ਔਰਤ ਸ਼ਕਤੀ ਅਤੇ ਨਾਬਰੀ ਦਾ ਪ੍ਰਤੀਕ
ਅਮੋਲਕ ਸਿੰਘ
ਖੋਜੀ ਲੇਖਕ, ਉੱਘੀ ਪੱਤਰਕਾਰ ਅਤੇ ਫਿਲਮਸਾਜ਼ ਭਾਸ਼ਾ ਸਿੰਘ ਦੀ ਨਵ-ਪ੍ਰਕਾਸ਼ਿਤ ਪੁਸਤਕ ‘ਸ਼ਾਹੀਨ ਬਾਗ਼: ਲੋਕਤੰਤਰ ਦੀ ਨਵੀਂ ਕਰਵਟ’ ਨੇ ਸਾਹਿਤ ਦੇ ਖੋਜ ਖੇਤਰ ’ਚ ਹਲਚਲ ਛੇੜ ਰੱਖੀ ਹੈ।
ਰਾਜਧਾਨੀ ਦਿੱਲੀ ਅੰਦਰ ਜਮਨਾ ਅਤੇ ਗੰਦੇ ਨਾਲਿਆਂ ਦੇ ਵਿਚਕਾਰ ਵਸਿਆ ਗੁੰਮਨਾਮ ਮੁਹੱਲਾ ਸ਼ਾਹੀਨ ਬਾਗ਼ ਰਾਤੋ-ਰਾਤ ਦੁਨੀਆਂ ਭਰ ਦੇ ਮੀਡੀਆ ਦੀ ਪ੍ਰਮੁੱਖ ਖ਼ਬਰ ਬਣ ਗਿਆ ਸੀ। ਕੋਈ 100 ਦਿਨਾਂ ਦੇ ਅੰਦਰ ਹੀ 20 ਸੂਬਿਆਂ ਦੇ 80 ਕੇਂਦਰਾਂ ’ਤੇ ਸ਼ਾਹੀਨ ਬਾਗ਼ ਉੱਗ ਪਏ। ਅਮਨ ਦਾ ਰਾਗ਼ ਛੇੜਦਾ ਇਹ ਬਾਗ਼ ਦੇਖਦੇ ਹੀ ਦੇਖਦੇ ‘ਹਮ ਕਾਗਜ਼ ਨਹੀਂ ਦਿਖਾਏਂਗੇ’, ‘ਅਸੀਂ ਲੜਾਂਗੇ ਸਾਥੀ’ ਦੇ ਨਾਬਰੀ ਭਰੇ ਗੀਤ ਗਾਉਣ ਲੱਗਾ। ਪਿੱਤਰੀ ਸੱਤਾ ’ਚ ਜਕੜੇ ਨਿਜ਼ਾਮ ਨੂੰ ਕਾਂਬਾ ਛਿੜ ਗਿਆ। ਸੱਤਾ ਨੂੰ ਸਹੇ ਦਾ ਨਹੀਂ ਪਹੇ ਦਾ ਝੋਰਾ ਵੱਢ ਵੱਢ ਖਾਣ ਲੱਗਾ।
ਦਿੱਲੀ ਦੇ ਸ਼ਾਹੀਨ ਬਾਗ਼ ਹੀ ਨਹੀਂ ਸਗੋਂ ਮੁਲਕ ਭਰ ਵਿੱਚ ਲੱਗੇ ਸ਼ਾਹੀਨ ਬਾਗ਼ ਮੋਰਚਿਆਂ ਵਿੱਚ ਜਾ ਕੇ ਭਾਸ਼ਾ ਸਿੰਘ ਨੇ ਗਹਿਰੀ ਖੋਜ ਪੜਤਾਲ ਕੀਤੀ ਤਾਂ ਘਰੇਲੂ ਅਤੇ ਸਮੁੱਚੇ ਜੀਵਨ ਵਿੱਚ ਆਏ ਸਿਫ਼ਤੀ ਬਦਲਾਅ ਦੇਖਣ ਨੂੰ ਮਿਲੇ। ਘਰੇਲੂ ਜੀਵਨ ਵਿੱਚ ਮਰਦਾਂ ਨੇ ਬੱਚੇ ਸੰਭਾਲਣ, ਰਸੋਈ ਅਤੇ ਪਰਿਵਾਰਕ ਜ਼ਿੰਮੇਵਾਰੀਆਂ ਓਟਣ ਦਾ ਮੋਰਚਾ ਅਤੇ ਪਤਨੀਆਂ ਨੇ ਸ਼ਾਹੀਨ ਬਾਗ਼ ਮੋਰਚਾ ਸੰਭਾਲਿਆ। ਆਪਣੀ ਜੀਵਨ ਸਾਥਣ, ਧੀਆਂ ਅਤੇ ਭੈਣਾਂ, ਗੱਲ ਕੀ ਔਰਤਾਂ ਪ੍ਰਤੀ ਨਜ਼ਰੀਆ ਹੀ ਬਦਲ ਦਿੱਤਾ ਸ਼ਾਹੀਨ ਬਾਗ਼ ਵਿੱਚੋਂ ਆਈਆਂ ਖ਼ੁਸ਼ਬੋਈਆਂ ਲੱਦੀਆਂ ਪੌਣਾਂ ਨੇ। ਲੋਕਾਂ ਨੂੰ ਸ਼ਾਹੀਨ ਬਾਗ਼ ਆਪਣਾ ਘਰ, ਅਤੇ ਆਪਣੇ ਘਰ ਪਰਿਵਾਰ ਸ਼ਾਹੀਨ ਬਾਗ਼ ਮਹਿਸੂਸ ਹੋਣ ਲੱਗੇ।
ਭਾਸ਼ਾ ਸਿੰਘ ਦੀ ਕਿਤਾਬ ਉਨ੍ਹਾਂ ਨਵੇਂ ਦਿਨਾਂ ਦੀ ਗਵਾਹ ਬਣਦੀ ਹੈ ਕਿ ਜਿਹੜੇ ਮੁਸਲਮਾਨ ਭਾਈਚਾਰੇ ਦੀਆਂ ਔਰਤਾਂ ਦਨਿ ਵੇਲੇ ਵੀ ਘਰੋਂ ਬਾਹਰ ਪੈਰ ਨਹੀਂ ਸੀ ਪਾਉਂਦੀਆਂ, ਉਹ ਰਾਤਾਂ ਨੂੰ ਇਕੱਲੀਆਂ ਵੀ ਸ਼ਾਹੀਨ ਬਾਗ਼ ਮੋਰਚੇ ’ਚ ਨਿਰਭੈ ਹੋ ਕੇ ਸ਼ਾਮਿਲ ਹੋਣ ਲੱਗੀਆਂ। ਉਹ ਘਰਾਂ ਅਤੇ ਬੁਰਕੇ ਦੇ ਬੰਧਨ ਤੋਂ ਆਜ਼ਾਦ ਹੋ ਕੇ ਬਾਹਰ ਆਈਆਂ।
ਇਹ ਪੁਸਤਕ ਦਰਸਾਉਂਦੀ ਹੈ ਕਿ ਸ਼ੁਰੂ ਵਿੱਚ ਚਾਰ ਪੰਜ ਔਰਤਾਂ ਹੀ ਬਾਗ਼ ਅੰਦਰ ਖਿੜੇ ਫੁੱਲਾਂ ਦਾ ਨਵਾਂ ਰੂਪ ਬਣ ਕੇ ਸਾਹਮਣੇ ਆਈਆਂ। ਦੇਖਦੇ ਹੀ ਦੇਖਦੇ ਬਾਗ਼ ਵਿੱਚ ਬਹਾਰ ਆ ਗਈ। ਸਕੂਲਾਂ ਤੋਂ ਛੁੱਟੀ ਹੋਣ ’ਤੇ ਵਿਦਿਆਰਥੀ ਸਿੱਧੇ ਮੋਰਚੇ ’ਤੇ ਆਉਣ ਲੱਗੇ। ਰਾਤਾਂ ਨੂੰ ਮੋਰਚੇ ਅੰਦਰ ਹੀ ਗੀਤ ਸੰਗੀਤ, ਨਾਟਕ, ਚਿੱਤਰਕਲਾ, ਵਿਚਾਰਾਂ ਅਤੇ ਤਕਰੀਰਾਂ ਸਿੱਖਣ ਨਾਲ ਜੁੜਨ ਲੱਗੇ। ਮੋਰਚੇ ਦੀਆਂ ਦਾਦੀਆਂ ਨਾਨੀਆਂ ਦੀਆਂ ਬੁੱਕਲਾਂ ਦਾ ਨਿੱਘ ਮਾਣਨ ਲੱਗੇ। ਮੋਰਚੇ ਬਾਰੇ ਚੱਲਦੇ ਕੂੜ ਪ੍ਰਚਾਰ ਬਿਰਿਆਨੀ ਅਤੇ ਪੈਸੇ ਲੈ ਕੇ ਮੋਰਚੇ ਵਿੱਚ ਦਿਹਾੜੀ ’ਤੇ ਆਉਣ ਕਾਰਨ ਜੁੜਦੀਆਂ ਭੀੜਾਂ ਦਾ ਗ਼ਲਤ ਬਿੰਬ ਸਿਰਜਣ ਦਾ ਯਤਨ ਨਾਕਾਮ ਹੋ ਗਿਆ। ਗੋਦੀ ਮੀਡੀਆ ਨੂੰ ਲੋਕਾਂ ਦੇ ਸੁਆਲਾਂ ਅੱਗੇ ਨਿਰੁੱਤਰ ਹੋਣਾ ਪਿਆ।
ਮੋਰਚੇ ਦੀ ਸੁਰੱਖਿਆ, ਲਾਈਟ ਸਾਊਂਡ ਤਕਰੀਰਾਂ ਆਦਿ ਤੇ ਸੰਜਮ ਜ਼ਾਬਤੇ ਨੇ ਇਸ ਨਾਲ ਲੋਕਾਂ ਦੀ ਹਮਦਰਦੀ ਜੋੜੀ। ਹਰ ਪਲ਼ ਦੁਸ਼ਵਾਰੀਆਂ ਨਾਲ ਸਿੱਝਦਿਆਂ ਲੋਕਾਂ ਦੀ ਜ਼ਿੰਦਗੀ ਦੀ ਡਾਇਰੀ ’ਤੇ ਇਨਕਲਾਬੀ ਸਤਰਾਂ ਉੱਕਰੀਆਂ ਜਾਣ ਲੱਗੀਆਂ।
ਪੁਸਤਕ ਵਿੱਚ ਦਰਜ ਦੇਸ਼ ਭਰ ਅੰਦਰ ਲੱਗੇ ਮੋਰਚਿਆਂ ’ਤੇ ਜਾ ਕੇ ਕੀਤੀਆਂ ਢੇਰਾਂ ਮੁਲਾਕਾਤਾਂ ਦਰਸਾਉਂਦੀਆਂ ਹਨ ਕਿ ਇਸ ਨਵੀਂ ਸਮਾਜਿਕ ਕ੍ਰਾਂਤੀ ਦੇ ਲਿਖੇ ਜਾ ਰਹੇ ਨਵੇਂ ਸਫ਼ਿਆਂ ਦੇ ਰਚਣਹਾਰ ਲੋਕ ਵਿਸ਼ੇਸ਼ ਕਰਕੇ ਔਰਤਾਂ ਹਨ। ਲੋਕਾਈ ਅੰਦਰ ਉੱਠੀ ਚੇਤਨਾ ਦੀ ਇਹ ਤਰੰਗ ਜ਼ਿੰਦਗੀ ਦੇ ਹਰ ਕੋਨੇ ਨੂੰ ਰੌਸ਼ਨ ਕਰਦੀ ਹੈ। ਕਿਤਾਬ ਵਿੱਚ ਸੌ ਤੋਂ ਇੱਕ ਸੌ ਪੰਜ ਸਾਲ ਦੀਆਂ ਦਾਦੀਆਂ ਨਾਨੀਆਂ ਤੋਂ ਲੈ ਕੇ ਪ੍ਰੋਫ਼ੈਸਰ ਔਰਤਾਂ, ਮੁਟਿਆਰਾਂ ਅਤੇ ਮੁਹੱਲਿਆਂ ਦੇ ਵਾਸੀਆਂ ਦੇ ਬਿਆਨ ਕਲਮਬੰਦ ਕੀਤੇ ਗਏ ਹਨ। 105 ਸਾਲਾ ਹਮੀਦੁਲ ਨਿਸ਼ਾ ਲਖਨਊ (ਉੱਤਰ ਪ੍ਰਦੇਸ਼) ਦਾ ਕਹਿਣਾ ਹੈ: ‘‘ਉਮਰ ਭਾਵੇਂ ਬਹੁਤ ਹੋ ਗਈ ਪਰ ਇਸਦਾ ਮਤਲਬ ਇਹ ਹਰਗਿਜ਼ ਨਹੀਂ ਕਿ ਮੇਰੇ ਵਰਗੀਆਂ ਨੂੰ ਜ਼ਿੰਦਗੀ ਨਾਲ ਮੁਹੱਬਤ ਹੀ ਭੁੱਲ ਗਈ। ਅਸੀਂ ਜਿਸ ਮਿੱਟੀ ਵਿੱਚ ਜਨਮ ਲਿਆ ਹੈ ਉਸ ਵਿੱਚ ਹੀ ਖ਼ਾਕ ਹੋਵਾਂਗੇ। ਇਸ ਵਤਨ ਦੀ ਮਿੱਟੀ ਹੀ ਸਾਡੀ ਨਾਗਰਿਕਤਾ ਦਾ ਪਹਿਚਾਣ- ਪੱਤਰ ਹੈ। ਜਿਹੜੇ ਵਤਨ ਦੇ ਝੂਠੇ ਦਾਅਵੇਦਾਰ ਨੇ ਉਨ੍ਹਾਂ ਦੇ ਮਨਸ਼ਿਆਂ ਨੂੰ ਨਾਕਾਮ ਕਰਨ ਲਈ ਸੂਝ-ਬੂਝ ਭਰਿਆ ਸੰਘਰਸ਼ ਹੀ ਸਾਡੀ ਜ਼ਿੰਦਗੀ ਦਾ ਭਵਿੱਖ ਹੈ।’’ ਸ਼ਾਹੀਨ ਬਾਗ਼ ਵਿੱਚ ਗੀਤਾਂ, ਕਵਿਤਾਵਾਂ, ਤਕਰੀਰਾਂ ਅਤੇ ਚਿੱਤਰਕਲਾ ਦਾ ਹੜ੍ਹ ਆ ਗਿਆ। ਔਰਤਾਂ ਦੇ ਅਜਿਹੇ ਗੀਤਾਂ ਨੇ ਲੋਕਾਂ ਦੇ ਮਨ ਜਿੱਤ ਲਏ।
ਮੈਂ ਬਾਗ਼ੀ ਹੂੰ, ਮੈਂ ਬਾਗ਼ੀ ਹੂੰ/ ਤੁਮ ਚਾਹੇ ਮੁਝ ਪਰ ਜ਼ੁਲਮ ਕਰੋ/ ਮੇਰੇ ਹਾਥੋਂ ਮੇਂ ਹੱਕ ਕਾ ਝੰਡਾ ਹੈ/ ਮੇਰੇ ਸਾਮਨੇ ਜ਼ੁਲਮ ਕਾ ਫੰਦਾ ਹੈ/ ਮੈਂ ਮਰਨੇ ਸੇ ਕਬ ਡਰਤੀ ਹੂੰ/ ਮੈਂ ਬਾਗ਼ੀ ਹੂੰ ਮੈਂ ਬਾਗ਼ੀ ਹੂੰ
ਹਕੂਮਤੀ ਕੂੜ ਪ੍ਰਚਾਰ ਦੇ ਗਰਦ-ਗ਼ੁਬਾਰ ਵਿੱਚ ਦਿੱਲੀ ਦੀਆਂ ਯੂਨੀਵਰਸਿਟੀਆਂ ਵਿੱਚੋਂ ਉੱਠੀਆਂ ਲਹਿਰਾਂ ਨੂੰ ਭਸਮ ਕਰਨ ਦੇ ਇਰਾਦੇ ਸ਼ਾਹੀਨ ਬਾਗ਼ ਵਰਗੀਆਂ ਧਰਤੀ ਦੀਆਂ ਕਰਵਟਾਂ ਨੇ ਧੂੜ ਵਿੱਚ ਮਿਲਾ ਦਿੱਤੇ।
ਤੁਮ ਲਗਾਓ ਹੱਥਕੜੀ/ ਤੁਮ ਚਲਾਓ ਲਾਠੀਆਂ/ ਅਬ ਮਨਾਓ ਖ਼ੈਰ ਤੁਮ/ ਨਿਕਲ਼ ਪੜੀ ਹੈਂ ਬੇਟੀਆਂ
ਨਾਗਰਿਕਤਾ ਦਾ ਪ੍ਰਮਾਣ-ਪੱਤਰ ਮੰਗਦੀ ਸਥਾਪਤੀ ਨੂੰ ਔਰਤਾਂ ਦੀ ਪਹਿਲਕਦਮੀ ਭਰੀ ਸਰਗਰਮੀ ਨੇ ਵੱਡੇ ਝਟਕੇ ਦਿੱਤੇ। ਇਸ ਪੁਸਤਕ ’ਤੇ ਪੜਚੋਲਵੀਂ ਨਜ਼ਰ ਮਾਰਦਿਆਂ ਸ਼ਾਹੀਨ ਬਾਗ਼ ਮੋਰਚੇ ਵਿਚਦੀ ਗੁਜ਼ਰਦਿਆਂ ਉਸ ਪਿੱਛੋਂ ਦਿੱਲੀ ਵਿੱਚ ਯੋਜਨਾਬੱਧ ਢੰਗ ਨਾਲ ਮੁਸਲਮਾਨ ਭਾਈਚਾਰੇ ’ਤੇ ਹੱਲਾ ਬੋਲਣ, ਕੌਮਾਂਤਰੀ ਪੱਧਰ ਦੀਆਂ ਮਹਿਲਾ ਪਹਿਲਵਾਨਾਂ ਦੀ ਆਬਰੂ ਨਾਲ ਖਿਲਵਾੜ ਦਾ ਮੁੱਦਾ ਉੱਠਣ ਵੇਲੇ ਦੀ ਸਰਗਰਮੀ, ਮਨੀਪੁਰ ਤੇ ਹਰਿਆਣਾ ਦੀਆਂ ਤਾਜ਼ਾ ਘਟਨਾਵਾਂ ਕਰਕੇ ਸੋਚਣ ਵਿਚਾਰਨ ਦੀ ਲੋੜ ਪੈਂਦੀ ਹੈ। ਇਸ ਸੰਦਰਭ ਵਿੱਚ ਪੁਸਤਕ ਦੀ ਸਾਰਥਿਕਤਾ ਅਤੇ ਮਹੱਤਤਾ ਹੋਰ ਵੀ ਵਧੇਰੇ ਹੈ।
‘ਹਮ ਕਾਗਜ਼ ਨਹੀਂ ਦਿਖਾਏਂਗੇ’ ਦਾ ਨਾਅਰਾ ਲੋਕ ਗੀਤ ਵਰਗਾ ਸਥਾਨ ਹਾਸਲ ਕਰ ਗਿਆ ਜਿਸ ਤੋਂ ਸਾਬਿਤ ਹੁੰਦਾ ਹੈ ਕਿ ਕਲਮ, ਕਲਾ, ਲੋਕ-ਸ਼ਕਤੀ ਅਤੇ ਲੋਕ-ਸੰਗਰਾਮ ਦੀ ਗਲਵੱਕੜੀ ਅਮੁੱਲੇ ਨਤੀਜੇ ਸਮਾਜ ਦੀ ਝੋਲੀ ਪਾਉਂਦੀ ਹੈ।
ਈ-ਮੇਲ: amolak1955@gmail.com