ਤੂੜੀ ਨਾਲ ਭਰੀ ਟਰਾਲੀ ਪਲਟੀ, ਦੋ ਨੌਜਵਾਨ ਹਲਾਕ
ਗੁਰਿੰਦਰ ਸਿੰਘ
ਲੁਧਿਆਣਾ, 8 ਦਸੰਬਰ
ਇੱਥੇ ਲੁਧਿਆਣਾ-ਜਲੰਧਰ ਸੜਕ ’ਤੇ ਸਥਿਤ ਪਿੰਡ ਲਾਡੋਵਾਲ ਨੇੜੇ ਤੂੜੀ ਨਾਲ ਭਰੀ ਟਰਾਲੀ ਪਲਟ ਜਾਣ ਕਾਰਨ ਦੋ ਵਿਅਕਤੀਆਂ ਦੀ ਮੌਤ ਹੋ ਗਈ ਹੈ ਜਦਕਿ ਦੋ ਹੋਰ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਾਇਆ ਗਿਆ ਹੈ। ਇਸ ਸਬੰਧੀ ਪੁਲੀਸ ਨੇ ਕੇਸ ਦਰਜ ਕਰ ਲਿਆ ਹੈ। ਅੱਜ ਸਵੇਰੇ ਅਮਨਦੀਪ ਸਿੰਘ ਤੂੜੀ ਦੀ ਭਰੀ ਹੋਈ ਟਰੈਕਟਰ ਟਰਾਲੀ ਫਗਵਾੜਾ ਤੋਂ ਲੈ ਕੇ ਲੁਧਿਆਣਾ ਆ ਰਿਹਾ ਸੀ। ਜਦੋਂ ਉਹ ਲਾਡੋਵਾਲ ਟੌਲ ਪਲਾਜ਼ਾ ਪਾਰ ਕਰਕੇ ਥਾਣੇ ਦੇ ਕੋਲ ਪੁੱਜਿਆ ਤਾਂ ਅਚਾਨਕ ਟਰੈਕਟਰ ਦਾ ਟਾਇਰ ਖੁੱਲ੍ਹ ਗਿਆ। ਸੰਤੁਲਨ ਵਿਗੜਨ ਕਾਰਨ ਟਰੈਕਟਰ ਸਣੇ ਟਰਾਲੀ ਸੜਕ ’ਤੇ ਪਲਟ ਗਈ ਅਤੇ ਟਰੈਕਟਰ ਉੱਪਰ ਬੈਠੇ ਚਾਰ ਜਣੇ ਹੇਠਾਂ ਡਿੱਗ ਪਏ ਅਤੇ ਜ਼ਖ਼ਮੀ ਹੋ ਗਏ। ਸੁਖਵਿੰਦਰ ਸਿੰਘ (35) ਅਤੇ ਹੇਮੰਤ ਕੁਮਾਰ (29) ਜ਼ਖਮਾਂ ਦੀ ਤਾਬ ਨਾ ਝੱਲਦੇ ਹੋਏ ਮੌਕੇ ’ਤੇ ਹੀ ਦਮ ਤੋੜ ਗਏ ਜਦਕਿ ਸੋਨੂ ਤੇ ਬਿੰਦਰ ਜ਼ਖ਼ਮੀ ਹੋ ਗਏ। ਰਾਹਗੀਰਾਂ ਨੇ ਪੁਲੀਸ ਦੀ ਮਦਦ ਨਾਲ ਤੁਰੰਤ ਐਂਬੂਲੈਂਸ ਬੁਲਾ ਕੇ ਦੋਵਾਂ ਨੂੰ ਇਲਾਜ ਲਈ ਹਸਪਤਾਲ ਪਹੁੰਚਾਇਆ। ਥਾਣਾ ਲਾਡੋਵਾਲ ਦੇ ਐੱਸਐੱਚਓ ਹਰਪ੍ਰੀਤ ਸਿੰਘ ਦਿਓ ਨੇ ਦੱਸਿਆ ਹੈ ਕਿ ਪੁਲੀਸ ਨੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਟਰਾਲੀ ਵਿੱਚ ਤੂੜੀ ਲੱਦੀ ਹੋਣ ਕਾਰਨ ਟਰੈਕਟਰ ਦਾ ਟਾਇਰ ਖੁੱਲ੍ਹ ਗਿਆ। ਮਗਰੋਂ ਟਰੈਕਟਰ-ਟਰਾਲੀ ਪਲਟ ਗਈ। ਇਸ ਕਾਰਨ ਟਰੈਕਟਰ ’ਤੇ ਬੈਠੇ ਚਾਰੇ ਜਣੇ ਹੇਠਾਂ ਡਿੱਗ ਪਏ ਅਤੇ ਦੋ ਦੀ ਮੌਕੇ ’ਤੇ ਹੀ ਮੌਤ ਹੋ ਗਈ।