ਅੰਤਿਮ ਪੰਘਾਲ ’ਤੇ ਲੱਗ ਸਕਦੀ ਹੈ ਤਿੰਨ ਸਾਲ ਦੀ ਰੋਕ
ਪੈਰਿਸ, 8 ਅਗਸਤ
ਆਪਣੇ ਪਛਾਣ ਪੱਤਰ ਨਾਲ ਭੈਣ ਨੂੰ ਖੇਡ ਪਿੰਡ ਵਿੱਚ ਲਿਜਾਣ ਦੀ ਕੋਸ਼ਿਸ਼ ਕਰਕੇ ਭਾਰਤੀ ਓਲੰਪਿਕ ਦਲ ਨੂੰ ਸ਼ਰਮਸਾਰ ਕਰਨ ਵਾਲੀ ਪਹਿਲਵਾਨ ਅੰਤਿਮ ਪੰਘਾਲ ਉਤੇ ਭਾਰਤੀ ਓਲੰਪਿਕ ਐਸੋਸੀਏਸ਼ਨ (ਆਈਓਏ) ਵੱਲੋਂ ਤਿੰਨ ਸਾਲ ਦੀ ਰੋਕ ਲਗਾਏ ਜਾਣ ਦੀ ਸੰਭਾਵਨਾ ਹੈ। ਅੰਤਿਮ ਬੁੱਧਵਾਰ ਨੂੰ ਮਹਿਲਾਵਾਂ ਦੇ ਕੁਸ਼ਤੀ ਦੇ 53 ਕਿਲੋ ਭਾਰ ਵਰਗ ਵਿੱਚ ਆਪਣਾ ਪਹਿਲਾ ਮੁਕਾਬਲਾ ਹਾਰਨ ਮਗਰੋਂ ਓਲੰਪਿਕ ਵਿੱਚੋਂ ਬਾਹਰ ਹੋ ਗਈ ਸੀ। ਭਾਰਤੀ ਦਲ ਦੇ ਇੱਕ ਸੂਤਰ ਨੇ ਦੱਸਿਆ, ‘‘ਆਈਓਏ ਦੇ ਅਧਿਕਾਰੀਆਂ ਨੇ ਇਸ ਮੁੱਦੇ ’ਤੇ ਚਰਚਾ ਕੀਤੀ, ਜਿਸ ਨਾਲ ਸਾਰਿਆਂ ਨੂੰ ਸ਼ਰਮਿੰਦਗੀ ਝੱਲਣੀ ਪਈ। ਕੋਚ ਸਣੇ ਸਾਰਿਆਂ ’ਤੇ ਤਿੰਨ ਸਾਲ ਦੀ ਰੋਕ ਲਗਾਉਣ ’ਤੇ ਵਿਚਾਰ ਕੀਤਾ ਜਾ ਰਿਹਾ ਹੈ।’’ ਸੂਤਰ ਨੇ ਕਿਹਾ, ‘‘ਸਭ ਤੋਂ ਪਹਿਲਾਂ ਅਸੀਂ ਇਹ ਯਕੀਨੀ ਬਣਾਵਾਂਗੇ ਕਿ ਉਹ ਘਰ ਪਹੁੰਚ ਜਾਵੇ। ਫ਼ੈਸਲੇ ਦਾ ਐਲਾਨ ਉਸ ਦੇ ਭਾਰਤ ਪਹੁੰਚਣ ਮਗਰੋਂ ਹੀ ਕੀਤਾ ਜਾਵੇਗਾ।’’ ਫਰਾਂਸਿਸੀ ਅਧਿਕਾਰੀਆਂ ਵੱਲੋਂ ਅਨੁਸ਼ਾਸਨ ਉਲੰਘਣਾ ਬਾਰੇ ਨੋਟਿਸ ’ਚ ਲਿਆਂਦੇ ਜਾਣ ਮਗਰੋਂ ਆਈਓਏ ਨੇ ਅੰਤਿਮ ਅਤੇ ਉਸ ਦੇ ਸਹਿਯੋਗੀ ਸਟਾਫ ਨੂੰ ਦੇਸ਼ ਭੇਜਣ ਦਾ ਫ਼ੈਸਲਾ ਕੀਤਾ। ਆਈਓਏ ਦੇ ਇੱਕ ਅਧਿਕਾਰੀ ਨੇ ਕਿਹਾ, ‘‘ਹੁਣ ਤੱਕ ਕੋਈ ਰੋਕ ਨਹੀਂ ਲਗਾਈ ਗਈ ਹੈ।’’
ਭਾਰਤ ਲਈ ਰਵਾਨਾ ਹੋਣ ਤੋਂ ਪਹਿਲਾਂ ਗੱਲਬਾਤ ਕਰਦਿਆਂ 19 ਸਾਲਾ ਖਿਡਾਰਨ ਨੇ ਕਿਹਾ, ‘‘ਮੇਰਾ ਕੁੱਝ ਵੀ ਗਲਤ ਕਰਨ ਦਾ ਇਰਾਦਾ ਨਹੀਂ ਸੀ। ਮੇਰੀ ਤਬੀਅਤ ਠੀਕ ਨਹੀਂ ਸੀ ਅਤੇ ਦੁਚਿੱਤੀ ਵਿੱਚ ਸੀ। ਇਹ ਸਭ ਭੰਬਲਭੂਸੇ ਕਾਰਨ ਵਾਪਰਿਆ।’’ ਬਾਅਦ ਵਿੱਚ ਇੱਕ ਵੀਡੀਓ ਵਿੱਚ ਅੰਤਿਮ ਨੇ ਸਵੀਕਾਰ ਕੀਤਾ ਕਿ ਉਸ ਨੂੰ ਪੁਲੀਸ ਥਾਣੇ ਜਾਣਾ ਪਿਆ ਪਰ ਸਿਰਫ਼ ਆਪਣੇ ਪਛਾਣ ਪੱਤਰ ਦੀ ਤਸਦੀਕ ਲਈ। ਅੰਤਿਮ ਨੇ ਕਿਹਾ, ‘‘ਇਹ ਮੇਰੇ ਲਈ ਚੰਗਾ ਦਿਨ ਨਹੀਂ ਸੀ। ਮੈਂ ਹਾਰ ਗਈ। ਮੇਰੇ ਬਾਰੇ ਬਹੁਤ ਕੁੱਝ ਫੈਲਾਇਆ ਜਾ ਰਿਹਾ ਹੈ। ਇਹ ਸੱਚ ਨਹੀਂ ਹੈ। ਮੈਨੂੰ ਤੇਜ਼ ਬੁਖ਼ਾਰ ਸੀ ਅਤੇ ਮੈਂ ਆਪਣੀ ਭੈਣ ਨਾਲ ਹੋਟਲ ਜਾਣ ਲਈ ਆਪਣੇ ਕੋਚ ਤੋਂ ਇਜਾਜ਼ਤ ਲਈ ਸੀ।’’ ਉਸ ਨੇ ਕਿਹਾ, ‘‘ਮੈਨੂੰ ਆਪਣੇ ਕੁੱਝ ਸਾਮਾਨ ਦੀ ਲੋੜ ਸੀ, ਜੋ ਖੇਡ ਪਿੰਡ ਵਿੱਚ ਸੀ। ਮੇਰੀ ਭੈਣ ਨੇ ਮੇਰਾ ਕਾਰਡ ਲਿਆ ਅਤੇ ਉੱਥੇ ਅਧਿਕਾਰੀਆਂ ਨੂੰ ਪੁੱਛਿਆ ਕਿ ਕੀ ਉਹ ਮੇਰਾ ਸਾਮਾਨ ਲਿਆ ਸਕਦੀ ਹੈ। ਉਹ ਉਸ ਪਛਾਣ ਪੱਤਰ ਦੀ ਤਸਦੀਕ ਲਈ ਉਸ ਨੂੰ ਪੁਲੀਸ ਸਟੇਸ਼ਨ ਲੈ ਗਏ।’’ -ਪੀਟੀਆਈ
ਪੰਘਾਲ ਨੇ ਅਫਵਾਹਾਂ ਨਾ ਫੈਲਾਉਣ ਦੀ ਕੀਤੀ ਅਪੀਲ
ਅੰਤਿਮ ਨੇ ਇਸ ਗੱਲ ਤੋਂ ਵੀ ਇਨਕਾਰ ਕੀਤਾ ਕਿ ਉਸ ਦੇ ਕੋਚ ਨਸ਼ੇ ਵਿੱਚ ਸੀ ਅਤੇ ਕਿਰਾਏ ਬਾਰੇ ਟੈਕਸੀ ਡਰਾਈਵਰ ਨਾਲ ਉਨ੍ਹਾਂ ਦੀ ਬਹਿਸ ਹੋ ਗਈ ਸੀ। ਉਸ ਨੇ ਕਿਹਾ, ‘‘ਮੇਰੇ ਕੋਚ ਮੁਕਾਬਲੇ ਵਾਲੀ ਜਗ੍ਹਾ ’ਤੇ ਹੀ ਰੁਕ ਗਏ ਸੀ ਅਤੇ ਜਦੋਂ ਉਹ ਵਾਪਸ ਆਉਣਾ ਚਾਹੁੰਦੇ ਸੀ ਤਾਂ ਅਸੀਂ ਉਨ੍ਹਾਂ ਲਈ ਇੱਕ ਗੱਡੀ ਕੀਤੀ ਸੀ। ਮੇਰੇ ਕੋਚ ਕੋਲ ਨਕਦੀ ਨਾਕਾਫ਼ੀ ਸੀ ਅਤੇ ਭਾਸ਼ਾ ਸਬੰਧੀ ਸਮੱਸਿਆ ਕਾਰਨ ਟੈਕਸੀ ਡਰਾਈਵਰ ਨਾਲ ਉਨ੍ਹਾਂ ਦੀ ਬਹਿਸ ਹੋ ਗਈ।’’ ਅੰਤਿਮ ਨੇ ਕਿਹਾ, ‘‘ਉਹ ਹੋਟਲ ਦੇ ਕਮਰੇ ਤੋਂ ਕੁੱਝ ਯੂਰੋ ਲੈਣ ਆਏ ਸੀ, ਇਸ ਲਈ ਇਸ ਵਿੱਚ ਕੁੱਝ ਸਮਾਂ ਲੱਗਿਆ ਅਤੇ ਇਸ ਕਾਰਨ ਇਹ ਸਥਿਤੀ ਪੈਦਾ ਹੋ ਗਈ। ਮੈਂ ਪਹਿਲਾਂ ਹੀ ਬੁਰੇ ਸਮੇਂ ਵਿੱਚੋਂ ਲੰਘ ਰਹੀ ਹਾਂ, ਕਿਰਪਾ ਕਰਕੇ ਅਫ਼ਵਾਹਾਂ ਨਾ ਫੈਲਾਓ। ਮੇਰਾ ਸਾਥ ਦਿਉ।’’