਈ ਵਿਚ ਵਿਰੋਧੀ ਪਾਰਟੀਆਂ ਨੇ ਅਡਾਨੀ ਦੇ ਰਿਸ਼ਵਤਖੋਰੀ ਮਾਮਲੇ ਨੂੰ ਉਠਾਉਣ ਦੀ ਕੋਸ਼ਿਸ਼ ਕੀਤੀ। ਰਾਜ ਸਭਾ ਵਿਚ ਚੇਅਰਮੈਨ ਜਗਦੀਪ ਧਨਖੜ ਨੇ ਸਦਨ ਦੀ ਮੇਜ਼ ’ਤੇ ਸੂਚੀਬੱਧ ਕੰਮ-ਕਾਜ ਬਾਰੇ ਕਾਗਜ਼ ਰੱਖੇ ਜਾਣ ਅਤੇ ਚਲਾਣਾ ਕਰ ਗਏ ਸਾਬਕਾ ਸੰਸਦ ਮੈਂਬਰਾਂ ਨੂੰ ਸ਼ਰਧਾਂਜਲੀ ਦਿੱਤੇ ਜਾਣ ਤੋਂ ਫ਼ੌਰੀ ਬਾਅਦ ਨਿਯਮ 267 ਤਹਿਤ ਭੇਜੇ ਗਏ 13 ਨੋਟਿਸਾਂ ਨੂੰ ਰੱਦ ਕਰ ਦਿੱਤਾ, ਜਿਨ੍ਹਾਂ ਵਿੱਚ ਸੱਤ ਨੋਟਿਸ ਅਡਾਨੀ ਮਾਮਲੇ ਉਤੇ ਚਰਚਾ ਦੀ ਮੰਗ ਨਾਲ ਸਬੰਧਤ ਸਨ। ਰਾਜ ਸਭਾ ’ਚ ਵਿਰੋਧੀ ਧਿਰ ਦੇ ਆਗੂ ਅਤੇ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਕਿਹਾ ਕਿ ਜੇ ਸੂਚੀਬੱਧ ਕੰਮਕਾਰ ਮੁਅੱਤਲ ਕੀਤਾ ਜਾਂਦਾ ਹੈ ਤਾਂ ਵਿਰੋਧੀ ਪਾਰਟੀਆਂ ਇਹ ਵਿਸਥਾਰ ਨਾਲ ਦੱਸ ਸਕਦੀਆਂ ਹਨ ਕਿ ਅਡਾਨੀ ਮੁੱਦਾ ਕਿੰਨਾ ਅਹਿਮ ਹੈ ਜੋ ਪੂਰੇ ਮੁਲਕ ’ਤੇ ਅਸਰ ਪਾ ਰਿਹਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਆਲਮੀ ਪੱਧਰ ’ਤੇ ਦੇਸ਼ ਦਾ ਅਕਸ ਵਿਗੜ ਰਿਹਾ ਹੈ ਪਰ ਫਿਰ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਅਡਾਨੀ ਦੀ ਹਮਾਇਤ ਕਰ ਰਹੇ ਹਨ। ਚੇਅਰਮੈਨ ਨੇ ਹੁਕਮ ਦਿੱਤੇ ਕਿ ਖੜਗੇ ਵੱਲੋਂ ਜੋ ਬੋਲਿਆ ਗਿਆ ਹੈ, ਉਹ ਰਿਕਾਰਡ ’ਚ ਨਹੀਂ ਜਾਵੇਗਾ। ਉਨ੍ਹਾਂ ਕਿਹਾ ਕਿ ਉਹ ਮੈਂਬਰਾਂ ਦਾ ਸਨਮਾਨ ਕਰਦੇ ਹਨ ਤੇ ਅਪੀਲ ਕੀਤੀ ਕਿ ਉਹ ਕਾਰਵਾਈ ਚੱਲਣ ਦੇਣ ਪਰ ਜਦੋਂ ਮੈਂਬਰ ਨਾ ਮੰਨੇ ਤਾਂ ਉਨ੍ਹਾਂ ਸਦਨ ਬੁੱਧਵਾਰ ਤੱਕ ਲਈ ਉਠਾ ਦਿੱਤਾ। -ਪੀਟੀਆਈ
ਅਡਾਨੀ ਮੁੱਦੇ ’ਤੇ ਸੰਸਦ ’ਚ ਚਰਚਾ ਤੋਂ ਭੱਜ ਰਹੀ ਹੈ ਸਰਕਾਰ: ਵਿਰੋਧੀ ਧਿਰ
ਨਵੀਂ ਦਿੱਲੀ:
ਕਾਂਗਰਸ ਅਤੇ ਹੋਰ ਵਿਰੋਧੀ ਧਿਰਾਂ ਦੇ ਆਗੂਆਂ ਨੇ ਕਿਹਾ ਹੈ ਕਿ ਅਡਾਨੀ ਦੇ ਮੁੱਦੇ ’ਤੇ ਸਰਕਾਰ ਜਨਤਕ ਬਹਿਸ ਤੋਂ ਭੱਜ ਰਹੀ ਹੈ। ਰਾਜ ਸਭਾ ’ਚ ਵਿਰੋਧੀ ਧਿਰ ਦੇ ਆਗੂ ਮਲਿਕਾਰਜੁਨ ਖੜਗੇ ਨੇ ਸੰਸਦ ਦੇ ਦੋਵੇਂ ਸਦਨਾਂ ’ਚ ਵਿਰੋਧੀ ਧਿਰ ਨੂੰ ਨਿਯਮ 267 ਤਹਿਤ ਅਡਾਨੀ ਗਰੁੱਪ ਖ਼ਿਲਾਫ਼ ਲੱਗੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਦਾ ਮੁੱਦਾ ਚੁੱਕਣ ਦੀ ਇਜਾਜ਼ਤ ਨਾ ਦੇਣ ’ਤੇ ਨਾਰਾਜ਼ਗੀ ਜਤਾਈ। ਉਨ੍ਹਾਂ ਅਡਾਨੀ ਮੁੱਦੇ ’ਤੇ ਸਾਂਝੀ ਸੰਸਦੀ ਕਮੇਟੀ ਬਣਾਉਣ ਦੀ ਮੰਗ ਕਰਦਿਆਂ ਕਿਹਾ ਕਿ ਸੱਚ ਸਾਰਿਆਂ ਦੇ ਸਾਹਮਣੇ ਆਉਣਾ ਚਾਹੀਦਾ ਹੈ ਕਿਉਂਕਿ ਇਹ ਮਾਮਲਾ ਦੇਸ਼ ਦੇ ਅਕਸ ’ਤੇ ਮਾੜਾ ਅਸਰ ਪਾ ਰਿਹਾ ਹੈ। ਇਸ ਤੋਂ ਪਹਿਲਾਂ ਵਿਰੋਧੀ ਧਿਰਾਂ ਦੇ ਗੱਠਜੋੜ ‘ਇੰਡੀਆ’ ਦੇ ਮੈਂਬਰਾਂ ਨੇ ਅੱਜ ਸਵੇਰੇ ਖੜਗੇ ਦੇ ਚੈਂਬਰ ’ਚ ਮੀਟਿੰਗ ਕਰਕੇ ਸਦਨ ਅੰਦਰ ਸਰਕਾਰ ਨੂੰ ਘੇਰਨ ਦੀ ਰਣਨੀਤੀ ਬਣਾਈ। ਇਕ ਹੋਰ ਕਾਂਗਰਸ ਆਗੂ ਜੈਰਾਮ ਰਮੇਸ਼ ਨੇ ਕਿਹਾ ਕਿ ‘ਮੋਡਾਨੀ ਘੁਟਾਲੇ’ ਦੀ ਸਾਂਝੀ ਸੰਸਦੀ ਕਮੇਟੀ ਤੋਂ ਜਾਂਚ ਕਰਵਾਈ ਜਾਣੀ ਚਾਹੀਦੀ ਹੈ। ਕੇਸੀ ਵੇਣੂਗੋਪਾਲ ਨੇ ਦੋਸ਼ ਲਾਇਆ ਕਿ ਸਰਕਾਰ ਅਡਾਨੀ ਮੁੱਦੇ ’ਤੇ ਚਰਚਾ ਕਰਨ ਤੋਂ ਡਰਦੀ ਹੈ। ਰਾਜ ਸਭਾ ’ਚ ਵਿਰੋਧੀ ਧਿਰ ਦੇ ਉਪ ਆਗੂ ਪ੍ਰਮੋਦ ਤਿਵਾੜੀ ਨੇ ਕਿਹਾ ਕਿ ਰਿਸ਼ਵਤ ਦੇਣ ਦੇ ਦੋਸ਼ ਅਡਾਨੀ ’ਤੇ ਲੱਗੇ ਹਨ ਪਰ ਦਰਦ ਭਾਜਪਾ ਨੂੰ ਮਹਿਸੂਸ ਹੋ ਰਿਹਾ ਹੈ। ਲੋਕ ਸਭਾ ਮੈਂਬਰ ਸ਼ਸ਼ੀ ਥਰੂਰ ਨੇ ਕਿਹਾ ਕਿ ਸੰਸਦ ਚਲਾਉਣ ਲਈ ਸਾਰਿਆਂ ਨੂੰ ਨਾਲ ਲੈ ਕੇ ਚੱਲਣ ਦੀ ਲੋੜ ਹੈ ਅਤੇ ਸਾਰੇ ਮੁੱਦਿਆਂ ’ਤੇ ਚਰਚਾ ਹੋਣੀ ਚਾਹੀਦੀ ਹੈ। ‘ਆਪ’ ਦੇ ਰਾਜ ਸਭਾ ਮੈਂਬਰ ਸੰਜੇ ਸਿੰਘ ਨੇ ਕਿਹਾ ਕਿ ਉਹ ਅਡਾਨੀ ਦੇ ਭ੍ਰਿਸ਼ਟਾਚਾਰ ਬਾਰੇ ਚਰਚਾ ਚਾਹੁੰਦੇ ਹਨ ਪਰ ਮੋਦੀ ਸਰਕਾਰ ਸੰਸਦ ਚੱਲਣ ਨਹੀਂ ਦੇਣਾ ਚਾਹੁੰਦੀ ਹੈ। ਤ੍ਰਿਣਮੂਲ ਕਾਂਗਰਸ ਦੀ ਰਾਜ ਸਭਾ ਮੈਂਬਰ ਡੋਲਾ ਸੇਨ ਨੇ ਕਿਹਾ ਕਿ ਸਦਨ ’ਚ ਕੋਈ ਹੰਗਾਮਾ ਨਹੀਂ ਹੋਇਆ ਹੈ ਅਤੇ ਉਹ ਬੇਵਜ੍ਹਾ ਵਿਰੋਧੀ ਨੂੰ ਦੋਸ਼ੀ ਠਹਿਰਾ ਰਹੀ ਹੈ। ਉਧਰ ਭਾਜਪਾ ਆਗੂ ਰਵੀ ਸ਼ੰਕਰ ਪ੍ਰਸਾਦ ਨੇ ਕਿਹਾ ਕਿ ਵਿਰੋਧੀ ਧਿਰ ਹਾਲੀਆ ਚੋਣਾਂ ’ਚ ਆਪਣੀ ਹਾਰ ਕਾਰਨ ਨਿਰਾਸ਼ ਹੈ ਜਿਸ ਕਾਰਨ ਉਹ ਸੰਸਦ ਨਹੀਂ ਚੱਲਣ ਦੇ ਰਹੀ ਹੈ। ਕੇਂਦਰੀ ਮੰਤਰੀ ਗਿਰੀਰਾਜ ਸਿੰਘ ਨੇ ਕਿਹਾ ਕਿ ਵਿਰੋਧੀ ਧਿਰ ਵੱਲੋਂ ਸੰਸਦ ਦੀ ਕਾਰਵਾਈ ’ਚ ਅੜਿੱਕਾ ਡਾਹੁਣਾ ਇਕ ਤਰ੍ਹਾਂ ਨਾਲ ਲੋਕਾਂ ’ਤੇ ਹਮਲਾ ਹੈ। -ਪੀਟੀਆਈ
ਲੋਕਾਂ ਵੱਲੋਂ ਨਕਾਰੇ ਆਗੂ ਸੰਸਦ ਨਹੀਂ ਚੱਲਣ ਦੇ ਰਹੇ: ਮੋਦੀ
ਨਵੀਂ ਦਿੱਲੀ:
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਸੰਸਦ ਦਾ ਸਰਦ ਰੁੱਤ ਇਜਲਾਸ ਸ਼ੁਰੂ ਹੋਣ ਤੋਂ ਐਨ ਪਹਿਲਾਂ ਵਿਰੋਧੀ ਧਿਰ ’ਤੇ ਨਿਸ਼ਾਨਾ ਸੇਧਦਿਆਂ ਕਿਹਾ ਕਿ ਲੋਕਾਂ ਵੱਲੋਂ 80-90 ਵਾਰ ਨਕਾਰੇ ਆਗੂ ਸੰਸਦ ਨਹੀਂ ਚੱਲਣ ਦੇ ਰਹੇ। ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਵੋਟਰਾਂ ਵੱਲੋਂ ਲਗਾਤਾਰ ਨਕਾਰੇ ਗਏ ਮੁੱਠੀ ਭਰ ਲੋਕ ਗੁੰਡਾਗਰਦੀ ਰਾਹੀਂ ਸੰਸਦ ’ਤੇ ਕੰਟਰੋਲ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਪਰ ਉਹ ਆਪਣੇ ਇਰਾਦਿਆਂ ਵਿੱਚ ਸਫ਼ਲ ਨਹੀਂ ਹੋਏ। ਮੋਦੀ ਨੇ ਕਿਹਾ ਕਿ ਦੇਸ਼ ਵਾਸੀਆਂ ਨੇ ਉਨ੍ਹਾਂ ਦੀਆਂ ਹਰਕਤਾਂ ’ਤੇ ਨਜ਼ਰ ਰੱਖੀ ਅਤੇ ਢੁਕਵੇਂ ਸਮੇਂ ’ਤੇ ਸਜ਼ਾ ਵੀ ਦਿੱਤੀ ਹੈ। ਪ੍ਰਧਾਨ ਮੰਤਰੀ ਨੇ ਮਹਾਰਾਸ਼ਟਰ ਵਿੱਚ ਭਾਜਪਾ ਦੀ ਅਗਵਾਈ ਵਾਲੀ ਮਹਾਯੁਤੀ ਗੱਠਜੋੜ ਦੀ ਇਤਿਹਾਸਕ ਜਿੱਤ ਮਗਰੋਂ ਇਹ ਟਿੱਪਣੀਆਂ ਕੀਤੀਆਂ ਹਨ। ਭਾਜਪਾ ਨੇ ਇਸ ਤੋਂ ਪਹਿਲਾਂ ਹਰਿਆਣਾ ਚੋਣਾਂ ਵਿੱਚ ਵੀ ਲਗਾਤਾਰ ਤੀਜੀ ਵਾਰ ਸਰਕਾਰ ਬਣਾਈ ਹੈ। ਪ੍ਰਧਾਨ ਮੰਤਰੀ ਨੇ ਕਿਹਾ, ‘‘ਸ਼ੀਤਕਾਲੀਨ ਸਤ੍ਰ (ਸਰਦ ਰੁੱਤ ਸੈਸ਼ਨ) ਹੈ ਔਰ ਮਾਹੌਲ ਭੀ ਸ਼ੀਤ (ਠੰਢਾ) ਹੀ ਰਹੇਗਾ...।’’ ਉਨ੍ਹਾਂ ਨਾਲ ਹੀ ਕਿਹਾ, “ਸੰਸਦ ਵਿੱਚ ਉਸਾਰੂ ਬਹਿਸ ਹੋਣੀ ਚਾਹੀਦੀ ਹੈ, ਪਰ ਬਦਕਿਸਮਤੀ ਦੀ ਗੱਲ ਹੈ ਕਿ ਲਗਾਤਾਰ ਨਕਾਰੇ ਗਏ ਮੁੱਠੀ ਭਰ ਲੋਕ ਗੁੰਡਾਗਰਦੀ ਰਾਹੀਂ ਸੰਸਦ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਅਤੇ ਹੰਗਾਮੇ ਤੇ ਆਰਜਕਤਾ ਦਾ ਸਹਾਰਾ ਲੈ ਰਹੇ ਹਨ।’’ -ਪੀਟੀਆਈ