ਦੋ ਆਰਥਿਕ ਸੰਕਟਾਂ ਦੀ ਕਹਾਣੀ
ਸਾਲ 2007 ਤੋਂ 2009 ਤਕ ਚੱਲੇ ਸੰਸਾਰਵਿਆਪੀ ਆਰਥਿਕ ਸੰਕਟ ਦਾ ਵਿੱਤੀ ਖੇਤਰ ਨਾਲ ਬੈਂਕਾਂ ਉੱਤੇ ਵੀ ਨਕਾਰਾਤਮਕ ਅਸਰ ਦੇਖਣ ਨੂੰ ਮਿਲਿਆ। ਅਮਰੀਕਾ ਤੋਂ ਸ਼ੁਰੂ ਹੋਏ ਇਸ ਸੰਕਟ ਦਾ ਬੁਨਿਆਦੀ ਕਾਰਨ ਅਮਰੀਕੀ ਰਿਹਾਇਸ਼ੀ ਮਕਾਨਾਂ ਵਿਚ ਪੁੰਗਰਿਆ ਸੰਕਟ ਸੀ ਜਿਸ ਨੇ ਸਾਰੇ ਸੰਸਾਰ ਨੂੰ ਜਕੜ ਲਿਆ। ਦਰਅਸਲ 11 ਸਤੰਬਰ 2001 ਦੇ ਅਤਿਵਾਦੀ ਹਮਲਿਆਂ ਤੋਂ ਬਾਅਦ ਅਮਰੀਕੀ ਕੇਂਦਰੀ ਬੈਂਕ ਯੂਐੱਸ ਫੈਡਰਲ ਰਿਜ਼ਰਵ ਨੇ ਮੁਲਕ ਵਿਚ ਵਪਾਰ, ਖ਼ਪਤ ਅਤੇ ਨਿਵੇਸ਼ ਵਧਾਉਣ ਲਈ ਵਿਆਜ ਦਰ ਅਗਲੇ 2-3 ਸਾਲਾਂ ਵਿਚ ਹੌਲੀ ਹੌਲੀ 1% ਤਕ ਘਟਾ ਦਿੱਤੀ। ਇਹ ਦਰ ਅਮਰੀਕਾ ਵਿਚ ਇਸ ਤੋਂ ਪਹਿਲਾਂ ਦੇ ਕੁਝ ਸਾਲਾਂ ਵਿਚ 5-6% ਤਕ ਹੁੰਦੀ ਸੀ ਪਰ 1% ਦੀ ਘੱਟ ਵਿਆਜ ਦਰ ਤੋਂ ਜਮ੍ਹਾ ਕਰਤਾ ਵੱਡੇ ਤੌਰ ’ਤੇ ਅਸੰਤੁਸ਼ਟ ਹੋ ਗਏ ਅਤੇ ਉਨ੍ਹਾਂ ਹੋਰ ਨਿਵੇਸ਼ ਬਦਲਾਂ ਦੀ ਭਾਲ ਸ਼ੁਰੂ ਕਰ ਦਿੱਤੀ। ਹਾਊਸਿੰਗ ਖੇਤਰ ਨਿਵੇਸ਼ ਦਾ ਚੰਗਾ ਬਦਲ ਸਾਬਤ ਹੋ ਰਿਹਾ ਸੀ ਕਿਉਂਕਿ ਕੀਮਤਾਂ ਲਗਾਤਾਰ ਵਧ ਰਹੀਆਂ ਸਨ। ਘੱਟ ਵਿਆਜ ਦਰਾਂ ਦਾ ਫਾਇਦਾ ਚੁੱਕਦੇ ਹੋਏ ਬਹੁਤ ਸਾਰੇ ਲੋਕਾਂ ਨੇ ਮਕਾਨ ਖਰੀਦਣ ਲਈ ਕਰਜ਼ੇ ਲਏ। ਇੱਥੋਂ ਤਕ ਕਿ ਜਿਨ੍ਹਾਂ ਲੋਕਾਂ ਨੇ ਕਦੇ ਕਰਜ਼ੇ ਨਹੀਂ ਸੀ ਲਏ, ਉਹ ਵੀ ਵਧ-ਚੜ੍ਹ ਕੇ ਮਕਾਨ ਬਣਾਉਣ ਜਾਂ ਖਰੀਦਣ ਲਈ ਕਰਜ਼ੇ ਲੈਣ ਲੱਗੇ। ਸਿੱਟਾ ਇਹ ਨਿਕਲਿਆ ਕਿ ਮਕਾਨਾਂ ਦੀਆਂ ਕੀਮਤਾਂ ਜ਼ਰੂਰਤ ਤੋਂ ਜ਼ਿਆਦਾ ਵਧ ਗਈਆਂ। ਮਕਾਨਾਂ ਦੀ ਮਹਿੰਗਾਈ ਨੇ ਹੋਰ ਵਸਤਾਂ ਦੀਆਂ ਕੀਮਤਾਂ ਵਿਚ ਵੀ ਅੱਗ ਲਾ ਦਿੱਤੀ ਅਤੇ ਇਸ ਮਹਿੰਗਾਈ ਨੂੰ ਕਾਬੂ ਕਰਨ ਲਈ ਅਮਰੀਕੀ ਬੈਂਕ ਨੇ 2004 ਅਤੇ 2006 ਵਿਚਕਾਰ ਵਿਆਜ ਦਰਾਂ ਵਿਚ ਵਾਧੇ ਦੀ ਲੜੀ ਸ਼ੁਰੂ ਕੀਤੀ। ਮਹਿੰਗੇ ਕਰਜਿ਼ਆਂ ਨੇ ਵਿਕਾਸ ਦੀ ਗਤੀ ’ਤੇ ਰੋਕ ਲਾਉਣ ਦਾ ਕੰਮ ਕੀਤਾ ਜਿਸ ਕਾਰਨ ਸਭ ਤੋਂ ਪਹਿਲਾਂ ਤਾਂ ਨਿਵੇਸ਼ ਘਟਿਆ; ਨਤੀਜੇ ਵਜੋਂ ਅੱਗੇ ਰੁਜ਼ਗਾਰ ਅਤੇ ਆਮਦਨ ਵਿਚ ਕਮੀ ਹੋਈ। ਲੱਖਾਂ ਦੀ ਸੰਖਿਆ ਵਿਚ ਬੇਰੁਜ਼ਗਾਰ ਲੋਕ ਕਰਜ਼ਿਆਂ ਦਾ ਭੁਗਤਾਨ ਨਹੀਂ ਕਰ ਸਕੇ ਅਤੇ ਡਿਫਾਲਟ ਕਰ ਗਏ। ਵਿੱਤੀ ਸੰਸਥਾਵਾਂ ਅਤੇ ਬੈਂਕਾਂ ਨੂੰ ਭਾਰੀ ਨੁਕਸਾਨ ਹੋਇਆ ਜਿਸ ਨੇ ਅੱਗੇ ਚੱਲ ਕੇ ਵਿਸ਼ਵ ਭਰ ਦੇ ਵਿੱਤੀ ਅਦਾਰਿਆਂ ਨੂੰ ਗ੍ਰਿਫ਼ਤ ਵਿਚ ਲੈ ਲਿਆ।
2008 ਤੋਂ ਹੁਣ ਤਕ ਸੰਸਾਰ ਭਰ ਵਿਚ ਬਹੁਤ ਸਾਰੇ ਪਰਿਵਰਤਨ ਹੋਏ ਹਨ ਅਤੇ ਬਹੁਤ ਸਾਰੇ ਅਰਥਚਾਰਿਆਂ ਨੇ ਢੁਕਵੀਆਂ ਕਾਰਵਾਈਆਂ ਕਰ ਕੇ ਅਤੇ ਨੀਤੀਆਂ ਬਣਾ ਕੇ ਖ਼ੁਦ ਨੂੰ ਸੁਰੱਖਿਅਤ ਕਰਨ ਦੀ ਕੋਸਿ਼ਸ਼ ਕੀਤੀ ਹੈ ਪਰ ਜੋ ਵੱਡੇ ਪੱਧਰ ’ਤੇ ਨਹੀਂ ਬਦਲਿਆ ਹੈ, ਉਹ ਹੈ ਅਰਥਚਾਰਿਆਂ ਵਿਚਕਾਰ ਆਪਸੀ ਵਪਾਰ, ਤਾਲਮੇਲ ਅਤੇ ਸਹਿਯੋਗ। ਇਹੋ ਕਾਰਨ ਹੈ ਕਿ ਜੇ ਅੱਜ ਵੀ ਕੋਈ ਵੱਡਾ ਅਰਥਚਾਰਾ ਕਿਸੇ ਆਰਥਿਕ ਸੰਕਟ ਤੋਂ ਪ੍ਰਭਾਵਿਤ ਹੁੰਦਾ ਹੈ ਤਾਂ ਉਹ ਆਪਣੇ ਨਾਲ ਸੰਸਾਰ ਦੇ ਹੋਰ ਅਰਥਚਾਰਿਆਂ ਨੂੰ ਵੀ ਪ੍ਰਭਾਵਿਤ ਕਰਦਾ ਹੈ। 2022 ਦੌਰਾਨ ਜਦੋਂ ਦੁਨੀਆ ਦੇ ਸਾਰੇ ਅਰਥਚਾਰੇ ਕੋਰੋਨਾ ਸੰਕਟ ਦੀ ਪਕੜ ਤੋਂ ਬਾਹਰ ਆ ਰਹੇ ਸਨ, ਰੂਸ ਯੂਕਰੇਨ ਜੰਗ ਨੇ ਉਨ੍ਹਾਂ ਨੂੰ ਇੱਕ ਹੋਰ ਸੰਕਟ ਵੱਲ ਧੱਕ ਦਿੱਤਾ। ਰੂਸ ਯੂਕਰੇਨ ਜੰਗ ਨੇ ਤੇਲ ਅਤੇ ਗੈਸ ਸਪਲਾਈ ਬੰਦ ਕਰ ਕੇ ਯੂਰੋਪੀਅਨ ਅਰਥਚਾਰਿਆਂ ਨੂੰ ਸਿੱਧੇ ਤੌਰ ’ਤੇ ਲਪੇਟ ਵਿਚ ਲੈ ਲਿਆ। ਇਸ ਨਾਲ ਉੱਥੇ ਆਰਥਿਕ ਗਤੀਵਿਧੀਆਂ ਵਿਚ ਵਿਘਨ ਪਿਆ ਅਤੇ ਮਹਿੰਗਾਈ ਅਸਮਾਨੀ ਜਾ ਪੁੱਜੀ। ਨਾਲ ਹੀ ਰੂਸ ਨਾਲ ਲੱਗਦੇ ਸਮੁੰਦਰ ਵਿਚੋਂ ਸਮੁੰਦਰੀ ਜਹਾਜ਼ਾਂ ਦੀ ਆਵਾਜਾਈ ਵਿਚ ਆਈ ਰੁਕਾਵਟ ਕਾਰਨ ਵੀ ਕੌਮਾਂਤਰੀ ਸਮਾਨ ਦੀ ਸਪਲਾਈ ਵਿਚ ਵਿਘਨ ਪਿਆ ਜਿਸ ਨਾਲ ਸੰਸਾਰ ਭਰ ਵਿਚ ਮਹਿੰਗਾਈ ਵਧੀ।
ਇਸ ਮਹਿੰਗਾਈ ਨੇ ਅਮਰੀਕਾ ਵਰਗੇ ਵੱਡੇ ਮੁਲਕ ਨੂੰ ਵੀ ਲਪੇਟ ਵਿਚ ਲੈ ਲਿਆ। ਜਦੋਂ ਅਮਰੀਕਾ ਦੇ ਕੇਂਦਰੀ ਬੈਂਕ ਨੇ ਇਸ ਮਹਿੰਗਾਈ ਨਾਲ ਨਜਿੱਠਣ ਲਈ ਇੱਕ ਵਾਰ ਮੁੜ (2008 ਤੋਂ ਬਾਅਦ) ਵਿਆਜ ਦਰ ਵਧਾਈ ਤਾਂ ਇਸ ਦਾ ਅਸਰ ਯੂਰੋਪ, ਕੈਨੇਡਾ, ਆਸਟਰੇਲੀਆ, ਚੀਨ, ਜਪਾਨ ਅਤੇ ਭਾਰਤ ਸਮੇਤ ਸਾਰੇ ਮੁਲਕਾਂ ’ਤੇ ਪਿਆ। ਲਗਭਗ ਹਰ ਮੁਲਕ ਦੇ ਕੇਂਦਰੀ ਬੈਂਕ ਨੇ ਅਮਰੀਕਾ ਦੇ ਕੇਂਦਰੀ ਬੈਂਕ ਦੀਆਂ ਧੁਨਾਂ ’ਤੇ ਨੱਚਦੇ ਹੋਏ ਵਿਆਜ ਦਰਾਂ ਵਿਚ ਅਪਾਰ ਵਾਧਾ ਕੀਤਾ। ਜਿਹੜੀਆਂ ਵਿਆਜ ਦਰਾਂ 2020 ਵਿਚ ਕੋਰੋਨਾ ਦਾ ਮੁਕਾਬਲਾ ਕਰਨ ਲਈ ਬਹੁਤ ਘੱਟ ਰੱਖੀਆਂ ਸਨ, ਉਨ੍ਹਾਂ ਵਿਚ ਬੇਤਹਾਸ਼ਾ ਵਾਧਾ ਹੋਇਆ। 2007-08 ਤੋਂ 2019-20 ਦੌਰਾਨ ਵਿਆਜ ਦਰਾਂ ਇੰਨੀਆਂ ਘੱਟ ਸਨ ਕਿ ਹਰ ਮੁਲਕ ਦੀ ਸਰਕਾਰ ਅਤੇ ਸਰਮਾਏਦਾਰਾਂ ਨੇ ਸਸਤੇ ਕਰਜ਼ਿਆਂ ਦਾ ਲਾਹਾ ਲਿਆ। ਇਹ ਕਰਜ਼ੇ ਨਿਸ਼ਚਿਤ ਦਰਾਂ ’ਤੇ ਨਹੀਂ ਸਗੋਂ ਪਰਿਵਰਤਨਸ਼ੀਲ ਦਰਾਂ ’ਤੇ ਸਨ ਜੋ ਸਮੇਂ ਸਮੇਂ ਵਿਆਜ ਦਰਾਂ ਵਿਚ ਵਾਧੇ ਨਾਲ ਵਧ ਸਕਦੀਆਂ ਸਨ। ਜਦੋਂ ਰੂਸ ਯੂਕਰੇਨ ਜੰਗ ਤੋਂ ਬਾਅਦ ਵਿਆਜ ਦਰਾਂ ਬਹੁਤ ਜਿ਼ਆਦਾ ਵਧ ਗਈਆਂ ਤਾਂ ਦੁਨੀਆ ਦੇ ਕਈ ਅਰਥਚਾਰਿਆਂ ਅਤੇ ਕੰਪਨੀਆਂ ਨੂੰ ਕਰਜ਼ੇ ਦੀ ਅਦਾਇਗੀ ਵਿਚ ਮੁਸ਼ਕਿਲ ਆਉਣ ਲੱਗੀ; ਬਹੁਤ ਸਾਰੇ ਅਰਥਚਾਰੇ ਅਤੇ ਕੰਪਨੀਆਂ ਡਿਫਾਲਟ ਵੀ ਹੋ ਗਈਆਂ। ਇਸ ਦਾ ਅਸਰ ਬੈਂਕਾਂ ਦੇ ਸੰਚਾਲਨ ’ਤੇ ਹੋਇਆ ਅਤੇ ਕੁਝ ਮੁੱਖ ਬੈਂਕ ਜਿਵੇਂ ਅਮਰੀਕਾ ਵਿਚ ਸਿਲੀਕਾਨ ਵੈਲੀ ਬੈਂਕ, ਸਿਗਨੇਚਰ ਬੈਂਕ, ਫਸਟ ਰਿਪਬਲਿਕ ਅਤੇ ਯੂਰੋਪ ਵਿਚ 160 ਸਾਲ ਪੁਰਾਣਾ ਕਰੈਡਿਟ ਸੂਇਸ ਬੈਂਕ ਫੇਲ੍ਹ ਵੀ ਹੋਏ।
ਸੰਸਾਰ ਵਿਚ ਆਰਥਿਕ ਮੰਦੀ ਜੋ 2007-08 ਦੌਰਾਨ ਆਈ ਸੀ, 2022-23 ਵਿਚ ਮੁੜ ਆਈ ਅਤੇ ਜਨਵਰੀ 2024 ਵਿਚ ਵੀ ਬਰਕਰਾਰ ਹੈ ਭਾਵੇਂ ਇਨ੍ਹਾਂ ਦੋਹਾਂ ਆਰਥਿਕ ਸੰਕਟਾਂ ਵਿਚ ਕੁਝ ਬੁਨਿਆਦੀ ਅੰਤਰ ਹਨ। 2007-08 ਵਾਲੀ ਮੰਦੀ ਦਾ ਮੂਲ ਕਾਰਨ ਅਮਰੀਕੀ ਰਿਹਾਇਸ਼ੀ ਮਕਾਨਾਂ ਦੀਆਂ ਕੀਮਤਾਂ ਨਾਲ ਸਬੰਧਿਤ ਸੀ; 2022-23 ਦੀ ਮੰਦੀ ਬੈਂਕਾਂ ਨਾਲ ਜੁੜੀ ਹੈ ਜਿਸ ਵਿਚ ਅਰਥਚਾਰਿਆਂ ਅਤੇ ਕੰਪਨੀਆਂ ਦੇ ਕਰਜ਼ਿਆਂ ਦੀ ਅਦਾਇਗੀ ਵਿਚ ਨਾਕਾਮ ਰਹਿਣ ਕਾਰਨ ਬੈਂਕ ਫੇਲ੍ਹ ਹੋ ਰਹੇ ਹਨ। ਜਿੱਥੇ 2007 ਦੀ ਮੰਦੀ ਘੱਟ ਵਿਆਜ ਦਰਾਂ ਕਾਰਨ ਉਭਰੀ ਜਿਸ ਨੇ ਅਮਰੀਕੀਆਂ ਨੂੰ ਕਰਜ਼ੇ ਲੈਣ ਲਈ ਪ੍ਰੇਰਿਆ, ਉੱਥੇ 2023 ਵਿਚ ਵਿਆਜ ਦਰਾਂ ਵਿਚ ਤੇਜ਼ੀ ਦੇ ਕਾਰਨ ਕਈ ਮੁਲਕ ਅਤੇ ਕਾਰੋਬਾਰੀ ਸੰਸਥਾਵਾਂ ਕਰਜ਼ਿਆਂ ਦੀ ਅਦਾਇਗੀ ਕਰਨ ਵਿਚ ਅਸਫਲ ਹੋ ਗਈਆਂ। 2007-08 ਦੀ ਮੰਦੀ ਅਮਰੀਕਾ ਵਿਚੋਂ ਨਿਕਲੀ ਸੀ ਜਿਸ ਨੇ ਬਾਅਦ ਵਿਚ ਸੰਸਾਰ ਨੂੰ ਆਪਣੀ ਲਪੇਟ ਵਿਚ ਲੈ ਲਿਆ; 2022-23 ਦਾ ਸੰਕਟ ਯੂਰੋਪ ਵਿਚ ਰੂਸ ਯੂਕਰੇਨ ਜੰਗ ਕਾਰਨ ਪੈਦਾ ਹੋਇਆ। 2007-08 ਦੀ ਮੰਦੀ ਵਿਚ ਵਿਕਾਸ ਦਰ ਘਟੀ ਸੀ ਅਤੇ ਬੇਰੁਜ਼ਗਾਰੀ ਬਹੁਤ ਵਧ ਗਈ ਸੀ; 2022-23 ਵਿਚ ਕੇਂਦਰੀ ਬੈਂਕ, ਖ਼ਾਸਕਰ ਅਮਰੀਕਾ ਵਿਚ ਵਿਆਜ ਦਰਾਂ ਵਧਾ ਕੇ ਵਿਕਾਸ ਦਰ ਘਟਾਉਣ ਦੀ ਕੋਸਿ਼ਸ਼ ਕਰ ਰਹੇ ਹਨ ਤਾਂ ਜੋ ਬੇਰੁਜ਼ਗਾਰੀ ਵਧੇ, ਕਿਉਂਕਿ ਕੋਰੋਨਾ ਸੰਕਟ ਦੌਰਾਨ ਦਿੱਤੇ ਵੱਡੇ ਪੈਕੇਜ ਅਤੇ ਬੇਰੁਜ਼ਗਾਰੀ ਭੱਤੇ ਮਹਿੰਗਾਈ ਨੂੰ ਘਟਣ ਨਹੀਂ ਦੇ ਰਹੇ। 2007-08 ਵਿਚ ਸਰਕਾਰਾਂ ਮੰਗ ਵਿਚ ਵਾਧਾ ਕਰਨਾ ਚਾਹੁੰਦੀਆਂ ਸਨ; 2022-23 ਵਿਚ ਚਾਹੁੰਦੀਆਂ ਹਨ ਕਿ ਮੰਗ ਘਟੇ। ਬ੍ਰਿਟੇਨ ਅਤੇ ਯੂਰੋਪ ਵਿਚ ਤਾਂ ਖਾਣ-ਪੀਣ ਦੀਆਂ ਵਸਤੂਆਂ ਅਤੇ ਗੈਸ ਤੇ ਬਿਜਲੀ ਦੀ ਖਰੀਦ ਲਈ ਸੀਮਾ ਵੀ ਤੈਅ ਕੀਤੀ ਗਈ ਸੀ। ਚੀਨ ਜਿਸ ਨੇ 2007-08 ਵਿਚ ਪੈਕੇਜ ਦੇ ਕੇ ਦੁਨੀਆ ਦੇ ਅਰਥਚਾਰਿਆਂ ਨੂੰ ਉਭਾਰਨ ਵਿਚ ਉਤਪ੍ਰੇਰਕ ਦੀ ਭੂਮਿਕਾ ਨਿਭਾਈ ਸੀ, 2022-23 ਵਿਚ ਆਪ ਘਰੇਲੂ ਰੀਅਲ ਅਸਟੇਟ ਸੰਕਟ ਕਾਰਨ ਮੰਦੀ ਦਾ ਸਿ਼ਕਾਰ ਹੈ। 2007-08 ਦੇ ਸੰਕਟ ਤੋਂ ਬਾਅਦ, ਕਰਜ਼ਿਆਂ ਦੀ ਅਦਾਇਗੀ ਆਸਾਨ ਹੋ ਗਈ ਸੀ ਪਰ 2022-23 ਵਿਚ ਕਰਜ਼ੇ ਦੀ ਅਦਾਇਗੀ ਹੋਰ ਮੁਸ਼ਕਿਲ ਹੋ ਗਈ ਅਤੇ ਦੁਨੀਆ ਭਰ ਵਿਚ ਅਰਥਚਾਰੇ ਅਤੇ ਕਾਰੋਬਾਰ ਕਰਜ਼ੇ ਦੇ ਜਾਲ ਵਿਚ ਫਸ ਰਹੇ ਹਨ।
ਹਾਲਾਤ ਇਸ਼ਾਰਾ ਕਰਦੇ ਹਨ ਕਿ ਜੇ ਬੈਂਕਿੰਗ ਖੇਤਰ ਦੀਆਂ ਸਮੱਸਿਆਵਾਂ ਵਿੱਤੀ ਸੰਸਥਾਵਾਂ, ਕਾਰੋਬਾਰਾਂ ਅਤੇ ਸਰਕਾਰਾਂ ਤੱਕ ਫੈਲ ਗਈਆਂ ਤਾਂ ਸੰਕਟ ਹੋਰ ਡੂੰਘੇ ਵਿੱਤੀ ਸੰਕਟ ਵਿਚ ਤਬਦੀਲ ਹੋ ਸਕਦਾ ਹੈ। ਇਸ ਸੂਰਤ ਵਿਚ ਮੁਲਕਾਂ ਦਾ ਆਰਥਿਕ ਨੁਕਸਾਨ ਅਨੁਮਾਨ ਨਾਲੋਂ ਵਧੇਰੇ ਹੋ ਸਕਦਾ ਹੈ ਜੋ ਅਗਾਂਹ ਗੰਭੀਰ ਆਰਥਿਕ ਮੰਦਵਾੜਾ ਵੀ ਬਣ ਸਕਦਾ ਹੈ। ਇਸ ਨਾਲ ਸਮਾਜਿਕ ਅਤੇ ਸਿਆਸੀ ਅਸਥਿਰਤਾ ਪੈਦਾ ਹੋਵੇਗੀ ਕਿਉਂਕਿ ਵਧੇਰੇ ਬੇਰੁਜ਼ਗਾਰੀ, ਆਰਥਿਕ ਅਸਮਾਨਤਾ, ਅਤੇ ਗ਼ਰੀਬੀ ਜਨਤਕ ਅਸੰਤੁਸ਼ਟੀ ਪੈਦਾ ਕਰਦੀ ਹੈ। ਇਨ੍ਹਾਂ ਗੰਭੀਰ ਹਾਲਾਤ ਦੇ ਮੱਦੇਨਜ਼ਰ ਸਰਕਾਰਾਂ ਨੂੰ ਅਜਿਹੇ ਢੁੱਕਵੇਂ ਕਦਮ ਚੁੱਕਣੇ ਚਾਹੀਦੇ ਹਨ ਜੋ ਪੂਰੀ ਤਰ੍ਹਾਂ ਲੋਕ ਪੱਖੀ ਹੋਣ।
ਸੰਪਰਕ: 79860-36776